IPL 2018 : ਮੁੰਬਈ ਨੇ ਕੋਲਕਾਤਾ ਨੂੰ 13 ਦੌਡ਼ਾਂ ਨਾਲ ਹਰਾਇਆ

05/07/2018 12:14:21 AM

ਮੁੰਬਈ— ਸਟਾਰ ਆਲਰਾਊਂਡਰ ਹਾਰਦਿਕ ਪੰਡਯਾ (ਅਜੇਤੂ 35 ਦੌੜਾਂ ਅਤੇ 19 ਦੌੜਾਂ 'ਤੇ 2 ਵਿਕਟਾਂ) ਦੇ ਜ਼ਬਰਦਸਤ ਆਲਰਾਊਂਡ ਪ੍ਰਦਰਸ਼ਨ ਦੀ ਬਦੌਲਤ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਐਤਵਾਰ 13 ਦੌੜਾਂ ਨਾਲ ਹਰਾ ਕੇ ਆਈ. ਪੀ. ਐੱਲ.-11 ਦੇ ਪਲੇਅ ਆਫ 'ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ।
ਮੁੰਬਈ ਨੇ 20 ਓਵਰਾਂ 'ਚ 4 ਵਿਕਟਾਂ 'ਤੇ 181 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ਤੋਂ ਬਾਅਦ ਕੇ. ਕੇ. ਆਰ. ਦੀ ਚੁਣੌਤੀ ਨੂੰ 6 ਵਿਕਟਾਂ 'ਤੇ 168 ਦੌੜਾਂ 'ਤੇ ਰੋਕ ਲਿਆ। ਮੁੰਬਈ ਨੇ 10 ਮੈਚਾਂ ਵਿਚ ਆਪਣੀ ਚੌਥੀ ਜਿੱਤ ਦਰਜ ਕੀਤੀ ਹੈ, ਜਿਸ ਤੋਂ ਬਾਅਦ ਉਸ ਦੇ 8 ਅੰਕ ਹੋ ਗਏ ਹਨ, ਹਾਲਾਂਕਿ ਮੁੰਬਈ ਨੇ ਅਜੇ ਵੀ ਆਪਣੇ ਬਾਕੀ 4 ਮੈਚ ਜਿੱਤਣੇ ਹਨ ਤਾਂ ਕਿ ਉਹ ਅਗਰ-ਮਗਰ ਦੀ ਸਥਿਤੀ 'ਚ ਨਾ ਫਸੇ। ਦੂਜੇ ਪਾਸੇ ਕੋਲਕਾਤਾ ਨੂੰ 10 ਮੈਚਾਂ 'ਚੋਂ 5ਵੀਂ ਹਾਰ ਦਾ ਸਾਹਮਣਾ ਕਰਨਾ ਪਿਆ।
ਕੋਲਕਾਤਾ ਨੇ ਟੀਚੇ ਦਾ ਪਿੱਛਾ ਕਰਦਿਆਂ ਆਪਣੇ ਦੋਵਾਂ ਓਪਨਰਾਂ ਨੂੰ 28 ਦੌੜਾਂ ਤਕ ਗੁਆ ਦਿੱਤਾ। ਦੋ ਵਿਕਟਾਂ ਡਿਗਣ ਤੋਂ ਬਾਅਦ ਰੌਬਿਨ ਉਥੱਪਾ (54) ਤੇ ਨਿਤਿਸ਼ ਰਾਣਾ (31) ਨੇ ਤੀਜੀ ਵਿਕਟ ਲਈ 84 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਕੀਤੀ। ਦੋਵਾਂ ਨੇ 13ਵੇਂ ਓਵਰ ਤਕ ਸਕੋਰ 112 ਦੌੜਾਂ ਤਕ ਪਹੁੰਚਾਇਆ। ਮਯੰਕ ਮਾਰਕੰਡੇ ਨੇ ਉਥੱਪਾ ਨੂੰ ਕਟਿੰਗ ਹੱਥੋਂ ਕੈਚ ਕਰਾਇਆ। ਉਥੱਪਾ ਨੇ 35 ਗੇਂਦਾਂ 'ਤੇ 54 ਦੌੜਾਂ ਦੀ ਪਾਰੀ ਵਿਚ ਛੇ ਚੌਕੇ ਤੇ ਤਿੰਨ ਛੱਕੇ ਲਾਏ। ਹਾਰਦਿਕ ਪੰਡਯਾ ਨੇ ਰਾਣਾ ਤੇ ਜਸਪ੍ਰੀਤ ਬੁਮਰਾਹ ਨੇ ਆਂਦ੍ਰੇ ਰਸੇਲ ਨੂੰ ਆਊਟ ਕਰ ਕੇ ਮੁੰਬਈ ਨੂੰ ਵਾਪਸ ਮੁਕਾਬਲੇ 'ਚ ਲਿਆ ਦਿੱਤਾ।
ਕੋਲਕਾਤਾ 'ਤੇ ਦਬਾਅ ਵਧਣ ਲੱਗਾ ਸੀ। ਕਪਤਾਨ ਦਿਨੇਸ਼ ਕਾਰਤਿਕ ਕ੍ਰੀਜ਼ 'ਤੇ ਸੀ ਤੇ ਉਸ ਦਾ ਸਾਥ ਦੇਣ ਉਤਰਿਆ ਸੁਨੀਲ ਨਾਰਾਇਣ, ਜਿਹੜਾ ਇਸ ਤੋਂ ਪਹਿਲਾਂ ਤਕ ਓਪਨਿੰਗ ਕਰਦਾ ਆਇਆ ਸੀ। ਕੋਲਕਾਤਾ ਨੂੰ ਆਖਰੀ ਦੋ ਓਵਰਾਂ 'ਚ 37 ਦੌੜਾਂ ਦੀ ਲੋੜ ਸੀ ਤੇ 19ਵਾਂ ਓਵਰ ਸੁੱਟ ਰਿਹਾ ਸੀ ਬੁਮਰਾਹ। ਇਸ ਓਵਰ ਵਿਚ ਕੁਝ ਖਾਸ ਨਹੀਂ ਹੋਇਆ। ਕੁਣਾਲ ਪੰਡਯਾ ਨੇ ਆਖਰੀ ਓਵਰ ਵਿਚ ਨਾਰਾਇਣ ਨੂੰ ਆਊਟ ਕੀਤਾ, ਜਦਕਿ ਕਾਰਤਿਕ 26 ਗੇਂਦਾਂ 'ਤੇ 36 ਦੌੜਾਂ ਬਣਾ ਕੇ ਅਜੇਤੂ ਰਹਿ ਗਿਆ। 
ਇਸ ਤੋਂ ਪਹਿਲਾਂ ਓਪਨਰ ਸੂਰਯਕੁਮਾਰ ਯਾਦਵ (59) ਦੇ ਸ਼ਾਨਦਾਰ ਅਰਧ ਸੈਂਕੜੇ ਨਾਲ ਮੁੰਬਈ ਇੰਡੀਅਨਜ਼ ਨੇ 4 ਵਿਕਟਾਂ 'ਤੇ 181 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਸੂਰਯਕੁਮਾਰ ਨੇ ਇਸ ਸੈਸ਼ਨ ਦਾ ਆਪਣਾ ਚੌਥਾ ਅਰਧ ਸੈਂਕੜਾ ਬਣਾਇਆ ਤੇ 39 ਗੇਂਦਾਂ 'ਤੇ 59 ਦੌੜਾਂ ਦੀ ਬਿਹਤਰੀਨ ਪਾਰੀ 'ਚ 7 ਚੌਕੇ ਤੇ 2 ਛੱਕੇ ਲਾਏ। ਸੂਰਯਕੁਮਾਰ ਨੇ ਐਵਿਨ ਲੂਈਸ (43) ਨਾਲ ਪਹਿਲੀ ਵਿਕਟ ਲਈ 9.2 ਓਵਰਾਂ 'ਚ 91 ਦੌੜਾਂ ਦੀ ਸਾਂਝੇਦਾਰੀ ਕੀਤੀ। ਲੂਈਸ ਨੇ 28 ਗੇਂਦਾਂ ਦੀ ਪਾਰੀ 'ਚ 5 ਚੌਕੇ ਤੇ 2 ਛੱਕੇ ਲਾਏ।