IPL 2019 : ਹੈਦਰਾਬਾਦ ਖਿਲਾਫ ਦਿੱਲੀ ਨੂੰ ਗਲਤੀਆਂ ਤੋਂ ਬਚਣਾ ਪਵੇਗਾ

04/04/2019 12:12:57 AM

ਨਵੀਂ ਦਿੱਲੀ- ਦਿੱਲੀ ਕੈਪੀਟਲਸ ਆਪਣੇ ਘਰੇਲੂ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਵੀਰਵਾਰ ਨੂੰ ਜਦੋਂ ਮਜ਼ਬੂਤ ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ ਉਤਰੇਗੀ ਤਾਂ ਉਸ ਨੂੰ ਪਿਛਲੇ ਮੁਕਾਬਲੇ ਦੀਆਂ ਗਲਤੀਆਂ ਤੋਂ ਬਚਣਾ ਪਵੇਗਾ। ਹੈਦਰਾਬਾਦ ਦੀ ਟੀਮ ਹੁਣ ਤੱਕ 3 'ਚੋਂ 2 ਮੈਚ ਜਿੱਤ ਚੁੱਕੀ ਹੈ, ਜਦਕਿ ਦਿੱਲੀ ਨੇ 4 ਵਿਚੋਂ 2 ਮੈਚ ਗੁਆ ਦਿੱਤੇ ਹਨ। ਦਿੱਲੀ ਦੀ ਕਿੰਗਜ਼ ਇਲੈਵਨ ਪੰਜਾਬ ਖਿਲਾਫ ਮੋਹਾਲੀ ਵਿਚ ਆਪਣੇ ਪਿਛਲੇ ਮੈਚ 'ਚ ਹਾਰ ਕਾਫੀ ਚੁੱਭਣ ਵਾਲੀ ਰਹੀ ਸੀ। ਦਿੱਲੀ ਨੇ ਜਿੱਤ ਦੀ ਸਥਿਤੀ ਵਿਚ ਰਹਿਣ ਦੇ ਬਾਵਜੂਦ 17 ਗੇਂਦਾਂ ਦੇ ਫਰਕ ਵਿਚ ਸਿਰਫ 8 ਦੌੜਾਂ ਜੋੜ ਕੇ ਆਪਣੀਆਂ ਆਖਰੀ 7 ਵਿਕਟਾਂ ਗੁਆਈਆਂ ਸਨ। ਉਸ ਨੂੰ 14 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਹ ਮੈਚ ਦਿੱਲੀ ਨੇ ਖੁਦ ਆਪਣੀਆਂ ਗਲਤੀਆਂ ਨਾਲ ਗੁਆਇਆ ਸੀ। ਹੁਣ ਹੈਦਰਾਬਾਦ ਦੀ ਮਜ਼ਬੂਤ ਬੱਲੇਬਾਜ਼ੀ ਖਿਲਾਫ ਉਸ ਨੂੰ ਗਲਤੀਆਂ ਤੋਂ ਬਚਣਾ ਪਵੇਗਾ।
ਦਿੱਲੀ ਨੇ ਕੋਟਲਾ ਵਿਚ ਆਪਣੇ ਪਿਛਲੇ ਮੈਚ ਵਿਚ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਸੁਪਰ ਓਵਰ 'ਚ ਜਿੱਤ ਹਾਸਲ ਕੀਤੀ ਸੀ। ਉਸ ਮੈਚ 'ਚ ਦਿੱਲੀ ਆਖਰੀ ਓਵਰ ਵਿਚ ਜਿੱਤ ਲਈ 6 ਦੌੜਾਂ ਬਣਾ ਸਕੀ ਸੀ ਅਤੇ ਸਕੋਰ ਟਾਈ ਹੋ ਗਿਆ ਸੀ। ਇਹ ਤਾਂ ਭਲਾ ਹੋਵੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਦਾ, ਜਿਸ ਨੇ ਕਮਾਲ ਦਾ ਸੁਪਰ ਓਵਰ ਸੁੱਟ ਕੇ ਕੋਲਕਾਤਾ ਨੂੰ ਜਿੱਤ ਤੋਂ ਵਾਂਝੇ ਕਰ ਦਿੱਤਾ ਸੀ। ਮੋਹਾਲੀ ਵਿਚ ਹਾਰਨ ਤੋਂ ਬਾਅਦ ਦਿੱਲੀ ਦਾ ਕਪਤਾਨ ਸ਼੍ਰੇਅਸ ਅਈਅਰ ਕਾਫੀ ਨਿਰਾਸ਼ ਸੀ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਟੀਮ 3 ਵਿਕਟਾਂ 'ਤੇ 144 ਦੌੜਾਂ ਦੀ ਮਜ਼ਬੂਤ ਸਥਿਤੀ ਦੇ ਬਾਵਜੂਦ 152 ਦੌੜਾਂ 'ਤੇ ਢੇਰ ਕਿਵੇਂ ਹੋ ਗਈ। ਇਹ ਮੁਕਾਬਲਾ ਦਿੱਲੀ ਦੇ ਓਪਨਰ ਸ਼ਿਖਰ ਧਵਨ ਲਈ ਖਾਸ ਰਹੇਗਾ ਕਿਉਂਕਿ ਉਹ ਇਸ ਸੈਸ਼ਨ ਵਿਚ ਆਪਣੀ ਪੁਰਾਣੀ ਟੀਮ ਹੈਦਰਾਬਾਦ ਨੂੰ ਛੱਡ ਕੇ ਵਾਪਸ ਦਿੱਲੀ ਲਈ ਖੇਡ ਰਿਹਾ ਹੈ। ਸ਼ਿਖਰ ਨੇ ਇਸ ਆਈ. ਪੀ. ਐੱਲ. ਵਿਚ ਹੁਣ ਤੱਕ ਉਹ ਫਾਰਮ ਨਹੀਂ ਦਿਖਾਈ ਹੈ, ਜਿਸ ਲਈ ਉਹ ਜਾਣਿਆ ਜਾਂਦਾ ਹੈ।
ਟੀਮ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਆਪਣੀ ਭੂਮਿਕਾ ਨੂੰ ਸਮਝਣਾ ਪਵੇਗਾ। ਮਹਿੰਦਰ ਸਿੰਘ ਧੋਨੀ ਦੀ ਤਰ੍ਹਾਂ ਆਖਰੀ ਓਵਰ ਤੱਕ ਵਿਕਟ 'ਤੇ ਟਿਕੇ ਰਹਿਣ ਦੀ ਕੋਸ਼ਿਸ਼ ਕਰਨੀ ਹੋਵੇਗੀ ਤਾਂ ਹੀ ਉਹ ਟੀਮ ਨੂੰ ਮੈਚ ਜਿਤਾ ਸਕੇਗਾ। ਪੰਤ ਨੇ ਹੁਣ ਤੱਕ 2 ਮੈਚਾਂ ਵਿਚ ਇਸ ਤਰ੍ਹਾਂ ਦੇ ਹਾਲਾਤ ਵਿਚ ਆਪਣੀ ਵਿਕਟ ਗੁਆਈ ਹੈ, ਜਦੋਂ ਉਹ ਖੁਦ ਹੀ ਟੀਮ ਨੂੰ ਜਿੱਤ ਦੀ ਮੰਜ਼ਿਲ 'ਤੇ ਲਿਜਾ ਸਕਦਾ ਸੀ। ਹੈਦਰਾਬਾਦ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਪਿਛਲੇ ਮੁਕਾਬਲੇ ਵਿਚ ਉਸ ਦੇ ਖਤਰਨਾਕ ਓਪਨਰਾਂ ਜਾਨੀ ਬੇਅਰਸਟ੍ਰਾ ਨੇ 114 ਅਤੇ ਡੇਵਿਡ ਵਾਰਨਰ ਨੇ ਅਜੇਤੂ 100 ਦੌੜਾਂ ਠੋਕੀਆਂ ਸਨ। ਇਨ੍ਹਾਂ ਦੀ ਬਦੌਲਤ ਹੈਦਰਾਬਾਦ ਨੇ 231 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਲਿਆ ਸੀ। ਦਿੱਲੀ ਨੇ ਜੇਕਰ ਇਸ ਮੁਕਾਬਲੇ ਵਿਚ ਚੁਣੌਤੀ ਪੇਸ਼ ਕਰਨੀ ਹੈ ਤਾਂ ਉਸ ਦੇ ਗੇਂਦਬਾਜ਼ਾਂ ਨੂੰ ਖਾਸ ਤੌਰ 'ਤੇ ਵਾਰਨਰ ਨੂੰ ਰੋਕਣ ਦੀ ਰਣਨੀਤੀ ਬਣਾ ਲੈਣੀ ਹੋਵੇਗੀ, ਜੋ ਹੁਣ ਤੱਕ 3 ਮੈਚਾਂ ਵਿਚ 85, 69 ਅਤੇ ਅਜੇਤੂ 100 ਸਮੇਤ 254 ਦੌੜਾਂ ਬਣਾ ਚੁੱਕਾ ਹੈ।

Gurdeep Singh

This news is Content Editor Gurdeep Singh