IPL : ਨੋ ਬਾਲ ਵਿਵਾਦ ''ਤੇ ਧੋਨੀ ਦੇ ਬਚਾਅ ''ਚ ਉੱਤਰੇ ਗਾਂਗੁਲੀ, ਕਿਹਾ- ਉਹ ਵੀ ਇਨਸਾਨ ਹੀ ਹਨ

04/13/2019 12:29:32 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ ਆਈ. ਪੀ. ਐੱਲ. ਦੇ ਮੈਚ ਵਿਚ ਨੋ ਬਾਲ ਨੂੰ ਲੈ ਕੇ ਵਿਵਾਦ ਵਿਚ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਬਚਾਅ ਕੀਤਾ ਹੈ। ਦਿੱਲੀ ਕੈਪੀਟਲਸ ਵਿਚ ਸਲਾਹਕਾਰ ਦੀ ਭੂਮਿਕਾ ਨਿਭਾ ਰਹੇ ਗਾਂਗੁਲੀ ਨੇ ਮੰਨਿਆ ਕਿ ਧੋਨੀ ਵੀ ਇਕ ਇਨਸਾਨ ਹੀ ਹਨ ਅਤੇ ਮੁਕਾਬਲਾ ਕਰਨ ਦੀ ਉਸ ਦੀ ਸਮਰੱਥਾ ਦੀ ਸ਼ਲਾਘਾ ਕਰਨੀ ਹੋਵੇਗੀ। ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਮਿਲੀ ਜਿੱਤ ਤੋਂ ਬਾਅਦ ਗਾਂਗੁਲੀ ਨੇ ਕਿਹਾ, ''ਸਾਰੇ ਇਨਸਾਨ ਹਨ। ਮੈਨੂੰ ਉਸਦੀ ਮੁਕਾਬਲਾ ਕਰਨ ਦੀ ਸਮਰੱਥਾ ਬਹੁਤ ਪਸੰਦ ਹੈ, ਸਾਨੂੰ ਉਸਦੀ ਤਾਰੀਫ ਕਰਨੀ ਹੋਵੇਗੀ।''

ਮੈਚ ਵਿਚ ਚੇਨਈ ਦੀ ਪਾਰੀ ਦੇ ਆਖਰੀ ਓਵਰ ਦੀ ਚੌਥੀ ਗੇਂਦ 'ਤੇ ਅੰਪਾਇਰ ਉਲਹਾਸ ਗਾਂਧੇ ਨੇ ਬੈਨ ਸਟੋਕਸ ਦੀ ਫੁਲ ਟਾਸ ਗੇਂਦ ਨੂੰ ਬੀਮਰ ਮੰਨ ਕੇ ਨੋ ਬਾਲ ਦਿੱਤਾ ਪਰ ਤੁਰੰਤ ਹੀ ਉਹ ਇਸ ਤੋਂ ਮੁੱਕਰ ਗਏ। ਇਸ ਤੋਂ ਬਾਅਦ ਜਡੇਜਾ ਅੰਪਾਇਰ ਨਾਲ ਗੱਲ ਕਰਨ ਲੱਗੇ। ਤਦ ਧੋਨੀ ਚੇਨਈ ਦੇ ਡਗਆਊਟ ਤੋਂ ਉੱਠ ਕੇ ਮੈਦਾਨ ਵਿਚ ਆ ਗਏ। ਉਹ ਕਾਫੀ ਗੁੱਸੇ ਵਿਚ ਦਿੱਸ ਰਹੇ ਸਨ। ਉਸ ਨੇ ਦੋਵਾਂ ਮੈਦਾਨੀ ਅੰਪਾਇਰਾਂ ਨਾਲ ਬਹਿਸ ਵੀ ਕੀਤੀ ਪਰ ਦੋਵੇਂ ਅੰਪਾਇਰ ਆਪਣੇ ਫੈਸਲੇ 'ਤੇ ਡਟੇ ਰਹੇ ਅਤੇ ਚੇਨਈ ਨੂੰ ਨੋ ਬਾਲ ਨਹੀਂ ਮਿਲੀ।