IPL 2018 : ਹੈਦਰਾਬਾਦ ਨੇ ਮੁੰਬਈ ਨੂੰ 31 ਦੌੜਾਂ ਨਾਲ ਹਰਾਇਆ

04/25/2018 1:17:04 AM

ਮੁੰਬਈ— ਤੇਜ਼ ਗੇਂਦਬਾਜ਼ ਸਿਧਾਰਥ ਕੌਲ (23 ਦੌੜਾਂ 'ਤੇ 3 ਵਿਕਟਾਂ) ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਜ਼ਬਰਦਸਤ ਪ੍ਰਦਰਸ਼ਨ ਦੇ ਦਮ 'ਤੇ ਸਨਰਾਈਜ਼ਰਸ ਹੈਦਰਾਬਾਦ ਨੇ ਮੁੰਬਈ ਇੰਡੀਅਨਜ਼ ਨੂੰ ਮੰਗਲਵਾਰ ਨੂੰ ਸਿਰਫ 87 ਦੌੜਾਂ 'ਤੇ ਢੇਰ ਕਰ  ਕੇ ਆਈ. ਪੀ. ਐੱਲ.-11 ਦਾ ਮੁਕਾਬਲਾ ਬੇਹੱਦ ਰੋਮਾਂਚਕ ਅੰਦਾਜ਼ ਵਿਚ 31 ਦੌੜਾਂ ਨਾਲ ਜਿੱਤ ਲਿਆ।
ਹੈਦਰਾਬਾਦ ਨੇ 18.4 ਓਵਰਾਂ ਵਿਚ 118 ਦੌੜਾਂ ਦਾ ਮਾਮੂਲੀ ਸਕੋਰ ਬਣਾਉਣ ਦੇ ਬਾਵਜੂਦ ਆਪਣੇ ਗੇਂਦਬਾਜ਼ਾਂ ਦੇ ਦਮ 'ਤੇ ਇਸ ਸਕੋਰ ਦਾ ਸਫਲਤਾਪੂਰਵਕ ਬਚਾਅ ਕਰ ਲਿਆ। ਹੈਦਰਾਬਾਦ ਨੇ ਮੁੰਬਈ ਨੂੰ 18.5 ਓਵਰਾਂ ਵਿਚ ਸਿਰਫ 87 ਦੌੜਾਂ 'ਤੇ ਢੇਰ ਕੇ ਆਈ. ਪੀ. ਐੱਲ. ਵਿਚ ਛੇ ਮੈਚਾਂ ਵਿਚ ਆਪਣੀ ਚੌਥੀ ਜਿੱਤ ਦਰਜ ਕਰ ਲਈ, ਜਦਕਿ ਸਾਬਕਾ ਚੈਂਪੀਅਨ ਮੁੰਬਈ ਨੂੰ ਇੰਨੇ ਹੀ ਮੈਚਾਂ ਵਿਚ ਪੰਜਵੀਂ ਹਾਰ ਦਾ ਸਾਹਮਣਾ ਕਰਨਾ ਪਿਆ। 
ਆਸਾਨ ਟੀਚੇ ਦੇ ਜਵਾਬ ਵਿਚ ਮੁੰਬਈ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਉਸ ਦੇ 8 ਬੱਲੇਬਾਜ਼ ਦੋਹਰੇ ਅੰਕ ਤਕ ਵੀ ਨਹੀਂ ਪਹੁੰਚ ਸਕੇ ਤੇ ਨਾ ਹੀ ਕੋਈ ਵੱਡੀ ਸਾਂਝੇਦਾਰੀ ਬਣੀ। ਦੋਹਰੇ ਅੰਕ ਤਕ ਪਹੁੰਚਣ ਵਾਲੇ ਬੱਲੇਬਾਜ਼ ਸਿਰਫ ਸੂਰਯਕੁਮਾਰ  ਯਾਦਵ (34) ਤੇ ਕੁਣਾਲ ਪੰਡਯਾ (23) ਰਹੇ। 
ਸਨਰਾਈਜ਼ਰਸ ਲਈ ਅਫਗਾਨੀ ਸਪਿਨਰ ਰਾਸ਼ਿਦ ਖਾਨ ਨੇ 4 ਓਵਰਾਂ ਵਿਚ 11 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਜਦਕਿ ਕੌਲ ਨੇ 4 ਓਵਰਾਂ ਵਿਚ 23 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। 
ਇਸ ਤੋਂ ਪਹਿਲਾਂ ਮੇਜ਼ਬਾਨ ਟੀਮ ਦੀ ਅਨੁਸ਼ਾਸਿਤ ਗੇਂਦਬਾਜ਼ੀ ਦਾ ਸਾਹਮਣਾ ਹੈਦਰਾਬਾਦ ਦੇ ਬੱਲੇਬਾਜ਼ ਵੀ ਨਹੀਂ ਕਰ ਸਕੇ। ਕਪਤਾਨ ਕੇਨ ਵਿਲੀਅਮਸਨ (29) ਤੇ ਯੂਸਫ ਪਠਾਨ (29) ਨੂੰ ਛੱਡ ਕੇ ਕੋਈ ਵੀ ਬੱਲੇਬਾਜ਼ ਜ਼ਿਆਦਾ ਦੇਰ ਤਕ ਟਿਕ ਨਹੀਂ ਸਕਿਆ। ਪੂਰੀ ਟੀਮ 18.4 ਓਵਰਾਂ ਵਿਚ ਆਊਟ ਹੋ ਗਈ। ਮੁੰਬਈ ਲਈ ਮਿਸ਼ੇਲ ਮੈਕਲੇਨਘਨ, ਹਾਰਦਿਕ ਪੰਡਯਾ ਤੇ ਮਕੰਯ ਮਾਰਕੰਡੇ ਨੇ 2-2 ਵਿਕਟਾਂ ਲਈਆਂ। ਹੈਦਰਾਬਾਦ ਦਾ ਇਹ ਸੈਸ਼ਨ ਦਾ ਸਭ ਤੋਂ ਘੱਟ ਸਕੋਰ ਰਿਹਾ।