IPL 2019 : ਚੋਟੀ ਦੇ ਸਥਾਨ ਲਈ ਭਿੜਨਗੇ ਚੇਨਈ ਤੇ ਦਿੱਲੀ

05/01/2019 12:25:09 AM

ਚੇਨਈ— ਇੰਡੀਅਨ ਪ੍ਰੀਮੀਅਰ ਲੀਗ ਦੇ ਪਲੇਅ ਆਫ ਵਿਚ ਪ੍ਰਵੇਸ਼ ਕਰ ਚੁੱਕੀ ਦਿੱਲੀ ਕੈਪੀਟਲਸ ਤੇ ਤਿੰਨ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਬੁੱਧਵਾਰ ਨੂੰ ਐੱਮ. ਏ. ਚਿਦਾਂਬਰਮ ਸਟੇਡੀਅਮ ਮੈਦਾਨ 'ਤੇ ਅੰਕ ਸੂਚੀ ਵਿਚ ਚੋਟੀ ਦਾ ਸਥਾਨ ਹਾਸਲ ਕਰਨ ਲਈ ਭਿੜਨਗੀਆਂ। ਚੇਨਈ ਤੇ ਦਿੱਲੀ ਦੀ ਲੜਾਈ ਲੀਗ ਵਿਚ ਚੋਟੀ ਦੇ ਸਥਾਨ ਲਈ ਹੈ ਕਿਉਂਕਿ ਚੋਟੀ 'ਤੇ ਰਹਿਣ ਵਾਲੀ ਟੀਮ ਨੂੰ ਆਪਣੇ ਇਕ ਖਰਾਬ ਦਿਨ 'ਤੇ ਪਲੇਅ ਆਫ ਵਿਚ ਦੂਜਾ ਮੌਕਾ ਵੀ ਮਿਲ ਸਕਦਾ ਹੈ। ਪਲੇਅ ਆਫ ਦੇ ਸਵਰੂਪ ਦੇ ਅਨੁਸਾਰ ਚੋਟੀ ਦੀਆਂ ਦੋ ਟੀਮਾਂ ਪਹਿਲਾ ਕੁਆਲੀਫਾਇਰ ਖੇਡਦੀਆਂ ਹਨ ਤੇ ਉਸ ਵਿਚੋਂ ਜਿੱਤਣ ਵਾਲੀ ਟੀਮ ਸਿੱਧੇ ਫਾਈਨਲ ਵਿਚ ਪਹੁੰਚ ਜਾਂਦੀ ਹੈ, ਜਦਕਿ ਹਾਰ ਜਾਣ ਵਾਲੀ ਟੀਮ ਤੀਜੇ ਤੇ ਚੌਥੇ ਸਥਾਨਾਂ ਦੀਆਂ ਟੀਮਾਂ ਵਿਚਾਲੇ ਐਲਿਮੀਨੇਟਰ ਦੀ ਜੇਤੂ ਟੀਮ ਨਾਲ ਦੂਜੇ ਕੁਆਲਫਾਈਰ ਵਿਚ ਭਿੜਦੀ ਹੈ। 
ਆਈ. ਪੀ. ਐੱਲ. ਦੇ 12ਵੇਂ ਸੈਸ਼ਨ ਵਿਚ ਨਵੇਂ ਨਾਂ ਤੇ ਲੋਗੋ ਨਾਲ ਉੱਤਰੀ ਦਿੱਲੀ ਕੈਪੀਟਲਸ  ਬਿਹਤਰੀਨ ਪ੍ਰਦਰਸ਼ਨ ਦੀ ਬਦੌਲਤ 12 ਮੈਚਾਂ ਵਿਚੋਂ 8 ਜਿੱਤਣ ਤੋਂ ਬਾਅਦ 16 ਅੰਕਾਂ ਨਾਲ ਚੋਟੀ ਦੇ ਸਥਾਨ 'ਤੇ ਹੈ, ਜਦਕਿ ਸਾਬਕਾ ਚੈਂਪੀਅਨ ਚੇਨਈ ਰਨ ਰੇਟ ਵਿਚ ਪਿਛੜ ਕੇ 16 ਅੰਕਾਂ ਨਾਲ ਦੂਜੇ ਨੰਬਰ 'ਤੇ ਹੈ। ਦੋਵੇਂ ਟੀਮਾਂ ਪਲੇਅ ਆਫ ਵਿਚ ਜਗ੍ਹਾ ਬਣਾ ਚੁੱਕੀਆਂ ਹਨ, ਇਸ ਲਈ  ਹੁਣ ਉਨ੍ਹਾਂ ਵਿਚਾਲੇ ਸੰਘਰਸ਼ ਸਿਰਫ ਚੋਟੀ ਦੇ ਸਥਾਨ ਨੂੰ ਲੈ ਕੇ ਹੈ, ਜਿਸ ਦਾ ਫਾਇਦਾ ਉਨ੍ਹਾਂ ਨੂੰ ਟੂਰਨਾਮੈਂਟ ਦੇ ਦੂਜੇ ਗੇੜ ਵਿਚ ਮਿਲੇਗਾ।
ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਦਿੱਲੀ ਪਿਛਲੇ ਮੈਚ ਵਿਚ ਆਪਣੇ ਘਰੇਲੂ ਕੋਟਲਾ ਮੈਦਾਨ 'ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਤੋਂ 16 ਦੌੜਾਂ ਨਾਲ ਜੇਤੂ ਰਹੀ ਸੀ ਤੇ ਉਸ ਦੀ ਕੋਸ਼ਿਸ਼ ਹੋਵੇਗੀ ਕਿ ਉਹ ਆਪਣੀ ਲੈਅ ਬਰਕਰਾਰ ਰੱਖਦੇ ਹੋਏ ਚੋਟੀ 'ਤੇ ਬਣੀ ਰਹੇ, ਜਦਕਿ ਚੇਨਈ ਨੇ ਪਿਛਲੇ ਮੈਚ ਵਿਚ ਮੁੰਬਈ ਇੰਡੀਅਨਜ਼ ਹੱਥੋਂ ਆਪਣੇ ਹੀ ਮੈਦਾਨ 'ਤੇ 46 ਦੌੜਾਂ ਨਾਲ ਹਾਰ ਝੱਲੀ ਸੀ ਤੇ ਉਹ ਪਟੜੀ 'ਤੇ ਪਰਤਣਾ ਚਾਹੇਗੀ।
ਚੇਨਈ ਨੂੰ ਪਿਛਲੇ ਮੈਚ ਵਿਚ ਮਹਿੰਦਰ ਸਿੰਘ ਧੋਨੀ ਦੀ ਤਬੀਅਤ ਖਰਾਬ ਹੋਣ ਕਾਰਨ ਉਸ ਦੀ ਗੈਰ-ਹਾਜ਼ਰੀ ਦਾ ਨੁਕਸਾਨ ਝੱਲਣਾ ਪਿਆ ਸੀ, ਜਿਸ ਕਾਰਨ ਟੀਮ ਮੈਚ ਗੁਆ ਬੈਠੀ ਸੀ। ਚੇਨਈ ਨੂੰ ਉਮੀਦ ਹੋਵੇਗੀ ਕਿ ਟੀਮ ਦਾ ਕਪਤਾਨ ਧੋਨੀ ਇਸ ਮੈਚ ਵਿਚ ਵਾਪਸੀ ਕਰ ਲਵੇ ਤੇ ਉਸ ਨੂੰ ਵਾਪਸ ਚੋਟੀ 'ਤੇ ਲੈ ਜਾਵੇ। ਧੋਨੀ ਆਪਣੀ ਟੀਮ ਦਾ ਟਾਪ ਸਕੋਰਰ ਹੈ ਤੇ ਉਸ ਨੇ ਹੁਣ ਤਕ 10 ਮੈਚਾਂ ਵਿਚ 104.66 ਦੀ ਔਸਤ ਨਾਲ 314 ਦੌੜਾਂ ਬਣਾਈਆਂ ਹਨ, ਜਿਸ ਵਿਚ ਤਿੰਨ ਅਰਧ ਸੈਂਕੜੇ ਵੀ ਸ਼ਾਮਲ ਹਨ। 
ਤਿੰਨ ਵਾਰ ਖਿਤਾਬ ਜਿੱਤ ਚੁੱਕੀ ਚੇਨਈ ਟੂਰਨਾਮੈਂਟ ਦੀਆਂ ਸਭ ਤੋਂ ਮਜ਼ਬੂਤ ਟੀਮਾਂ ਵਿਚੋਂ ਹੈ ਤੇ ਉਸ ਨੇ ਇਹ ਹਰ ਵਾਰ ਸਾਬਤ ਕੀਤਾ ਹੈ ਕਿਉਂਕਿ ਉਸ ਦੇ ਕੋਲ ਮਜ਼ਬੂਤ ਬੱਲੇਬਾਜ਼ੀ ਤੇ ਗੇਂਦਬਾਜ਼ੀ ਕ੍ਰਮ ਹੈ। ਆਲਰਾਊਂਡਰ ਸੁਰੇਸ਼ ਰੈਨਾ, ਅੰਬਾਤੀ ਰਾਇਡੂ, ਸ਼ੇਨ ਵਾਟਸਨ, ਕੇਦਾਰ ਜਾਧਵ ਟੀਮ ਦੇ ਅਹਿਮ ਬੱਲੇਬਾਜ਼ ਹਨ, ਜਦਕਿ ਇਮਰਾਨ ਤਾਹਿਰ ਤੇ ਦੀਪਕ ਚਾਹਰ ਦੇ ਰੂਪ ਵਿਚ ਚੇਨਈ ਕੋਲ ਪ੍ਰਤਿਭਾਸ਼ਾਲੀ ਗੇਂਦਬਾਜ਼ ਮੌਜੂਦ ਹਨ।
ਹਾਲਾਂਕਿ ਮੁੰਬਈ ਵਿਰੁੱਧ ਮੈਚ ਤੋਂ ਬਾਅਦ ਟੀਮ ਨੂੰ ਆਪਣੀ ਬੱਲੇਬਾਜ਼ੀ ਵਿਚ ਸੁਧਾਰ ਦੀ ਲੋੜ ਹੋਵੇਗੀ। ਪਿਛਲੇ ਮੈਚ ਵਿਚ ਸਿਰਫ ਮੁਰਲੀ ਵਿਜੇ ਨੇ 38 ਦੌੜਾਂ ਦੀ ਪਾਰੀ ਖੇਡੀ ਸੀ, ਜਦਕਿ ਚੇਨਈ ਦੇ ਬੱਲੇਬਾਜ਼ ਬੁਰੀ ਤਰ੍ਹਾਂ ਫਲਾਪ ਰਹੇ ਸਨ ਤੇ ਟੀਮ 109 ਦੌੜਾਂ 'ਤੇ ਢੇਰ ਹੋ ਗਈ ਸੀ। ਖਿਡਾਰੀਆਂ ਨੂੰ ਧੋਨੀ 'ਤੇ ਜ਼ਿਆਦਾ ਨਿਰਭਰਤਾ ਤੋਂ ਵੀ ਉੱਭਰਨਾ ਪਵੇਗਾ ਤਾਂ ਕਿ ਉਹ ਉਸ ਦੀ ਗੈਰ-ਹਾਜ਼ਰੀ ਵਿਚ ਵੀ ਬਿਹਤਰ ਖੇਡ ਸਕਣ।
ਦਿੱਲੀ ਬੱਲੇਬਾਜ਼ੀ ਤੇ ਗੇਂਦਬਾਜ਼ੀ 'ਚ ਸਭ ਤੋਂ ਸੰਤੁਲਿਤ ਟੀਮ 
ਦਿੱਲੀ ਬੱਲੇਬਾਜ਼ੀ ਤੇ ਗੇਂਦਬਾਜ਼ੀ ਵਿਚ ਫਿਲਹਾਲ ਟੂਰਨਾਮੈਂਟ ਦੀ ਸਭ ਤੋਂ ਸੰਤੁਲਿਤ ਟੀਮ ਹੈ। ਪ੍ਰਿਥਵੀ ਸ਼ਾਹ, ਸ਼ਿਖਰ ਧਵਨ, ਕਪਤਾਨ ਸ਼੍ਰੇਅਸ ਅਈਅਰ ਤੇ ਰਿਸ਼ਭ ਪੰਤ ਸਾਰੇ ਬੱਲੇਬਾਜ਼ੀ ਕ੍ਰਮ ਦੇ ਮਜ਼ਬੂਤ ਖਿਡਾਰੀ ਤੇ ਟਾਪ ਸਕੋਰਰ ਹਨ ਅਤੇ ਦੌੜਾਂ ਲਈ ਦਿੱਲੀ ਕਿਸੇ ਇਕ 'ਤੇ ਨਿਰਭਰ ਨਹੀਂ ਹੈ, ਇਹੀ ਕਾਰਨ ਹੈ ਕਿ ਦਿੱਲੀ 6 ਸਾਲ ਬਾਅਦ ਪਲੇਅ ਆਫ ਵਿਚ ਜਗ੍ਹਾ ਬਣਾਉਣ ਵਿਚ ਕਾਮਯਾਬ ਰਹੀ ਹੈ। ਉਸ ਨੇ ਆਪਣਾ ਆਖਰੀ ਪਲੇਅ ਆਫ 2012 ਵਿਚ ਖੇਡਿਆ ਸੀ।

Gurdeep Singh

This news is Content Editor Gurdeep Singh