IPL 2019 : ਰਾਜਸਥਾਨ ਵਿਰੁੱਧ ਗੁਆਚੀ ਲੈਅ ਹਾਸਲ ਕਰਨ ਉਤਰੇਗੀ ਹੈਦਰਾਬਾਦ

03/29/2019 1:30:36 AM

ਹੈਦਰਾਬਾਦ- ਆਈ. ਪੀ. ਐੱਲ. ਦਾ ਆਪਣਾ ਓਪਨਿੰਗ ਮੈਚ ਸਖਤ ਟੱਕਰ ਦੇ ਬਾਵਜੂਦ ਗੁਆਉਣ ਵਾਲੀ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਸ਼ੁੱਕਰਵਾਰ ਨੂੰ ਇੱਥੇ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ ਵਿਚ ਰਾਜਸਥਾਨ ਰਾਇਲਜ਼ ਵਿਰੁੱਧ ਆਪਣੀ ਗੁਆਚੀ ਲੈਅ ਵਾਪਸ ਹਾਸਲ ਕਰਨ ਉਤਰੇਗੀ। ਹੈਦਰਾਬਾਦ ਨੇ ਆਪਣਾ ਪਹਿਲਾ ਮੈਚ ਕੋਲਕਾਤਾ ਤੋਂ 6 ਵਿਕਟਾਂ ਨਾਲ ਗੁਆਇਆ ਸੀ ਹਾਲਾਂਕਿ ਹਾਰ ਦੇ ਬਾਵਜੂਦ ਮੈਚ ਵਿਚ ਹੈਦਰਾਬਾਦ ਦਾ ਪ੍ਰਦਰਸ਼ਨ ਸਬਰਯੋਗ ਰਿਹਾ ਸੀ ਤੇ ਉਸ ਨੇ 3 ਵਿਕਟਾਂ 'ਤੇ 181 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ ਪਰ ਆਪਣੀ ਮਜ਼ਬੂਤ ਗੇਂਦਬਾਜ਼ੀ ਲਈ ਪ੍ਰਸਿੱਧ ਹੈਦਰਾਬਾਦ ਦਾ ਪ੍ਰਦਰਸ਼ਨ ਇਸ ਵਾਰ ਗੇਂਦਬਾਜ਼ੀ ਵਿਚ ਖਾਸ ਨਹੀਂ ਰਿਹਾ ਤੇ ਉਸਦੇ ਗੇਂਦਬਾਜ਼ ਵੱਡੇ ਸਕੋਰ ਦਾ ਵੀ ਬਚਾਅ ਨਹੀਂ ਕਰ ਸਕੇ। ਦੋਵੇਂ ਹੀ ਟੀਮਾਂ ਆਪਣੇ-ਆਪਣੇ ਓਪਨਿੰਗ ਮੈਚ ਹਾਰ ਜਾਣ ਤੋਂ ਬਾਅਦ ਪਟੜੀ 'ਤੇ ਪਰਤਣਾ ਚਾਹੁੰਦੀਆਂ ਹਨ। ਰਾਜਸਥਾਨ ਨੇ ਪਿਛਲਾ ਮੈਚ ਕਿੰਗਜ਼ ਇਲੈਵਨ ਪੰਜਾਬ ਤੋਂ ਨੇੜੇ ਦੇ ਫਰਕ 14 ਦੌੜਾਂ ਨਾਲ ਗੁਆਇਆ ਸੀ, ਜਿਸ ਵਿਚ ਟੀਮ ਨੂੰ ਜੋਸ ਬਟਲਰ ਦੇ ਮਾਂਕਡਿੰਗ ਰਨ ਆਊਟ ਦਾ ਖਮਿਆਜ਼ਾ ਭੁਗਤਣਾ ਪਿਆ ਸੀ। ਰਾਜਸਥਾਨ ਦੇ ਹੇਠਲੇ ਕ੍ਰਮ ਨੇ ਵੀ ਮੈਚ ਵਿਚ ਨਿਰਾਸ਼ ਕੀਤਾ, ਜਿਹੜਾ ਆਖਰੀ ਓਵਰਾਂ ਵਿਚ ਜ਼ਰੂਰੀ ਦੌੜਾਂ ਨਹੀਂ ਬਣਾ ਸਕਿਆ। ਹੈਦਰਾਬਾਦ ਤੇ ਰਾਜਸਥਾਨ ਲਈ ਸ਼ੁੱਕਰਵਾਰ ਨੂੰ ਮੈਚ ਵਿਚ ਆਪਣੀਆਂ ਗਲਤੀਆਂ ਸੁਧਾਰਨ ਦਾ ਮੌਕਾ ਵੀ ਰਹੇਗਾ। ਹਾਲਾਂਕਿ ਮੇਜ਼ਬਾਨ ਟੀਮ ਦੀ ਸਥਿਤੀ ਵੱਧ ਬਿਹਤਰ ਦਿਖਾਈ ਦੇ ਰਹੀ ਹੈ, ਜਿਸ ਕੋਲ ਘਰੇਲੂ ਹਾਲਾਤ ਦੇ ਨਾਲ ਮਜ਼ਬੂਤ ਬੱਲੇਬਾਜ਼ੀ ਤੇ ਗੇਂਦਬਾਜ਼ੀ ਕ੍ਰਮ ਹੈ। ਘਰੇਲੂ ਟੀਮ ਜਿੱਥੇ ਗੇਂਦਬਾਜ਼ੀ ਵਿਚ ਸੁਧਾਰ ਕਰਨਾ ਚਾਹੇਗੀ, ਉਥੇ ਹੀ ਰਾਜਸਥਾਨ ਆਪਣੀ ਬੱਲੇਬਾਜ਼ੀ ਵਿਚ ਸੁਧਾਰ 'ਤੇ ਧਿਆਨ ਦੇਵੇਗੀ। ਬਟਲਰ ਤੇ ਕਪਤਾਨ ਅਜਿੰਕਯ ਰਹਾਨੇ 'ਤੇ ਟੀਮ ਦੌੜਾਂ ਬਣਾਉਣ ਦੇ ਲਿਹਾਜ਼ ਨਾਲ ਜ਼ਿਆਦਾ ਨਿਰਭਰ ਦਿਸਦੀ ਹੈ, ਜਦਕਿ ਟੀਮ ਦੇ ਹੇਠਲੇ ਕ੍ਰਮ ਤੋਂ ਵੀ ਯੋਗਦਾਨ ਦੀ ਉਮੀਦ ਹੈ। ਟੀਮ ਲਈ ਬੱਲੇਬਾਜ਼ੀ ਤੇ ਗੇਂਦਬਾਜ਼ੀ ਵਿਚ ਪੂਰੀ ਤਰ੍ਹਾਂ ਸੰਤੁਲਨ ਬਿਠਾਉਣਾ ਪਵੇਗਾ।

Gurdeep Singh

This news is Content Editor Gurdeep Singh