IPL 2019 : ਦਿੱਲੀ ਨੂੰ 6 ਵਿਕਟਾਂ ਨਾਲ ਹਰਾ ਚੇਨਈ ਪਹੁੰਚਿਆ ਫਾਈਨਲ 'ਚ

05/10/2019 11:59:26 PM

ਵਿਸ਼ਾਖਾਪਟਨਮ- ਆਪਣੇ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਤੇ ਓਪਨਰਾਂ ਫਾਫ ਡੂ ਪਲੇਸਿਸ (50) ਤੇ ਸ਼ੇਨ ਵਾਟਸਨ(50) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਸਾਬਕਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੇ ਦਿੱਲੀ ਕੈਪੀਟਲਸ ਦਾ ਪਹਿਲੀ ਵਾਰ ਫਾਈਨਲ ਵਿਚ ਪਹੁੰਚਣ ਦਾ ਸੁਪਨਾ ਸ਼ੁੱਕਰਵਾਰ ਨੂੰ 6 ਵਿਕਟਾਂ ਨਾਲ ਜਿੱਤ ਕੇ ਤੋੜਦੇ ਹੋਏ ਰਿਕਾਰਡ 8ਵੀਂ ਵਾਰ  ਆਈ. ਪੀ. ਐੱਲ. ਦੇ ਖਿਤਾਬੀ ਮੁਕਾਬਲੇ ਵਿਚ ਪ੍ਰਵੇਸ਼ ਕਰ ਲਿਆ, ਜਿੱਥੇ 12 ਮਈ ਨੂੰ ਉਸਦਾ ਮੁਕਾਬਲਾ ਪੁਰਾਣੇ ਵਿਰੋਧੀ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। 
ਚੇਨਈ ਨੇ ਦੀਪਕ ਚਾਹਰ, ਹਰਭਜਨ ਸਿੰਘ, ਰਵਿੰਦਰ ਜਡੇਜਾ ਤੇ ਡਵੇਨ ਬ੍ਰਾਵੋ ਦੀਆਂ 2-2 ਵਿਕਟਾਂ ਦੀ ਬਦੌਲਤ ਦਿੱਲੀ ਨੂੰ ਆਈ. ਪੀ.ਐੱਲ.-12 ਦੇ ਦੂਜੇ ਕੁਆਲੀਫਾਇਰ ਵਿਚ 20 ਓਵਰਾਂ 'ਤੇ 9 ਵਿਕਟਾਂ 'ਤੇ 147 ਦੌੜਾਂ 'ਤੇ ਰੋਕ ਦਿੱਤਾ ਸੀ ਤੇ ਫਿਰ ਪਲੇਸਿਸ ਤੇ ਵਾਟਸਨ ਦੇ ਅਰਧ ਸੈਂਕੜਿਆਂ ਦੀ ਬਦੌਲਤ ਮੁਕਾਬਲਾ 19 ਓਵਰਾਂ ਵਿਚ  4 ਵਿਕਟਾਂ 'ਤੇ 151 ਦੌੜਾਂ ਬਣਾ ਕੇ ਜਿੱਤ ਲਿਆ। 3 ਵਾਰ ਦੀ ਚੈਂਪੀਅਨ ਰਹਿ ਚੁੱਕੀ ਚੇਨਈ ਦੀ ਟੀਮ 8ਵੀਂ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚੀ ਹੈ। ਚੇਨਈ ਨੇ ਇਸ ਤੋਂ ਪਹਿਲਾਂ 2008, 2010, 2011, 2012, 2013, 2015 ਤੇ 2018 ਦੇ ਫਾਈਨਲ ਵਿਚ ਜਗ੍ਹਾ ਬਣਾਈ ਸੀ ਤੇ ਉਸ ਨੇ 2010, 2011 ਤੇ 2018 ਵਿਚ ਖਿਤਾਬ ਜਿੱਤਿਆ ਸੀ। 

 
ਇਸ ਤੋਂ ਪਹਿਲਾਂ ਦਿੱਲੀ ਨੇ ਟਾਸ ਹਾਰ ਜਾਣ ਤੋਂ ਬਾਅਦ ਚੰਗੀ ਸ਼ੁਰੂਆਤ ਨਹੀਂ ਕੀਤੀ ਤੇ ਨੌਜਵਾਨ ਓਪਨਰ ਪ੍ਰਿਥਵੀ ਸ਼ਾਹ 6 ਗੇਂਦਾਂ  ਵਿਚ 5 ਦੌੜਾਂ ਬਣਾਉਣ ਤੋਂ ਬਾਅਦ ਦੀਪਕ ਚਾਹਰ ਦੀ ਗੇਂਦ 'ਤੇ ਐੱਲ. ਬੀ. ਡਬਲਯੂ. ਹੋ ਗਿਆ। ਦਿੱਲੀ ਦੀ ਪਹਿਲੀ ਵਿਕਟ ਤੀਜੇ ਓਵਰ ਵਿਚ 21 ਦੇ ਸਕੋਰ 'ਤੇ ਡਿੱਗੀ।
ਟੂਰਨਾਮੈਂਟ ਵਿਚ 500 ਦੌੜਾਂ ਪੂਰੀਆਂ ਕਰ ਚੁੱਕਾ ਖੱਬੇ ਹੱਥ ਦਾ ਓਪਨਰ ਸ਼ਿਖਰ ਧਵਨ 14 ਗੇਂਦਾਂ 'ਤੇ 3 ਚੌਕਿਆਂ ਦੀ ਮਦਦ ਨਾਲ 18 ਦੌੜਾਂ ਬਣਾਉਣ ਤੋਂ ਬਾਅਦ ਦਿੱਲੀ ਦਾ ਸਾਥ ਛੱਡ ਗਿਆ। ਆਫ ਸਪਿਨਰ ਹਰਭਜਨ ਸਿੰਘ ਦੀ ਗੇਂਦ 'ਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਸ਼ਿਖਰ ਦਾ ਕੈਚ ਫੜਿਆ। ਸ਼ਿਖਰ ਦੀ ਵਿਕਟ 37 ਦੇ ਸਕੋਰ 'ਤੇ ਡਿੱਗੀ।
ਕੌਲਿਨ ਮੁਨਰੋ ਨੇ 24 ਗੇਂਦਾਂ 'ਤੇ 4 ਚੌਕਿਆਂ ਦੇ ਸਹਾਰੇ 27 ਦੌੜਾਂ ਬਣਾਈਆਂ। ਲੈਫਟ ਆਰਮ ਸਪਿਨਰ ਰਵਿੰਦਰ ਜਡੇਜਾ ਨੇ ਮੁਨਰੋ ਨੂੰ ਡਵੇਨ ਬ੍ਰਾਵੋ ਹੱਥੋਂ ਕੈਚ ਕਰਵਾਇਆ। ਦਿੱਲੀ ਦੀ ਤੀਜੀ ਵਿਕਟ 57 ਦੇ ਸਕੋਰ 'ਤੇ ਡਿੱਗੀ। ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ ਦਾ ਸ਼ਿਕਾਰ ਲੈੱਗ ਸਪਿਨਰ ਇਮਰਾਨ ਤਾਹਿਰ  ਨੇ ਕੀਤਾ। ਅਈਅਰ ਦਾ ਕੈਚ ਸੁਰੇਸ਼ ਰੈਨਾ ਨੇ ਫੜਿਆ। ਅਈਅਰ ਨੇ 18 ਗੇਂਦਾਂ 'ਤੇ 13 ਦੌੜਾਂ ਬਣਾਈਆਂ।  
ਅਕਸ਼ਰ ਪਟੇਲ 3 ਦੌੜਾਂ ਬਣਾਉਣ ਤੋਂ ਬਾਅਦ ਬ੍ਰਾਵੋ ਦੀ ਗੇਂਦ 'ਤੇ ਤਾਹਿਰ ਨੂੰ ਕੈਚ ਦੇ ਬੈਠਾ। ਸ਼ੇਰਫੇਨ ਰੁਦਰਫੋਰਡ ਨੇ 16ਵੇਂ ਓਵਰ ਵਿਚ ਹਰਭਜਨ 'ਤੇ ਛੱਕਾ ਮਾਰਿਆ ਪਰ ਇਸੇ ਓਵਰ ਵਿਚ ਸ਼ੇਨ ਵਾਟਸਨ ਨੂੰ ਕੈਚ ਦੇ ਕੇ ਪੈਵੇਲੀਅਨ ਪਰਤ ਗਿਆ। ਹਰਭਜਨ ਨੇ ਇਸ ਵਿਕਟ ਦੇ ਨਾਲ ਹੀ ਆਈ. ਪੀ. ਐੱਲ. ਵਿਚ ਆਪਣੀਆਂ 150 ਵਿਕਟਾਂ ਪੂਰੀਆਂ ਕੀਤੀਆਂ। ਉਹ ਇਹ ਉਪਲੱਬਧੀ ਹਾਸਲ ਕਰਨ ਵਾਲਾ ਚੌਥਾ ਗੇਂਦਬਾਜ਼ ਬਣ ਗਿਆ।
ਇਨ੍ਹਾਂ ਵਿਕਟਾਂ ਦੇ ਡਿੱਗਣ ਵਿਚਾਲੇ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਵਿਕਟ 'ਤੇ ਡਟਿਆ ਰਿਹਾ ਤੇ ਦਿੱਲੀ ਦੇ ਸਕੋਰ ਨੂੰ ਅੱਗੇ ਵਧਾਉਂਦਾ ਰਿਹਾ। ਪੰਤ ਨੇ 17ਵੇਂ ਓਵਰ ਵਿਚ ਇਮਰਾਨ ਤਾਹਿਰ 'ਤੇ ਚੌਕਾ ਤੇ ਛੱਕਾ ਲਾਉਂਦਿਆਂ 14 ਦੌੜਾਂ ਬਣਾਈਆਂ ਪਰ ਅਗਲੇ ਓਵਰ ਵਿਚ ਬ੍ਰਾਵੋ ਨੇ ਕੀਮੋ ਪੌਲ ਨੂੰ ਆਊਟ ਕਰ ਦਿੱਤਾ।
ਦਿੱਲੀ ਦੀਆਂ ਸਾਰੀਆਂ ਉਮੀਦਾਂ ਹੁਣ ਪੰਤ 'ਤੇ ਟਿਕੀਆਂ ਹੋਈਆਂ ਸਨ ਕਿ ਉਹ ਟੀਮ ਨੂੰ ਇਕ ਲੜਨਯੋਗ ਸਕੋਰ ਤਕ ਪਹੁੰਚਾਵੇ ਪਰ 19ਵੇਂ ਓਵਰ ਵਿਚ ਦੀਪਕ ਦੀਆਂ ਪਹਿਲੀਆਂ 3 ਗੇਂਦਾਂ 'ਤੇ 2-2 ਦੌੜਾਂ ਲੈਣ ਤੋਂ ਬਾਅਦ ਉਹ ਚੌਥੀ ਗੇਂਦ 'ਤੇ ਬ੍ਰਾਵੋ ਨੂੰ ਕੈਚ ਦੇ ਬੈਠਾ। ਪੰਤ ਨੇ 25 ਗੇਂਦਾਂ 'ਤੇ 2 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 38 ਦੌੜਾਂ ਬਣਾਈਆਂ।
ਅਮਿਤ ਮਿਸ਼ਰਾ ਨੇ ਇਸੇ ਓਵਰ ਦੀ ਆਖਰੀ ਗੇਂਦ 'ਤੇ ਚੌਕਾ ਲਾਇਆ ਤੇ ਦਿੱਲੀ ਨੂੰ ਕੁਝ ਰਾਹਤ ਮਿਲੀ। ਟ੍ਰੇਂਟ ਬੋਲਟ ਨੇ ਆਖਰੀ ਓਵਰ ਵਿਚ ਜਡੇਜਾ ਦੀ ਦੂਜੀ ਗੇਂਦ 'ਤੇ ਛੱਕਾ ਲਾਇਆ ਪਰ ਅਗਲੀ ਗੇਂਦ 'ਤੇ ਉਹ ਬੋਲਡ ਹੋ ਗਿਆ। ਇਸ਼ਾਂਤ ਸ਼ਰਮਾ ਨੇ ਪੰਜਵੀਂ ਗੇਂਦ 'ਤੇ ਚੌਕਾ ਤੇ ਆਖਰੀ ਗੇਂਦ 'ਤੇ ਛੱਕਾ ਲਾ ਕੇ ਦਿੱਲੀ ਨੂੰ 147 ਦੌੜਾਂ ਦੇ ਚੁਣੌਤੀਪੂਰਨ ਸਕੋਰ ਤਕ ਪਹੁੰਚਾ ਦਿੱਤਾ। ਆਖਰੀ ਓਵਰ ਵਿਚ 16 ਦੌੜਾਂ ਬਣੀਆਂ।

Sunny Mehra

This news is Content Editor Sunny Mehra