ਬ੍ਰਿਟਿਸ਼ ਮੈਂਬਰ ਨੂੰ ਉਸ ਦੇ ਦੇਸ਼ ਭੇਜਣ ਲਈ IOC ਨੇ ਮੰਗੀ ਮੁਆਫੀ

02/16/2018 2:54:17 PM

ਪਯੋਂਗਚਾਂਗ, (ਬਿਊਰੋ)— ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਵਿੰਟਰ ਓਲੰਪਿਕ 2018 'ਚ ਸੁਰੱਖਿਆ ਅਧਿਕਾਰੀ ਦੇ ਨਾਲ ਹੋਈ ਘਟਨਾ ਦੇ ਮੱਦੇਨਜ਼ਰ ਆਈ.ਓ.ਸੀ. ਮੈਂਬਰ ਐਡਮ ਪੇਂਗਿਲੀ ਨੂੰ ਉਸ ਦੇ ਵਤਨ ਭੇਜ ਦੇਣ ਅਤੇ ਉਨ੍ਹਾਂ ਦੇ ਵਿਵਹਾਰ ਲਈ ਮੁਆਫੀ ਮੰਗੀ ਹੈ। ਆਈ.ਓ.ਸੀ. ਨੇ ਬਿਆਨ 'ਚ ਕਿਹਾ, ''ਆਈ.ਓ.ਸੀ. ਆਪਣੇ ਇਕ ਮੈਂਬਰ ਦੇ ਵਿਵਹਾਰ ਦੇ ਲਈ ਮੁਆਫੀ ਮੰਗਦਾ ਹੈ, ਸਾਨੂੰ ਦੁੱਖ ਹੈ ਕਿ ਇਸ ਤਰ੍ਹਾਂ ਦੀ ਘਟਨਾ ਹੋਈ ਜਿਸ 'ਚ ਐਡਮ ਪੇਂਗਿਲੀ ਸ਼ਾਮਲ ਸਨ।''

ਆਈ.ਓ.ਸੀ. ਦੇ ਸੂਤਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐਡਮ ਓਲੰਪਿਕ 'ਚ ਸੁਰੱਖਿਆ ਗਾਰਡ ਨਾਲ ਭਿੜ ਗਏ ਸਨ। ਸੂਤਰ ਨੇ ਦੱਸਿਆ ਕਿ ਗਾਰਡ ਨੇ ਉਨ੍ਹਾਂ ਨੂੰ ਸ਼ਾਂਤੀ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਪਰ ਐਡਮ ਹਮਲਾਵਰ ਹੋ ਗਏ। ਐਡਮ ਨੇ ਹਾਲਾਂਕਿ ਸੁਰੱਖਿਆ ਅਧਿਕਾਰੀ ਤੋਂ ਮੁਆਫੀ ਮੰਗ ਲਈ ਸੀ ਪਰ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਓਲੰਪਿਕ ਖੇਡ ਅਤੇ ਦੱਖਣੀ ਕੋਰੀਆ ਛੱਡਣ ਦੇ ਲਈ ਕਹਿ ਦਿੱਤਾ ਗਿਆ। ਐਡਮ ਖੁਦ ਐਥਲੀਟ ਹਨ ਅਤੇ ਉਹ ਵਿਸ਼ਵ ਸਕੇਲੇਟਨ ਮੁਕਾਬਲੇ 'ਚ ਸਾਬਕਾ ਚਾਂਦੀ ਤਮਗਾਧਾਰੀ ਹਨ। ਜ਼ਿਕਰਯੋਗ ਹੈ ਕਿ ਦੱਖਣੀ ਕੋਰੀਆ ਦੇ ਸ਼ਹਿਰ ਪਯੋਂਗਚਾਂਗ 'ਚ 9 ਫਰਵਰੀ ਤੋਂ ਵਿੰਟਰ ਓਲੰਪਿਕ ਦੀ ਸ਼ੁਰੂਆਤ ਹੋਈ ਹੈ। ਇਹ ਟੂਰਨਾਮੈਂਟ 25 ਫਰਵਰੀ ਤੱਕ ਆਯੋਜਿਤ ਕੀਤਾ ਜਾਵੇਗਾ।