IPL 2019 : ਅੱਜ ਫਾਈਨਲ ਲਈ ਆਖਰੀ ਮੌਕਾ

05/10/2019 4:42:31 AM

ਵਿਸ਼ਾਖਾਪਟਨਮ- ਆਈ. ਪੀ. ਐੱਲ. ਦੇ 12ਵੇਂ ਸੈਸ਼ਨ ਵਿਚ ਨਵੇਂ ਚਿਹਰਿਆਂ ਨਾਲ ਉੱਤਰੀ ਦਿੱਲੀ ਕੈਪੀਟਲਸ ਨੇ ਨਵੇਂ ਰੰਗ ਵੀ ਦਿਖਾਏ ਅਤੇ ਟੂਰਨਾਮੈਂਟ ਵਿਚ ਆਪਣਾ ਹੁਣ ਤਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦਿਆਂ ਦੂਜੇ ਕੁਆਲੀਫਾਇਰ ਵਿਚ ਪਹੁੰਚ ਗਈ। ਹਾਲਾਂਕਿ ਪਹਿਲੀ ਵਾਰ ਫਾਈਨਲ ਵਿਚ ਪਹੁੰਚਣ ਦੇ ਰਸਤੇ ਵਿਚ ਸ਼ੁੱਕਰਵਾਰ ਨੂੰ ਉਸ ਨੂੰ 3 ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਦੇ ਸਭ ਤੋਂ ਵੱਡੇ ਅੜਿੱਕੇ ਨੂੰ ਪਾਰ ਕਰਨਾ ਪਵੇਗਾ।
ਦਿੱਲੀ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਰੋਮਾਂਚਕ ਐਲਿਮੀਨੇਟਰ ਮੁਕਾਬਲੇ ਵਿਚ ਇਕ ਗੇਂਦ ਬਾਕੀ ਰਹਿੰਦਿਆਂ 2 ਵਿਕਟਾਂ ਨਾਲ ਹਰਾਇਆ ਸੀ, ਜਦਕਿ ਚੇਨਈ ਨੂੰ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਰਹਿਣ ਦਾ ਫਾਇਦਾ ਮਿਲਿਆ ਤੇ ਉਹ ਪਹਿਲੇ ਕੁਆਲੀਫਾਇਰ ਵਿਚ ਮੁੰਬਈ ਹੱਥੋਂ ਆਪਣੇ ਹੀ ਮੈਦਾਨ 'ਤੇ 6 ਵਿਕਟਾਂ ਨਾਲ ਹਾਰ ਜਾਣ ਤੋਂ ਬਾਅਦ ਹੁਣ ਕੁਆਲੀਫਾਇਰ-2 ਵਿਚ ਦੂਜੇ ਤੇ ਆਖਰੀ ਮੌਕੇ ਦਾ ਲਾਭ ਚੁੱਕਣ ਉੱਤਰੇਗੀ।
ਸਾਬਕਾ ਚੈਂਪੀਅਨ ਤੇ ਤਿੰਨ ਵਾਰ ਆਈ. ਪੀ. ਐੱਲ. ਦਾ ਖਿਤਾਬ ਜਿੱਤ ਚੁੱਕੀ ਚੇਨਈ ਨੂੰ 3 ਵਾਰ ਦੀ ਚੈਂਪੀਅਨ ਮੁੰਬਈ ਨੇ ਹਰਾਇਆ ਸੀ ਪਰ ਲੀਗ ਦੇ ਪਿਛਲੇ ਸੈਸ਼ਨ ਵਿਚ ਫਾਡੀ ਰਹੀ ਦਿੱਲੀ ਕੀ ਉਸ ਨੂੰ ਹਰਾਉਂਦੀ ਹੈ, ਇਸ 'ਤੇ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। 
ਚੇਨਈ ਮੁੰਬਈ ਹੱਥੋਂ ਹਾਰ ਕੇ ਸਿੱਧੇ ਫਾਈਨਲ ਦੀ ਟਿਕਟ ਹਾਸਲ ਕਰਨ ਤੋਂ ਖੁੰਝ ਗਈ ਸੀ, ਜਿਸ ਦੇ ਲਈ ਉਸਦੇ ਬੱਲੇਬਾਜ਼ ਜ਼ਿੰਮੇਵਾਰ ਰਹੇ। ਖੁਦ ਕਪਤਾਨ ਧੋਨੀ ਨੇ ਵੀ ਖਿਡਾਰੀਆਂ ਨੂੰ ਘਰੇਲੂ ਮੈਦਾਨ 'ਤੇ ਵੀ ਹਾਲਾਤ ਦੀ ਸਮਝ ਨਾ ਹੋਣ ਤੇ ਖਰਾਬ ਪ੍ਰਦਰਸ਼ਨ ਲਈ ਲਤਾੜਿਆ ਸੀ। ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਦਿੱਲੀ ਵਿਰੁੱਧ ਪਹਿਲਾਂ ਤੋਂ ਬਿਹਤਰ ਰਣਨੀਤੀ ਨਾਲ ਉੱਤਰੇਗੀ।
ਧੋਨੀ ਨੇ ਹਾਲਾਂਕਿ ਇਸ ਟੂਰਨਾਮੈਂਟ ਵਿਚ ਨਿਰੰਤਰ ਆਪਣੀ ਬੱਲੇਬਾਜ਼ੀ ਨਾਲ ਪ੍ਰਭਾਵਿਤ ਕੀਤਾ ਹੈ ਤੇ ਦੁਨੀਆ ਦੇ ਸਰਵਸ੍ਰੇਸ਼ਠ ਫਿਨਿਸ਼ਰ ਤੋਂ ਇਕ ਵਾਰ ਫਿਰ 'ਕਰੋ ਜਾਂ ਮਰੋ' ਦੇ ਮੁਕਾਬਲੇ ਵਿਚ ਇਸੇ ਭੂਮਿਕਾ ਦੀ ਉਮੀਦ ਹੋਵੇਗੀ। ਦਿੱਲੀ ਲਈ ਹੁਣ ਤਕ ਪ੍ਰਿਥਵੀ ਸ਼ਾਹ, ਸ਼ਿਖਰ ਧਵਨ, ਸ਼੍ਰੇਅਸ ਅਈਅਰ ਤੇ ਮੱਧਕ੍ਰਮ ਵਿਚ ਵਿਕਟਕੀਪਰ ਰਿਸ਼ਭ ਪੰਤ ਨੇ ਕਮਾਲ ਦੀ ਖੇਡ ਦਿਖਾਈ ਹੈ। ਹੈਦਰਾਬਾਦ ਵਿਰੁੱਧ ਪੰਤ ਦੀ 21 ਗੇਂਦਾਂ ਵਿਚ 2 ਚੌਕਿਆਂ ਤੇ 5 ਛੱਕਿਆਂ ਦੀ ਅਜੇਤੂ 49 ਦੌੜਾਂ ਦੀ 'ਮੈਨ ਆਫ ਦਿ ਮੈਚ' ਪਾਰੀ ਨੇ ਹੀ ਦਿੱਲੀ ਨੂੰ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਗੇਂਦਬਾਜ਼ਾਂ ਵਿਚ ਟੀਮ ਸਪਿਨਰ ਅਮਿਤ ਮਿਸ਼ਰਾ, ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਤੇ ਕੀਮੋ ਪੌਲ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਕਰੇਗੀ। ਪੌਲ ਪਿਛਲੇ ਮੈਚ ਵਿਚ ਤਿੰਨ ਵਿਕਟਾਂ ਨਾਲ ਸਭ ਤੋਂ ਸਫਲ ਗੇਂਦਬਾਜ਼ ਰਿਹਾ ਸੀ। 
ਦਿੱਲੀ ਨੇ 2012 'ਚ ਖੇਡਿਆ ਸੀ ਆਖਰੀ ਪਲੇਅ ਆਫ
ਲੀ ਨੇ ਸਾਲ 2012 ਵਿਚ ਆਖਰੀ ਵਾਰ ਪਲੇਅ ਆਫ ਮੁਕਾਬਲਾ ਖੇਡਿਆ ਸੀ ਪਰ ਉਸ ਤੋਂ ਬਾਅਦ ਉਹ ਅੰਕ ਸੂਚੀ ਦੇ ਆਖਰੀ ਸਥਾਨਾਂ 'ਤੇ ਹੀ ਰਹੀ ਹੈ। ਦਿੱਲੀ ਲੀਗ ਦੇ 12ਵੇਂ ਸੈਸ਼ਨ ਵਿਚ ਸੌਰਭ ਗਾਂਗੁਲੀ ਤੇ ਰਿਕੀ ਪੋਂਟਿੰਗ ਵਰਗੇ ਧਾਕੜ ਮੇਂਟਰਾਂ ਤੇ ਸ਼੍ਰੇਅਸ ਅਈਅਰ ਦੀ ਕਪਤਾਨੀ ਵਿਚ ਨਵੇਂ ਲੋਗੋ ਤੇ ਨਵੇਂ ਨਾਂ ਦੇ ਨਾਲ ਉੱਤਰੀ ਤੇ ਲੀਗ ਦੇ 14 ਮੈਚਾਂ ਵਿਚੋਂ 9 ਜਿੱਤ ਕੇ ਉਹ ਅੰਕ ਸੂਚੀ ਵਿਚ ਤੀਜੇ ਨੰਬਰ 'ਤੇ ਰਹੀ।
ਚੇਨਈ ਚੌਥੇ ਖਿਤਾਬ ਦੀ ਭਾਲ 'ਚ
ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਆਈ. ਪੀ. ਐੱਲ. ਦੀਆਂ ਸਭ ਤੋਂ ਸਫਲ ਟੀਮਾਂ ਵਿਚੋਂ ਹੈ, ਜਿਹੜੀ ਚੌਥੇ ਖਿਤਾਬ ਲਈ ਖੇਡ ਰਹੀ ਹੈ। ਲੀਗ ਵਿਚ ਦਿੱਲੀ ਤੋਂ ਬਿਹਤਰ ਰਨ ਰੇਟ ਕਾਰਨ ਉਹ ਦੂਜੇ ਨੰਬਰ 'ਤੇ ਰਹੀ ਸੀ। ਚੇਨਈ ਸਾਲ 2010, 2011 ਤੇ 2018 ਵਿਚ ਚੈਂਪੀਅਨ ਰਹਿ ਚੁੱਕੀ ਹੈ।

Gurdeep Singh

This news is Content Editor Gurdeep Singh