IPL 2019 : ਦਿੱਲੀ ਕੈਪੀਟਲਸ ਨੇ ਹੈਦਰਾਬਾਦ ਨੂੰ 2 ਵਿਕਟਾਂ ਨਾਲ ਹਰਾਇਆ

05/08/2019 11:22:52 PM

ਵਿਸ਼ਾਖਾਪਟਨਮ- ਓਪਨਰ ਪ੍ਰਿਥਵੀ ਸ਼ਾਹ (56) ਦੇ ਸ਼ਾਨਦਾਰ ਅਰਧ ਸੈਂਕੜੇ ਤੋਂ ਬਾਅਦ ਵਿਕਟਕੀਪਰ ਰਿਸ਼ਭ ਪੰਤ ਦੀਆਂ ਧਮਾਕੇਦਾਰ 49 ਦੌੜਾਂ ਨਾਲ ਦਿੱਲੀ ਕੈਪੀਟਲਸ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਆਈ. ਪੀ. ਐੱਲ.-12 ਦੇ ਐਲਿਮੀਨੇਟਰ ਵਿਚ ਬੇਹੱਦ ਰੋਮਾਂਚਕ ਮੁਕਾਬਲੇ ਵਿਚ 2 ਵਿਕਟਾਂ ਨਾਲ ਹਰਾ ਕਰ ਕੇ ਟੂਰਨਾਮੈਂਟ ਦੇ ਦੂਸਰੇ ਕੁਆਲੀਫਾਇਰ ਵਿਚ ਜਗ੍ਹਾ ਬਣਾ ਲਈ। ਹੁਣ ਉਸ ਦਾ ਮੁਕਾਬਲਾ 10 ਮਈ ਨੂੰ ਇਸੇ ਮੈਦਾਨ 'ਤੇ ਸਾਬਕਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨਾਲ ਹੋਵੇਗਾ।
ਸਨਰਾਈਜ਼ਰਜ਼ ਹੈਦਰਾਬਾਦ ਨੇ 8 ਵਿਕਟਾਂ 'ਤੇ 162 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਦਿੱਲੀ ਨੇ ਉਤਾਰ-ਚੜ੍ਹਾਅ 'ਚੋਂ ਲੰਘਦੇ ਹੋਏ 19.5 ਓਵਰਾਂ ਵਿਚ 8 ਵਿਕਟਾਂ 'ਤੇ 165 ਦੌੜਾਂ ਬਣਾ ਕੇ ਪਹਿਲੀ ਵਾਰ ਪਲੇਅ ਆਫ ਵਿਚ ਜਿੱਤ ਹਾਸਲ ਕੀਤੀ। ਪੰਤ ਨੇ 21 ਗੇਂਦਾਂ 'ਤੇ 49 ਦੌੜਾਂ ਵਿਚ 2 ਚੌਕੇ ਅਤੇ 5 ਛੱਕੇ ਲਾਏ। ਕੀਮੋ ਪੌਲ ਨੇ ਜੇਤੂ ਚੌਕਾ ਮਾਰਿਆ। ਦਿੱਲੀ ਅਤੇ ਚੇਨਈ ਵਿਚਾਲੇ ਦੂਸਰੇ ਕੁਆਲੀਫਾਇਰ ਦੀ ਜੇਤੂ ਟੀਮ 12 ਮਈ ਨੂੰ ਫਾਈਨਲ ਵਿਚ ਮੁੰਬਈ ਇੰਡੀਅਨਜ਼ ਨਾਲ ਭਿੜੇਗੀ।

ਦਿੱਲੀ ਨੂੰ ਆਖਰੀ 2 ਓਵਰਾਂ ਵਿਚ ਜਿੱਤ ਲਈ 12 ਦੌੜਾਂ ਦੀ ਜ਼ਰੂਰਤ ਸੀ। ਰਦਰਫੋਰਡ (09) ਹਾਲਾਂਕਿ ਭੁਵਨੇਸ਼ਵਰ ਦੀ ਗੇਂਦ 'ਤੇ ਨਬੀ ਨੂੰ ਕੈਚ ਦੇ ਬੈਠਾ। ਪੰਤ ਨੇ ਭੁਵਨੇਸ਼ਵਰ ਨੂੰ ਛੱਕਾ ਮਾਰਿਆ ਪਰ ਉਹ ਇਸੇ ਓਵਰ ਵਿਚ ਨਬੀ ਨੂੰ ਕੈਚ ਦੇ ਬੈਠਾ। ਆਖਰੀ ਓਵਰ ਵਿਚ ਦਿੱਲੀ ਨੂੰ ਜਿੱਤ ਲਈ 5 ਦੌੜਾਂ ਚਾਹੀਦੀਆਂ ਸਨ। ਟੀਮ ਨੇ 3 ਗੇਂਦਾਂ 'ਤੇ 3 ਦੌੜਾਂ ਬਣਾਈਆਂ ਪਰ ਅਮਿਤ ਮਿਸ਼ਰਾ (01) ਫੀਲਡਿੰਗ ਵਿਚ ਅੜਿੱਕਾ ਪਾਉਣ 'ਤੇ ਰਨ ਆਊਟ ਕਰਾਰ ਦਿੱਤਾ ਗਿਆ। ਦਿੱਲੀ ਨੂੰ ਆਖਰੀ 2 ਗੇਂਦਾਂ ਵਿਚ 2 ਦੌੜਾਂ ਦੀ ਜ਼ਰੂਰਤ ਸੀ। ਕੀਮੋ ਪੌਲ (ਅਜੇਤੂ 05) ਨੇ ਖਲੀਲ ਨੂੰ ਚੌਕਾ ਜੜ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ।

ਟੀਮਾਂ:
ਦਿੱਲੀ ਦੀ ਕੈਪੀਟਲਸ 
: ਪ੍ਰਿਥਵੀ ਸ਼ਾਹ, ਸ਼ਿਖਰ ਧਵਨ, ਕੋਲਿਨ ਮੁਨਰੋ, ਸ਼ਰੇਅਸ ਅਇਅਰ (ਕਪਤਾਨ), ਰਿਸ਼ਭ ਪੰਤ, ਸ਼ੇਰਫ਼ੇਨ ਰਦਰਫੋਰਡ, ਅਕਸ਼ਰ ਪਟੇਲ, ਕੀਮੋ ਪਾਲ, ਅਮਿਤ ਮਿਸ਼ਰਾ, ਇਸ਼ਾਂਤ ਸ਼ਰਮਾ, ਟਰੈਂਟ ਬੋਲਟ।
ਸਨਰਾਈਜ਼ਰਜ਼ ਹੈਦਰਾਬਾਦ : ਰਿਧੀਮਾਨ ਸਾਹਾ, ਮਾਰਟਿਨ ਗੁਪਟਿਲ, ਮਨੀਸ਼ ਪਾਂਡੇ, ਕੇਨ ਵਿਲੀਅਮਸਨ (ਕਪਤਾਨ), ਵਿਜੇ ਸ਼ੰਕਰ, ਮੁਹੰਮਦ ਨਬੀ, ਦੀਪਕ ਹੁੱਡਾ, ਰਾਸ਼ਿਦ ਖਾਨ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਬਾਸਿਲ ਥੰਪੀ।