IPL 2019 : ਹਰਭਜਨ ਨੇ ਦੱਸਿਆ ਵਾਟਸਨ ਦੇ ਰਨ ਆਊਟ ਹੋਣ ਦਾ ਕਾਰਨ

05/14/2019 12:20:37 AM

ਨਵੀਂ ਦਿੱਲੀ— ਆਈ. ਪੀ. ਐੱਲ. ਦੇ ਫਾਈਨਲ ਮੁਕਾਬਲੇ 'ਚ ਮੁੰਬਈ ਇੰਡੀਅਨਜ਼ ਨੇ ਚੇਨਈ ਸੁਪਰਕਿੰਗਜ਼ ਨੂੰ 1 ਦੌੜ ਨਾਲ ਹਰਾ ਦਿੱਤਾ। ਇਸ ਦੌਰਾਨ ਆਖਰੀ ਓਵਰ 'ਚ ਸ਼ੇਨ ਵਾਟਸਨ ਦੇ ਰਨ ਆਊਟ ਹੁੰਦੇ ਹੀ ਪੂਰੇ ਮੈਚ ਦਾ ਪਾਸਾ ਪਲਟ ਗਿਆ ਤੇ ਮੁੰਬਈ ਆਈ. ਪੀ. ਐੱਲ. ਚੈਂਪੀਅਨ ਬਣ ਗਿਆ। ਸ਼ੇਨ ਵਾਟਸਨ ਨੇ ਫਾਈਨਲ ਮੈਚ 'ਚ 59 ਗੇਂਦਾਂ 'ਚ 80 ਦੌੜਾਂ ਦੀ ਪਾਰੀ ਖੇਡੀ ਪਰ 20ਵੇਂ ਓਵਰ ਦੀ ਚੌਥੀ ਗੇਂਦ 'ਤੇ ਕਰੁਣਾਲ ਪੰਡਯਾ ਦੇ ਹੱਥੋਂ ਰਨ ਆਊਟ ਹੋ ਗਏ। ਦੋ ਦੌੜਾਂ ਦੇ ਚੱਕਰ 'ਚ ਵਾਟਸਨ ਨੇ ਤੇਜ਼ ਦੌੜ ਲਗਾਈ ਪਰ ਉਹ ਕ੍ਰੀਜ਼ ਤੱਕ ਨਹੀਂ ਪਹੁੰਚ ਸਕਿਆ।


ਵਾਟਸਨ ਦੇ ਆਊਟ ਹੋਣ ਦਾ ਰਾਜ
ਚੇਨਈ ਦੇ ਫਾਈਨਲ ਮੈਚ ਹਾਰਨ ਤੋਂ ਬਾਅਦ ਹੁਣ ਚੇਨਈ ਦੇ ਸੀਨੀਅਰ ਖਿਡਾਰੀ ਹਰਭਜਨ ਸਿੰਘ ਨੇ ਵਾਟਸਨ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਹਰਭਜਨ ਸਿੰਘ ਨੇ ਬਿਆਨ ਦਿੱਤਾ ਕਿ ਸ਼ੇਨ ਵਾਟਸਨ ਦੇ ਗੋਢੇ 'ਤੇ ਸੱਟ ਲੱਗੀ ਸੀ, ਵਾਟਸਨ ਦੇ ਗੋਢੇ ਤੋਂ ਖੂਨ ਵੀ ਨਿਕਲ ਰਿਹਾ ਸੀ ਪਰ ਵਾਟਸਨ ਨੇ ਇਹ ਗੱਲ ਟੀਮ ਦੇ ਕਿਸੇ ਵੀ ਖਿਡਾਰੀ ਨੂੰ ਨਹੀਂ ਦੱਸੀ ਤੇ ਉਹ ਬੱਲੇਬਾਜ਼ੀ ਕਰਦੇ ਰਹੇ। ਟੀਮ ਨੂੰ ਇਸ ਬਾਰੇ 'ਚ ਉਸ ਸਮੇਂ ਪਤਾ ਲੱਗਿਆ ਜਦੋਂ ਉਹ ਆਊਟ ਹੋ ਕੇ ਵਾਪਸ ਆ ਗਏ। ਮੈਚ ਤੋਂ ਬਾਅਦ ਵਾਟਸਨ ਦੇ ਗੋਢੇ 'ਤੇ 6 ਟਾਂਕੇ ਲੱਗੇ।


ਆਈ. ਪੀ. ਐੱਲ. 2019 'ਚ ਵਾਟਸਨ ਦਾ ਪ੍ਰਦਰਸ਼ਨ


ਪਿਛਲੇ ਆਈ. ਪੀ. ਐੱਲ. 'ਚ ਚੇਨਈ ਨੂੰ ਚੈਂਪੀਅਨ ਬਣਾਉਣ ਵਾਲੇ ਸ਼ੇਨ ਵਾਟਸਨ ਨੇ ਇਸ ਸੀਜ਼ਨ 'ਚ ਟੀਮ ਨੂੰ ਨਿਰਾਸ਼ ਕੀਤਾ। ਉਨ੍ਹਾਂ ਨੇ 17 ਮੈਚਾਂ 'ਚ ਸਿਰਫ 23.41 ਦੀ ਔਸਤ ਨਾਲ 398 ਦੌੜਾਂ ਬਣਾਈਆਂ। ਵਾਟਸਨ ਦੇ ਬੱਲੇ ਤੋਂ ਸਿਰਫ 3 ਅਰਧ ਸੈਂਕੜੇ ਲੱਗੇ, ਹਾਲਾਂਕਿ ਦਬਾਅ ਵਾਲੇ ਮੈਚਾਂ 'ਚ ਵਾਟਸਨ ਦਾ ਬੱਲਾ ਆਪਣੇ ਰੰਗ 'ਚ ਦਿਖਿਆ। ਵਾਟਸਨ ਨੇ ਦੂਸਰੇ ਕੁਆਲੀਫਾਇਰ ਮੁਕਾਬਲੇ 'ਚ ਦਿੱਲੀ ਵਿਰੁੱਧ ਅਰਧ ਸੈਂਕੜਾ ਲਗਾਇਆ ਤੇ ਆਪਣੀ ਟੀਮ ਨੂੰ ਫਾਈਨਲ ਤੱਕ ਪਹੁੰਚਾਇਆ। ਇਸ ਤੋਂ ਬਾਅਦ ਵਾਟਸਨ ਨੇ ਮੁੰਬਈ ਇੰਡੀਅਨਜ਼ ਵਿਰੁੱਧ ਫਾਈਨਲ 'ਚ ਵੀ ਅਰਧ ਸੈਂਕੜਾ ਲਗਾਇਆ ਪਰ ਆਪਣੀ ਟੀਮ ਨੂੰ ਲੱਗਭਗ ਜਿੱਤ ਦਿਵਾ ਹੀ ਦਿੱਤੀ ਸੀ ਕਿ ਪੈਰ 'ਤੇ ਸੱਟ ਲੱਗਣ ਕਾਰਨ ਉਹ ਰਨ ਆਊਟ ਹੋ ਗਏ ਤੇ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ।

Gurdeep Singh

This news is Content Editor Gurdeep Singh