ਕੋਰੋਨਾ ਦੇ ਡਰ ਵਿਚਾਲੇ IPL ਮਾਲਕਾਂ ਦੀ ਹੋਈ ਟੈਲੀ ਕਾਨਫਰੰਸ ਮੀਟਿੰਗ, ਜਾਣੋ ਕੀ ਹੋਇਆ ਫੈਸਲਾ

03/17/2020 10:43:49 AM

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀਆਂ ਅੱਠ ਫ੍ਰੈਂਚਾਈਜ਼ੀ ਟੀਮਾਂ ਦੇ ਮਾਲਕਾਂ ਦੀ ਸੋਮਵਾਰ ਨੂੰ ਹੋਈ ਟੈਲੀ ਕਾਨਫਰੰਸ ਦੇ ਦੌਰਾਨ ਆਈ. ਪੀ. ਐੱਲ. ਦੇ ਆਯੋਜਨ ਸਬੰਧੀ ਕੋਈ ਫੈਸਲਾ ਨਹੀਂ ਕੀਤਾ ਗਿਆ ਕਿਉਂਕਿ ਦੇਸ਼ ਅਤੇ ਦੁਨੀਆ ਭਰ ’ਚ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਪਿਛਲੇ 48 ਘੰਟਿਆਂ ’ਚ ਕੋਈ ਬਦਲਾਅ ਨਹੀਂ ਆਇਆ ਹੈ।  ਆਈ. ਪੀ. ਐੱਲ.-2020 ਨੂੰ ਪਹਿਲਾਂ 29 ਮਾਰਚ ਨੂੰ ਸ਼ੁਰੂ ਹੋਣਾ ਸੀ ਪਰ ਹੁਣ ਇਸ ਨੂੰ 15 ਅਪ੍ਰੈਲ ਤਕ ਮੁਲਤਵੀ ਕਰ ਦਿੱਤਾ ਗਿਆ ਹੈ।

ਦਰਅਸਲ, ਇਕ ਆਈ. ਪੀ. ਐੱਲ. ਫ੍ਰੈਂਚਾਈਜ਼ੀ ਦੇ ਇਕ ਮਾਲਕ ਨੇ ਨਾਂ ਨਾ ਦੱਸਣ ਦੀ ਸ਼ਰਤ ’ਤੇ ਕਿਹਾ, ‘‘ਅੱਜ ਦੀ ਬੈਠਕ ’ਚ ਕੋਈ ਵੀ ਠੋਸ ਚਰਚਾ ਨਹੀਂ ਹੋਈ। ਪਿਛਲੇ 48 ਘੰਟਿਆਂ ’ਚ ਸਥਿਤੀ ’ਚ ਬਦਲਾਅ ਨਹੀਂ ਆਇਆ ਹੈ। ਇਸ ਲਈ ਆਈ. ਪੀ. ਐੱਲ. ਦੇ ਆਯੋਜਨ ਦੀ ਗੱਲ ਕਰਨਾ ਜਲਦਬਾਜ਼ੀ ਹੋਵੇਗੀ।’’ ਉਨ੍ਹਾਂ ਕਿਹਾ, ‘‘ਸਾਨੂੰ ਦੇਖੋ ਅਤੇ ਇੰਤਜ਼ਾਰ ਕਰੋ ਦੀ ਨੀਤੀ ਅਪਣਾਉਣੀ ਹੋਵੇਗੀ। ਅਸੀਂ ਹਾਲਾਤ ਦਾ ਜਾਇਜ਼ਾ ਲੈਣ ਲਈ ਹਫਤੇਵਾਰੀ ਆਧਾਰ ’’ਤੇ ਇਸ ਤਰ੍ਹਾਂ ਦੀਆਂ ਕਾਨਫਰੰਸ ਬੈਠਕ ਕਰਦੇ ਰਹਾਂਗੇ।’’

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਦੇ ਹਾਲਾਤ ਖਰਾਬ ਨਜ਼ਰ ਆ ਰਹੇ ਹਨ। ਭਾਰਤ ’ਚ ਕੋਵਿਡ-19 ਦੇ ਅਜੇ ਤਕ 114 ਮਾਮਲੇ ਦਰਜ ਕੀਤੇ ਗਏ ਹਨ ਜਦਕਿ ਦੋ ਦੀ ਮੌਤ ਹੋ ਗਈ ਹੈ। ਸਾਰੇ ਵਿਦੇਸ਼ੀ ਵੀਜ਼ਾ 15 ਅਪ੍ਰੈਲ ਤਕ ਰੋਕ ਦਿੱਤੇ ਗਏ ਹਨ ਜਦਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਪ੍ਰਧਾਨ ਸੌਰਵ ਗਾਂਗੁਲੀ ਨੇ ਛੋਟੇ ਆਈ. ਪੀ. ਐੱਲ. ਦੇ ਸੰਕੇਤ ਦਿੱਤੇ ਹਨ। 

ਇਹ ਵੀ ਪੜ੍ਹੋ : ਭਾਰਤ ਨੂੰ ਖੇਡ ਦੀ ਮਹਾਸ਼ਕਤੀ ਬਣਾਉਣ ਦਾ ਸੁਪਨਾ : ਰਿਜਿਜੂ

Tarsem Singh

This news is Content Editor Tarsem Singh