IPL 2020 ਦੀ ਨੀਲਾਮੀ ਲਈ ਜਾਣੋ ਕਿਸ ਟੀਮ ਦੇ ਕੋਲ ਬਚੇ ਹਨ ਕਿੰਨੇ ਰੁਪਏ, ਕੌਣ ਕਿੰਨੇ ਖਿਡਾਰੀ ਖਰੀਦ ਸਕਦੈ

12/14/2019 2:13:35 PM

ਨਵੀਂ ਦਿੱਲੀ : ਆਈ. ਪੀ. ਐੱਲ. 2020 ਲਈ 332 ਖਿਡਾਰੀਆਂ ਦੀ ਬੋਲੀ ਲਗਾਈ ਜਾਵੇਗੀ। ਨੀਲਾਮੀ ਦਾ ਆਯੋਜਨ 19 ਦਸੰਬਰ ਨੂੰ ਕੋਲਕਾਤਾ ਵਿਖੇ ਕੀਤਾ ਜਾਵੇਗਾ। ਸੀਜ਼ਨ 13 ਭਾਵ ਆਈ. ਪੀ. ਐੱਲ. 2020 ਲਈ ਦੁਨੀਆ ਭਰ ਤੋਂ ਕੁਲ 971 ਖਿਡਾਰੀਆਂ ਨੇ ਅਪਲਾਈ ਕੀਤਾ ਸੀ, ਜਿਸ ਤੋਂ ਬਾਅਦ ਸਾਰੇ ਫ੍ਰੈਂਚਾਈਜ਼ੀਆਂ ਨੂੰ ਸ਼ਾਰਟਲਿਸਟ ਕੀਤੇ ਗਏ ਖਿਡਾਰੀਆਂ ਦੀ ਸੂਚੀ ਸੌਂਪ ਦਿੱਤੀ ਗਈ ਹੈ। ਹਾਲਾਂਕਿ 332 ਖਿਡਾਰੀਆਂ ਵਿਚੋਂ ਸਾਰੀਆਂ ਟੀਮਾਂ ਨੂੰ ਮਿਲਾ ਕੇ ਸਿਰਫ 73 ਖਿਡਾਰੀਆਂ ਨੂੰ ਹੀ ਖਰੀਦਿਆ ਜਾ ਸਕਦਾ ਹੈ, ਜਿਸ ਵਿਚ 29 ਵਿਦੇਸ਼ੀ ਖਿਡਾਰੀ ਹੋ ਸਕਦੇ ਹਨ।

ਪੰਜਾਬ ਕੋਲ ਹੈ ਸਭ ਤੋਂ ਵੱਧ ਸੈਲਰੀ ਪਰਸ

ਦੱਸ ਦਈਏ ਕਿ ਖਿਡਾਰੀਆਂ ਨੂੰ ਖਰੀਦਣ ਲਈ ਸਾਰੇ ਫ੍ਰੈਂਚਾਈਜ਼ੀਆਂ ਵਿਚੋਂ ਕਿੰਗਜ਼ ਇਲੈਵਨ ਪੰਜਾਬ ਦੇ ਕੋਲ ਸੈਲਰੀ ਪਰਸ ਸਭ ਤੋਂ ਵੱਧ ਹੈ। ਪੰਜਾਬ ਦੇ ਕੋਲ ਨੀਲਾਮੀ ਲਈ 42.70 ਕਰੋੜ ਰੁਪਏ ਹਨ, ਜਦਕਿ ਇਹ ਟੀਮਾਂ ਖਿਡਾਰੀਆਂ ਨੂੰ ਖਰੀਦਣ ਵਿਚ 42.30 ਕਰੋੜ ਖਰਚ ਕਰ ਚੁੱਕੀਆਂ ਹਨ। ਇਸ ਸੀਜ਼ਨ ਲਈ ਟੀਮਾਂ ਨੇ 35 ਵਿਦੇਸ਼ੀ ਖਿਡਾਰੀਆਂ ਸਣੇ 127 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ। ਮੁੰਬਈ ਇੰਡੀਅਨਜ਼ ਸਭ ਤੋਂ ਵੱਧ ਰਕਮ ਖਰਚ ਕਰਨ ਦੇ ਮਾਮਲੇ ਵਿਚ ਪਹਿਲੇ ਸਥਾਨ 'ਤੇ ਹੈ। ਉਸ ਨੇ ਹੁਣ ਤਕ 71.95 ਕਰੋੜ ਰੁਪਏ ਖਰਚ ਕੀਤੇ ਹਨ। ਇਸ ਮਾਮਲੇ ਵਿਚ 70.40 ਕਰੋੜ ਰੁਪਏ ਦੇ ਨਾਲ ਚੇਨਈ ਦੂਜੇ ਨੰਬਰ 'ਤੇ ਹੈ। ਹੈਦਰਾਬਾਦ 68 ਕਰੋੜ ਦੇ ਨਾਲ ਤੀਜੇ ਨੰਬਰ 'ਤੇ ਹੈ। 2020 ਦੀ ਨੀਲਾਮੀ ਲਈ ਇਸ ਟੀਮ ਦੇ ਕੋਲ 17 ਕਰੋੜ ਖਰਚ ਕਰਨ ਲਈ ਹੋਣਗੇ। ਉੱਥੇ ਹੀ ਕੋਲਕਾਤਾ ਦੇ ਕੋਲ 35.65 ਕਰੋੜ, ਰਾਜਸਥਾਨ 28.90 ਕਰੋੜ, ਬੈਂਗਲੁਰੂ 27.90 ਕੋਰੜ ਰੁਪਏ, ਚੇਨਈ ਸੁਪਰ ਕਿੰਗਜ਼ 14.60 ਕਰੋੜ ਅਤੇ ਦਿੱਲੀ ਕੈਪੀਟਲਸ 27.85 ਕਰੋੜ ਰੁਪਏ ਹੋਣਗੇ।

ਕਿਹੜੀ ਟੀਮ ਕਿੰਨੇ ਖਿਡਾਰੀ ਖਰੀਦ ਸਕਦੀ ਹੈ

ਇਸ ਨੀਲਾਮੀ ਦੌਰਾਨ 4 ਟੀਮਾਂ ਅਜਿਹੀਆਂ ਹਨ, ਜੋ 10-10 ਖਿਡਾਰੀ ਖਰੀਦ ਸਕਦੀਆਂ ਹਨ। ਸਭ ਤੋਂ ਵੱਧ 12 ਖਾਲੀ ਜਗ੍ਹਾਵਾਂ ਰਾਇਲ ਚੈਲੰਜਰਜ਼ ਬੈਂਗਲੁਰੂ ਕੋਲ ਹਨ। ਇਸ ਵਿਚ 6 ਵਿਦੇਸ਼ੀ ਖਿਡਾਰੀ ਸ਼ਾਮਲ ਹਨ। ਇਸ ਤੋਂ ਬਾਅਦ ਦਿੱਲੀ ਦੇ ਕੋਲ 11 ਖਿਡਾਰੀਆਂ ਲਈ ਜਗ੍ਹਾ ਖਾਲੀ ਹੈ। ਉਹ 5 ਵਿਦੇਸ਼ੀ ਖਿਡਾਰੀਆਂ ਨੂੰ ਆਪਣੇ ਨਾਲ ਜੋੜ ਸਕਦੀ ਹੈ। ਕੋਲਕਾਤਾ 11, ਰਾਜਸਥਾਨ 11, ਪੰਜਾਬ 9, ਹੈਦਰਾਬਾਦ ਅਤੇ ਮੁੰਬਈ ਫ੍ਰੈਂਚਾਈਜ਼ੀ ਕੋਲ 7-7 ਜਗ੍ਹਾਵਾਂ ਖਾਲੀ ਹਨ।

ਹੈਦਰਾਬਾਦ ਨੇ ਸਭ ਤੋਂ ਘੱਟ 9 ਖਿਡਾਰੀਆਂ ਨੂੰ ਨੀਲਾਮੀ ਤੋਂ ਪਹਲਾਂ ਛੱਡਿਆ, ਜਦਕਿ ਬੈਂਗਲੁਰੂ ਨੇ ਸਭ ਤੋਂ ਵੱਧ 12 ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ। ਵੈਸੇ ਤਾਂ ਇਸ ਵਾਰ ਕਈ ਪ੍ਰਸਿੱਧ ਖਿਡਾਰੀਆਂ ਨੂੰ ਟੀਮਾਂ ਨੇ ਬਾਹਰ ਦਾ ਰਸਤਾ ਦਿਖਾਇਆ ਹੈ ਪਰ ਜ਼ਿਆਦਾ ਹੈਰਾਨ ਕਰਨ ਵਾਲੇ ਨਾਂ ਰਾਬਿਨ ਉਥੱਪਾ, ਯੁਵਰਾਜ ਸਿੰਘ, ਕ੍ਰਿਸ ਲਿਨ ਅਤੇ ਸ਼ਿਮਰੋਨ ਹੈਟਮਾਇਰ ਹਨ। 2019 ਵਿਚ ਰਾਬਿਨ ਉਥੱਪਾ ਨੇ ਕੋਲਕਾਤਾ ਲਈ 12 ਮੈਚ ਖੇਡੇ ਸੀ, ਜਿਸ ਵਿਚ ਉਹ ਇਕ ਹੀ ਅਰਧ ਸੈਂਕੜਾ ਲਾਉਣ 'ਚ ਸਫਲ ਹੋਇਆ ਸੀ। ਸਟ੍ਰਾਈਕ ਰੇਟ ਦੀ ਗੱਲ ਕਰੀਏ ਤਾਂ ਪਿਛਲੇ 5 ਸਾਲਾਂ ਵਿਚ ਸਭ ਤੋਂ ਘੱਟ 115.10 ਦਾ ਸੀ। ਇਸੇ ਕਾਰਨ ਇਸ ਸੀਜ਼ਨ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੇ ਉਸ 'ਤੇ ਭਰੋਸਾ ਨਹੀਂ ਦਿਖਾਇਆ।

ਵਿਦੇਸ਼ੀ ਖਿਡਾਰੀਆਂ ਵਿਚ ਵੱਡੇ ਨਾਂ
ਖਿਡਾਰੀ                ਟੀਮ                ਬੇਸ ਪ੍ਰਾਈਜ਼
ਕ੍ਰਿਸ ਲਿਨ          ਆਸਟਰੇਲੀਆ      2 ਕਰੋੜ
ਪੈਟ ਕਮਿੰਸ           ਆਸਟਰੇਲੀਆ      2 ਕਰੋੜ
ਗਲੈਨ ਮੈਕਸਵੈਲ    ਆਸਟਰੇਲੀਆ      2 ਕਰੋੜ
ਡੇਲ ਸਟੇਨ           ਦੱ. ਅਫਰੀਕਾ       2 ਕਰੋੜ
ਮਿਸ਼ੇਲ ਮਾਰਸ਼       ਆਸਟਰੇਲੀਆ      2 ਕਰੋੜ
ਜੋਸ਼ ਹੇਜ਼ਲਵੁੱਡ      ਆਸਟਰੇਲੀਆ      2 ਕਰੋੜ
ਐਂਜਲੋ ਮੈਥਿਊਜ਼     ਸ਼੍ਰੀਲੰਕਾ            2 ਕਰੋੜ

ਪ੍ਰਿਯਮ ਗਰਗ 'ਤੇ ਰਹੇਗੀ ਹਰ ਫ੍ਰੈਂਚਾਈਜ਼ੀ ਦੀ ਨਜ਼ਰ

ਜੇਕਰ ਕੁਝ ਨਵੇਂ ਭਾਰਤੀ ਅਨਕੈਪਡ ਖਿਡਾਰੀਆਂ ਦੀ ਗੱਲ ਕਰੀਏ ਜੋ ਇਸ ਸੀਜ਼ਨ ਵਿਚ ਖੇਡ ਸਕਦੇ ਹਨ ਤਾਂ ਉਨ੍ਹਾਂ ਵਿਚ ਪ੍ਰਿਯਮ ਗਰਗ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਹੈ। ਪ੍ਰਿਯਮ ਗਰਗ ਅੰਡਰ 19 ਵਰਲਡ ਕੱਪ ਟੀਮ ਦੇ ਖਿਡਾਰੀ ਹਨ ਅਤੇ ਉਸ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਹਰ ਫ੍ਰੈਂਚਾਈਜ਼ੀ ਦਾ ਧਿਆਨ ਆਪਣੇ ਵਲ ਖਿੱਚਿਆ ਹੈ। ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਇਸ ਖਿਡਾਰੀ ਦਾ ਬੇਸ ਪ੍ਰਾਈਜ਼ 20 ਲੱਖ ਰੁਪਏ ਹੈ। ਪ੍ਰਿਯਮ ਤੋਂ ਇਲਾਵਾ ਅੰਡਰ 19 ਭਾਰਤੀ ਟੀਮ ਦੇ ਖਿਡਾਰੀ ਯਸ਼ਸਵੀ (ਮੁੰਬਈ), ਕਾਰਤਿਕ ਤਿਆਗੀ (ਉੱਤਰ ਪ੍ਰਦੇਸ਼), ਰਵੀ ਬਿਸ਼ਨੋਈ (ਰਾਜਸਥਾਨ), ਸ਼ਭਾਂਗ ਹੇਗਡੇ (ਕਰਨਾਟਕ) ਵੀ ਆਈ. ਪੀ. ਐੱਲ. ਦੇ ਇਸ ਸੀਜ਼ਨ ਵਿਚ ਖੇਡ ਸਕਦੇ ਹਨ। ਇਨ੍ਹਾਂ ਸਾਰੇ ਖਿਡਾਰੀਆਂ ਦਾ ਬੇਸ ਪ੍ਰਾਈਜ਼ 20 ਲੱਖ ਰੁਪਏ ਹੈ।

ਆਈ. ਪੀ. ਐੱਲ. ਦੇ 'ਓਲਡ ਇਜ਼ ਗੋਲਡ' ਮੰਨੇ ਜਾਣ ਵਾਲੇ ਖਿਡਾਰੀ

ਇਸ ਸੂਚੀ ਵਿਚ ਕੋਲਕਾਤਾ ਟੀਮ ਵੱਲੋਂ ਖੇਡ ਚੁੱਕੇ ਰਾਬਿਨ ਉਥੱਪਾ ਦਾ ਨਾਂ ਸਭ ਤੋਂ ਪਹਿਲਾ ਲਿਆ ਜਾਂਦਾ ਹੈ। ਰਾਬਿਨ ਉਥੱਪਾ ਦਾ ਬੇਸ ਪ੍ਰਾਈਜ਼ ਭਾਰਤੀ ਖਿਡਾਰੀਆਂ ਵਿਚੋਂ ਸਭ ਤੋਂ ਵੱਧ 1.5 ਕਰੋੜ ਰੁਪਏ ਹੈ। ਕੋਲਕਾਤਾ ਨੇ ਆਪਣੇ ਇਸ ਧਾਕੜ ਖਿਡਾਰੀਆਂ ਨੂੰ ਰਿਲੀਜ਼ ਕਰ ਦਿੱਤਾ ਹੈ। ਇਸ ਤੋਂ ਬਾਅਦ ਕ੍ਰਿਸ ਮੌਰਿਸ, ਈਵਨ ਲੁਈਸ, ਸੈਮ ਕੁਰੇਨ, ਯੂਸਫ ਪਠਾਨ, ਪਿਊਸ਼ ਚਾਵਲਾ, ਉਨਾਦਕਤ, ਡੇਵਿਡ ਮਿਲਰ, ਸਟੁਅਰਟ ਬਿੰਨੀ ਅਤੇ ਹੈਟਮਾਇਰ ਹਨ, ਜੋ ਕਾਫੀ ਸਮੇਂ ਤੋਂ ਆਈ. ਪੀ. ਐੱਲ. ਵਿਚ ਖੇਡ ਰਹੇ ਹਨ।