IPL 2018: ਜੇਸਨ ਦੀ ਸ਼ਾਨਦਾਰ ਬੱਲੇਬਾਜ਼ੀ ਬਦੌਲਤ ਦਿੱਲੀ ਨੇ ਮੁੰਬਈ ਨੂੰ 7 ਵਿਕਟਾਂ ਨਾਲ ਹਰਾਇਆ

04/14/2018 11:22:06 PM

ਮੁੰਬਈ—ਇੰਗਲੈਂਡ ਦੇ ਜੇਸਨ ਰਾਏ ਦੀ ਅਜੇਤੂ 91 ਦੌੜਾਂ ਦੀ ਧਮਾਕੇਦਾਰ ਪਾਰੀ ਦੇ ਦਮ 'ਤੇ ਦਿੱਲੀ ਡੇਅਰਡੇਵਿਲਜ਼ ਨੇ ਮੁੰਬਈ ਇੰਡੀਅਨਜ਼ ਨੂੰ ਆਈ. ਪੀ. ਐੱਲ.-11 ਦੇ ਮੁਕਾਬਲੇ ਵਿਚ ਸ਼ਨੀਵਾਰ ਆਖਰੀ ਗੇਂਦ 'ਤੇ 7 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ।
ਦਿੱਲੀ ਨੇ ਨਵੇਂ ਕਪਤਾਨ ਗੌਤਮ ਗੰਭੀਰ ਦੀ ਅਗਵਾਈ ਵਿਚ ਪਹਿਲੇ ਦੋ ਮੈਚ ਗੁਆਏ ਸਨ ਪਰ ਤੀਜੇ ਮੈਚ 'ਚ ਜਾ ਕੇ ਉਸ ਨੇ ਜਿੱਤ ਦੇ ਦਰਸ਼ਨ ਕਰ ਲਏ।
ਦੂਜੇ ਪਾਸੇ ਸਾਬਕਾ ਚੈਂਪੀਅਨ ਮੁੰਬਈ ਨੂੰ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ। ਮੁੰਬਈ ਇੰਡੀਅਨਜ਼ ਨੇ 7 ਵਿਕਟਾਂ 'ਤੇ 194 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ ਪਰ ਉਸ ਦੇ ਗੇਂਦਬਾਜ਼ ਇਸ ਸਕੋਰ ਦਾ ਬਚਾਅ ਨਹੀਂ ਕਰ ਸਕੇ। ਦਿੱਲੀ ਨੇ ਜੇਸਨ ਦੇ ਕਮਾਲ ਨਾਲ 20 ਓਵਰਾਂ 'ਚ 3 ਵਿਕਟਾਂ 'ਤੇ 195 ਦੌੜਾਂ ਬਣਾ ਕੇ ਮੈਚ ਜਿੱਤ ਲਿਆ। 
ਜੇਸਨ ਨੇ 53 ਗੇਂਦਾਂ 'ਤੇ 6 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ ਅਜੇਤੂ 91 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਤੇ 'ਮੈਨ ਆਫ ਦਿ ਮੈਚ' ਵੀ ਬਣਿਆ। ਓਪਨਿੰਗ 'ਚ ਉਤਰਿਆ ਜੇਸਨ ਦਿੱਲੀ ਨੂੰ ਜਿੱਤ ਦਿਵਾ ਕੇ ਹੀ ਪੈਵੇਲੀਅਨ ਪਰਤਿਆ। 
ਦਿੱਲੀ ਨੂੰ ਆਖਰੀ ਓਵਰ 'ਚ  ਜਿੱਤ ਲਈ 11 ਦੌੜਾਂ ਦੀ ਲੋੜ ਸੀ ਅਤੇ ਜੇਸਨ ਨੇ ਮੁਸਤਾਫਿਜ਼ੁਰ ਰਹਿਮਾਨ ਦੀ ਪਹਿਲੀ ਗੇਂਦ 'ਤੇ ਚੌਕਾ ਲਾ ਦਿੱਤਾ। ਉਸ ਨੇ ਅਗਲੀ ਗੇਂਦ 'ਤੇ ਜ਼ਬਰਦਸਤ ਛੱਕਾ ਮਾਰ ਕੇ ਸਕੋਰ ਬਰਾਬਰ ਕਰ ਦਿੱਤਾ। ਅਗਲੀਆਂ ਦੋ ਗੇਂਦਾਂ 'ਤੇ ਕਈ ਦੌੜ ਨਹੀਂ ਬਣੀ। ਪੰਜਵੀਂ ਗੇਂਦ 'ਤੇ ਵੀ ਕੋਈ ਦੌੜ ਨਹੀਂ ਬਣੀ। 
ਧੜਕਣਾਂ ਵਧ ਚੁੱਕੀਆਂ ਸਨ ਤੇ ਹੁਣ ਆਖਰੀ ਗੇਂਦ ਬਚੀ ਸੀ, ਫੀਲਡਰ ਸਿੰਗਲ ਰੋਕਣ ਲਈ ਨੇੜੇ ਆ ਚੁੱਕੇ ਸਨ, ਮੰਥਨ ਚੱਲ ਰਿਹਾ ਸੀ, ਦਰਸ਼ਕ ਸੋਚ ਰਹੇ ਸਨ ਕਿ ਕੀ ਸੁਪਰ ਓਵਰ ਹੋਵੇਗਾ ਪਰ ਜੇਸਨ ਨੇ ਇਕ ਦੌੜ ਕੱਢ ਕੇ ਦਿੱਲੀ ਨੂੰ ਰੋਮਾਂਚਕ ਜਿੱਤ ਦਿਵਾ ਦਿੱਤੀ। 
ਪੰਤ ਨੇ 25 ਗੇਂਦਾਂ 'ਤੇ ਛੇ ਚੌਕੇ ਤੇ 2 ਛੱਕੇ ਲਾਏ, ਜਦਕਿ ਅਈਅਰ ਨੇ 20 ਗੇਂਦਾਂ 'ਤੇ 3 ਚੌਕੇ ਤੇ ਇਕ ਛੱਕਾ ਲਾਇਆ। 
ਇਸ ਤੋਂ ਪਹਿਲਾਂ ਮੁੰਬਈ ਨੇ 7 ਵਿਕਟਾਂ 'ਤੇ 194 ਦੌੜਾਂ ਦਾ ਸਕੋਰ ਬਣਾਇਆ। ਪਿਛਲੇ ਦੋ ਮੈਚਾਂ 'ਚ ਫਲਾਪ ਰਿਹਾ ਕਪਤਾਨ ਰੋਹਿਤ ਸ਼ਰਮਾ ਇਸ ਵਾਰ ਵੀ ਓਪਨਿੰਗ 'ਚ ਨਾ ਉਤਰ ਕੇ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਇਆ।

DD 195/3 (20.0 Ovs)

MI 194/7 (20.0 Ovs)
ਮੁੰਬਈ ਇੰਡੀਅਨਸ : ਈਵਿਨ ਲੇਵਿਸ, ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ, ਸੂਰਯਾ ਕੁਮਾਰ ਯਾਦਵ, ਹਾਰਦਿਕ ਪੰਡਯਾ, ਕੁਨਾਲ ਪੰਡਯਾ, ਕੀਰਨ ਪੋਲਾਰਡ, ਮਿਸ਼ੇਲ ਮੈਕਲੈਨੇਗਨ, ਮਯੰਕ ਮਾਰਕੰਡੇ, ਜਸਪ੍ਰਿਤ ਬੁਮਰਾਹ, ਮੁਸਤਫਿਜ਼ੁਰ ਰਹਿਮਾਨ

ਦਿੱਲੀ ਡੇਅਰ ਡੇਵਿਲਸ : ਗੌਤਮ ਗੰਭੀਰ, ਕੋਲਿਨ ਮੁਨਰੋ, ਸ਼ਰੇਅਸ ਅਇਅਰ, ਰਿਸ਼ਭ ਪੰਤ, ਗਲੈਨ ਮੈਕਸਵੈਲ, ਵਿਜੇ ਸ਼ੰਕਰ, ਕ੍ਰਿਸ ਮੌਰਿਸ, ਰਾਹੁਲ ਟਵੇਟਿਆ, ਮੁਹੰਮਦ ਸ਼ਮੀ, ਆਸਵ ਖ਼ਾਨ, ਟਰੈਂਟ ਬੋਟ