IPL 2019 : ਪਲੇਅ ਆਫ ਦੀਆਂ ਉਮੀਦਾਂ ਬਰਕਰਾਰ ਰੱਖਣ ਉਤਰੇਗੀ ਬੈਂਗਲੁਰੂ

04/24/2019 3:18:22 AM

ਬੈਂਗਲੁਰੂ— ਆਈ. ਪੀ. ਐੱਲ. ਅੰਕ ਸੂਚੀ ਵਿਚ ਆਖਰੀ ਸਥਾਨ 'ਤੇ ਮੌਜੂਦ ਵਿਰਾਟ ਕੋਹਲੀ ਦੀ ਰਾਇਲ ਚੈਲੰਜਰਜ਼ ਬੈਂਗਲੁਰੂ ਬੁੱਧਵਾਰ ਨੂੰ ਆਪਣੇ ਘਰੇਲੂ ਮੈਦਾਨ 'ਤੇ ਕਿੰਗਜ਼ ਇਲੈਵਨ ਪੰਜਾਬ ਦੀ ਮੇਜ਼ਬਾਨੀ ਕਰਨ ਉਤਰੇਗੀ, ਜਿਥੇ ਉਸ ਦਾ ਇਕਲੌਤਾ ਟੀਚਾ ਪਲੇਅ ਆਫ ਦੀਆਂ ਆਖਰੀ ਉਮੀਦਾਂ ਨੂੰ ਬਰਕਰਾਰ ਰੱਖਣਾ ਹੋਵੇਗਾ। ਬੈਂਗਲੁਰੂ ਦਾ ਆਈ. ਪੀ. ਐੱਲ. ਦੇ 12ਵੇਂ ਸੈਸ਼ਨ ਵਿਚ ਵੀ ਬਾਕੀ ਸੈਸ਼ਨਾਂ ਦੀ ਤਰ੍ਹਾਂ ਹੀ ਹਾਲ ਰਿਹਾ ਹੈ ਤੇ ਉਹ ਅੰਕ ਸੂਚੀ ਵਿਚ 10 ਮੈਚਾਂ ਵਿਚੋਂ 3 ਜਿੱਤਾਂ ਤੇ 7 ਹਾਰਾਂ ਤੋਂ ਬਾਅਦ 6 ਅੰਕ ਲੈ ਕੇ ਆਖਰੀ ਸਥਾਨ 'ਤੇ ਹੈ। ਹਾਲਾਂਕਿ ਆਪਣੇ ਪਿਛਲੇ ਮੈਚ ਵਿਚ ਚੇਨਈ ਸੁਪਰ ਕਿੰਗਜ਼ ਵਿਰੁੱਧ ਇਕ ਦੌੜ ਦੀ ਰੋਮਾਂਚਕ ਜਿੱਤ ਤੋਂ ਬਾਅਦ ਉਸਦੀਆਂ ਉਮੀਦਾਂ ਬਣੀਆਂ ਹੋਈਆਂ ਹਨ ਪਰ ਹੁਣ ਮੁਕਾਬਲੇ ਵਿਚ ਬਣੇ ਰਹਿਣ ਲਈ ਉਸ ਨੂੰ ਆਪਣੇ ਸਾਰੇ ਮੈਚਾਂ ਨੂੰ ਜਿੱਤਣਾ ਹੀ ਪਵੇਗਾ।
ਪੰਜਾਬ ਦੀ ਸਥਿਤੀ ਵੀ ਚੰਗੀ ਨਹੀਂ : ਦੂਜੇ ਪਾਸੇ ਕਿੰਗਜ਼ ਇਲੈਵਨ ਪੰਜਾਬ 10 ਮੈਚਾਂ ਵਿਚੋਂ 5 ਜਿੱਤਾਂ ਤੇ 5 ਹਾਰਾਂ ਤੋਂ ਬਾਅਦ 10 ਅੰਕ ਲੈ ਕੇ 5ਵੇਂ ਨੰਬਰ 'ਤੇ ਹੈ। ਪੰਜਾਬ ਦੀ ਸਥਿਤੀ ਵੀ ਚੰਗੀ ਨਹੀਂ ਹੈ ਤੇ ਉਸ ਨੂੰ ਵੀ ਪਲੇਅ ਆਫ ਵਿਚ ਬਣੇ ਰਹਿਣ ਲਈ ਆਪਣੇ ਬਾਕੀ ਬਚੇ ਮੈਚਾਂ ਨੂੰ ਜਿੱਤਣਾ ਜ਼ਰੂਰੀ ਹੋ ਗਿਆ ਹੈ। ਪੰਜਾਬ ਨੇ ਆਪਣਾ ਪਿਛਲਾ ਮੈਚ ਦਿੱਲੀ ਕੈਪੀਟਲਸ ਤੋਂ 5 ਵਿਕਟਾਂ ਨਾਲ ਗੁਆਇਆ ਸੀ ਤੇ ਬੈਂਗਲੁਰੂ ਦੇ ਘਰੇਲੂ ਮੈਦਾਨ 'ਤੇ ਉਸ ਦੇ ਲਈ ਸਥਿਤੀ ਆਸਾਨ ਨਹੀਂ ਹੋਵੇਗੀ।
ਹਾਲਾਂਕਿ ਆਰ. ਅਸ਼ਵਿਨ ਦੀ ਕਪਤਾਨੀ ਵਿਚ ਪੰਜਾਬ ਨੇ ਉਤਰਾਅ-ਚੜ੍ਹਾਅ ਦੇ ਬਾਵਜੂਦ ਬਿਹਤਰ ਖੇਡ ਦਾ ਪ੍ਰਦਰਸ਼ਨ ਕੀਤਾ ਹੈ ਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਬੈਂਗਲੁਰੂ ਨੂੰ ਬਰਾਬਰੀ ਦੀ ਟੱਕਰ ਦੇ ਸਕੇਗੀ। ਬੈਂਗਲੁਰੂ ਕੋਲ ਵਿਰਾਟ, ਏ. ਬੀ. ਡਿਵਿਲੀਅਰਸ, ਕ੍ਰਿਸ ਗੇਲ, ਪਾਰਥਿਵ ਪਟੇਲ, ਮੋਇਨ ਅਲੀ ਵਰਗੇ ਧਮਾਕੇਦਾਰ ਬੱਲੇਬਾਜ਼ ਹਨ ਪਰ ਟੀਮ ਨੇ ਪਿਛਲੇ ਮੈਚਾਂ ਵਿਚ ਚੰਗੀ ਗੇਂਦਬਾਜ਼ੀ ਵੀ ਨਹੀਂ ਕੀਤੀ ਹੈ, ਜਿਹੜੀ ਉਸ ਦੀ ਸਭ ਤੋਂ ਵੱਡੀ ਕਮਜ਼ੋਰੀ ਰਹੀ ਹੈ। 
ਚੇਨਈ ਵਿਰੁੱਧ ਜਿੱਤ ਨਾਲ ਬੈਂਗਲੁਰੂ ਦੇ ਹੌਸਲੇ ਬੁਲੰਦ : ਚੇਨਈ ਵਿਰੁੱਧ ਮਹਿੰਦਰ ਸਿੰਘ ਧੋਨੀ ਦੀ ਅਜੇਤੂ 84 ਦੌੜਾਂ ਦੀ ਧਮਾਕੇਦਾਰ ਪਾਰੀ ਦੇ ਬਾਵਜੂਦ ਬੈਂਗਲੁਰੂ ਨੇ ਜਿਸ ਤਰ੍ਹਾਂ ਇਕ ਦੌੜ ਨਾਲ ਰੋਮਾਂਚਕ ਜਿੱਤ ਦਰਜ ਕੀਤੀ ਸੀ, ਉਸ ਨੇ ਟੀਮ ਦੇ ਹੌਸਲੇ ਬੁਲੰਦ ਕੀਤੇ ਹਨ, ਜਿਹੜਾ ਪੰਜਾਬ ਲਈ ਵੀ ਅਹਿਮ ਸੰਕੇਤ ਹੋਵੇਗਾ। ਗੇਂਦਬਾਜ਼ਾਂ ਵਿਚ ਡੇਲ ਸਟੇਨ ਦੇ ਆਉਣ ਨਾਲ ਬੈਂਗਲੁਰੂ ਹੋਰ ਵੀ ਮਜ਼ਬੂਤ ਹੋਈ ਹੈ, ਜਿਸ ਨੇ ਪਿਛਲੇ ਮੈਚ ਵਿਚ ਕਿਫਾਇਤੀ ਗੇਂਦਬਾਜ਼ੀ ਕਰਦਿਆਂ 2 ਵਿਕਟਾਂ ਕੱਢੀਆਂ ਸਨ। ਨਵਦੀਪ ਸੈਣੀ, ਉਮੇਸ਼ ਯਾਦਵ, ਪਵਨ ਨੇਗੀ ਤੇ ਸਪਿਨਰ ਯੁਜਵੇਂਦਰ ਚਾਹਲ ਟੀਮ ਦੇ ਅਹਿਮ ਗੇਂਦਬਾਜ਼ ਹਨ। 

Gurdeep Singh

This news is Content Editor Gurdeep Singh