ਇੰਟਰਵਿਊ ਕੋਨੇਰੂ ਹੰਪੀ : ਜਿੱਤਣ ਲਈ ਦਰਜਾ ਨਹੀਂ, ਲੈਅ ’ਚ ਹੋਣਾ ਜ਼ਰੂਰੀ

07/16/2022 7:22:39 PM

- ਭਾਰਤ ਦੀ ਨੰਬਰ ਇਕ ਸ਼ਤਰੰਜ ਖਿਡਾਰਨ ਕੋਨੇਰੂ ਹੰਪੀ ਨੇ ਸ਼ਤਰੰਜ ਓਲੰਪਿਆਡ ਤੋਂ ਪਹਿਲਾਂ ‘ਜਗ ਬਾਣੀ’ ਨਾਲ ਕੀਤੀ ਵਿਸ਼ੇਸ਼ ਗੱਲਬਾਤ

- ਮਾਂ ਬਣਨ ਤੋਂ ਬਾਅਦ ਬਣੀ ਵਿਸ਼ਵ ਰੈਪਿਡ ਚੈਂਪੀਅਨ, ਸਭ ਤੋਂ ਘੱਟ ਉਮਰ ਦੀ ਭਾਰਤੀ ਗ੍ਰੈਂਡ ਮਾਸਟਰ

ਨਵੀਂ ਦਿੱਲੀ (ਨਿਕਲੇਸ਼ ਜੈਨ)–ਭਾਰਤ ਦੀ ਨੰਬਰ ਇਕ ਸ਼ਤਰੰਜ ਖਿਡਾਰਨ ਕੋਨੇਰੂ ਹੰਪੀ ਸ਼ਤਰੰਜ ਓਲੰਪਿਆਡ ਵਿਚ ਚੋਟੀ ਦਾ ਦਰਜਾ ਪ੍ਰਾਪਤ ਭਾਰਤੀ ਟੀਮ ਵਿਚ ਖੇਡਦੀ ਨਜ਼ਰ ਆਵੇਗੀ। ਮਾਂ ਬਣਨ ਤੋਂ ਬਾਅਦ ਵਿਸ਼ਵ ਰੈਪਿਡ ਚੈਂਪੀਅਨ ਬਣ ਕੇ ਉਸ ਨੇ ਪੂਰੀ ਦੁਨੀਆ ਵਿਚ ਆਪਣੇ ਟੈਲੇਂਟ ਦਾ ਲੋਹਾ ਮਨਵਾਇਆ ਸੀ। ਉਹ ਭਾਰਤ ਲਈ ਸਭ ਤੋਂ ਘੱਟ ਉਮਰ ਵਿਚ ਗ੍ਰੈਂਡ ਮਾਸਟਰ ਬਣਨ ਵਾਲੀ ਮਹਿਲਾ ਖਿਡਾਰੀ ਵੀ ਹੈ। ਓਲੰਪਿਆਡ ਵਿਚ ਭਾਰਤ ਦੀ ਤਮਗਾ ਮੁਹਿੰਮ ਵਿਚ ਹੰਪੀ ਸਭ ਤੋਂ ਮਹੱਤਵਪੂਰਨ ਤੇ ਮਜ਼ਬੂਤ ਕੜੀ ਸਾਬਤ ਹੋਵੇਗੀ। ਹੰਪੀ ਨੇ ਓਲੰਪਿਆਡ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਤੇ ਸੰਭਾਵਨਾਵਾਂ ਨੂੰ ਲੈ ਕੇ ਗੱਲਬਾਤ ਕੀਤੀ। ਉਸ ਨੇ ਸਾਫ ਕਿਹਾ ਕਿ ਓਲੰਪਿਆਡ ਵਰਗੇ ਟੂਰਨਾਮੈਂਟ ਵਿਚ ਤੁਹਾਨੂੰ ਦਰਜਾ ਨਹੀਂ ਸਗੋਂ ਲੈਅ ਵਿਚ ਹੋਣਾ ਹੀ ਜਿੱਤ ਦਿਵਾਉਂਦਾ ਹੈ। ਹੰਪੀ ਨਾਲ ਇੰਟਰਵਿਊ ਦੇ ਅੰਸ਼ -

PunjabKesari

ਸ਼ਤਰੰਜ ਓਲੰਪਿਆਡ ’ਤੇ

ਸ਼ਤਰੰਜ ਓਲੰਪਿਆਡ ਭਾਰਤ ਵਿਚ ਹੋ ਰਿਹਾ ਹੈ, ਤੁਹਾਡੀ ਪਹਿਲੀ ਪ੍ਰਤੀਕਿਰਿਆ ਕੀ ਸੀ?

ਮੈਨੂੰ ਮਾਣ ਮਹਿਸੂਸ ਹੋ ਰਿਹਾ ਸੀ। ਸ਼ਤਰੰਜ ਦਾ ਜਨਮ ਭਾਰਤ ਵਿਚ ਹੋਇਆ ਹੈ। ਓਲੰਪਿਆਡ ਭਾਰਤ ਵਿਚ ਹੋਣ ਨਾਲ ਨੌਜਵਾਨ ਖਿਡਾਰਆਂ ਨੂੰ ਉਤਸ਼ਾਹ ਮਿਲੇਗਾ ਤੇ ਨਾਲ ਹੀ ਸਾਡਾ ਆਤਮਵਿਸ਼ਵਾਸ ਵੀ ਵਧੇਗਾ।

ਇਹ ਵੀ ਪੜ੍ਹੋ : Maria Sharapova ਬਣੀ ਮਾਂ, ਤਸਵੀਰ ਸ਼ੇਅਰ ਕਰਕੇ ਕੀਤਾ ਪੁੱਤਰ ਦੇ ਨਾਂ ਦਾ ਖੁਲਾਸਾ

ਭਾਰਤ ਨੂੰ ਇਸ ਵਾਰ ਮਹਿਲਾ ਵਰਗ ਵਿਚ ਪਹਿਲਾ ਦਰਜ ਮਿਲਿਆ ਹੈ, ਇਸ ’ਤੇ ਤੁਹਾਡਾ ਕੀ ਵਿਚਾਰ ਹੈ?

ਸਹੀ ਪੁੱਛੋ ਤਾਂ ਮੈਂ ਦਰਜਾ ਨੰਬਰ ’ਤੇ ਵਿਸ਼ਵਾਸ ਨਹੀਂ ਕਰਦੀ। ਸਾਡੇ ਲਈ ਸਭ ਤੋਂ ਜ਼ਰੂਰੀ ਇਹ ਹੁੰਦਾ ਹੈ ਕਿ ਅਸੀਂ ਚੰਗੀ ਲੈਅ ਵਿਚ ਹੋਈਏ। ਚੋਟੀ ਦਰਜਾ ਹੋਵੇ ਜਾਂ ਕੋਈ ਹੇਠਲਾ, ਸਭ ਕੁਝ ਖਿਡਾਰੀਆਂ ਦੀ ਲੈਅ ’ਤੇ ਹੀ ਨਿਰਭਰ ਕਰਦਾ ਹੈ।

ਰੂਸ ਤੇ ਚੀਨ ਨਹੀਂ ਖੇਡ ਰਹੇ ਹਨ, ਕੀ ਇਸਦਾ ਅੰਕ ਸੂਚੀ ’ਤੇ ਅਸਰ ਪਵੇਗਾ?

ਨਿਸ਼ਚਿਤ ਤੌਰ ’ਤੇ ਰੂਸ ਤੇ ਚੀਨ ਦੇ ਨਾ ਖੇਡਣ ਨਾਲ ਫਰਕ ਪਵੇਗਾ। ਉਹ ਸੋਨ ਤਮਗੇ ਦੇ ਵੱਡੇ ਦਾਅਵੇਦਾਰ ਹਨ। ਇਸ ਤੋਂ ਇਲਾਵਾ ਜਾਰਜੀਆ ਵੀ ਹੈ।

ਕੋਨੇਰੂ ਹੰਪੀ ਟੀਮ ਵਿਚ ਆਪਣੀ ਭੂਮਿਕਾ ਕਿਸ ਤਰ੍ਹਾਂ ਨਾਲ ਦੇਖਦੀ ਹੈ?

ਮੈਂ ਬਹੁਤ ਹੀ ਜ਼ਿੰਮੇਵਾਰੀ ਮਹਿਸੂਸ ਕਰ ਰਹੀ ਹਾਂ। ਕੋਸ਼ਿਸ਼ ਰਹੇਗੀ ਕਿ ਟੀਮ ਦੇ ਹੋਰ ਮੈਂਬਰਾਂ ਨੂੰ ਉਤਸ਼ਾਹਿਤ ਕਰ ਸਕਾਂ ਪਰ ਜਦੋਂ ਤੁਸੀਂ ਟੀਮ ਮੁਕਾਬਲੇ ਖੇਡਦੇ ਹੋ ਤਾਂ ਤੁਹਾਨੂੰ ਆਪਣੀ ਖੇਡ ਨੂੰ ਵੀ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ। ਮੈਂ ਆਪਣੀ ਖੇਡ ਦੇ ਰਾਹੀਂ ਸਾਰਿਆਂ ਨੂੰ ਬਿਹਤਰ ਨਤੀਜੇ ਦੇਣ ਦੀ ਕੋਸ਼ਿਸ਼ ਕਰਾਂਗੀ।

ਕਿਹੜੀਆਂ ਟੀਮਾਂ ਭਾਰਤ ਨੂੰ ਟੱਕਰ ਦੇ ਸਕਦੀਆਂ ਹਨ?

ਮੈਨੂੰ ਲੱਗਦਾ ਹੈ ਕਿ ਯੂਕ੍ਰੇਨ, ਜਾਰਜੀਆ, ਯੂ. ਐੱਸ. ਏ., ਪੋਲੈਡ ਚੰਗੀਆਂ ਟੀਮਾਂ ਹਨ ਪਰ ਮੈਨੂੰ ਲੱਗਦਾ ਹੈ ਕਿ ਹੇਠਲਾ ਦਰਜਾ ਪ੍ਰਾਪਤ ਟੀਮਾਂ ਵਿਰੁੱਧ ਵੀ ਸਾਨੂੰ ਚੌਕਸ ਰਹਿਣਾ ਪਵੇਗਾ ਕਿਉਂਕਿ ਇਨ੍ਹਾਂ ਦਿਨਾਂ ਵਿਚ ਤਿਆਰੀ ਦਾ ਪੱਧਰ ਕਾਫੀ ਵਧਿਆ ਹੈ ਤੇ ਤਕਨੀਕ ਦੇ ਕਾਰਨ ਰੇਟਿੰਗ ਓਨੀ ਮਾਇਨੇ ਨਹੀਂ ਰੱਖਦੀ।

ਪਹਿਲੀ ਵਾਰ ਭਾਰਤ ਤੋਂ 10 ਮਹਿਲਾ ਖਿਡਾਰੀ ਸ਼ਤਰੰਜ ਓਲੰਪਿਆਡ ਖੇਡ ਰਹੀਆਂ ਹਨ, ਇਸ ’ਤੇ ਤੁਸੀਂ ਕੀ ਕਹੋਗੇ?

ਹਾਂ, ਇਹ ਪਹਿਲਾ ਮੌਕਾ ਹੈ ਜਦੋਂ ਸਾਡੀਆਂ ਦੋ ਟੀਮਾਂ ਖੇਡ ਰਹੀਆਂ ਹਨ। ਇਹ ਸਾਰਿਆਂ ਲਈ ਵੱਡਾ ਮੌਕਾ ਹੈ ਤੇ ਉਮੀਦ ਹੈ ਕਿ ਅਸੀਂ ਚੰਗਾ ਨਤੀਜਾ ਵੀ ਦੇਵਾਂਗੇ। ਇਹ ਨੌਜਵਾਨ ਖਿਡਾਰੀਆਂ ਲਈ ਇਕ ਵੱਡਾ ਮੌਕਾ ਹੋਵੇਗਾ, ਜਿਹੜਾ ਸਾਡੇ ਦੇਸ਼ ਦੇ ਭਵਿੱਖ ਲਈ ਚੰਗਾ ਹੈ।

ਇਹ ਵੀ ਪੜ੍ਹੋ : ਲੰਡਨ ਦੀਆਂ ਸੜਕਾਂ ’ਤੇ ਪ੍ਰਸ਼ੰਸਕਾਂ ਨੇ ਧੋਨੀ ਨੂੰ ਘੇਰਿਆ, ਵੀਡੀਓ ਵਾਇਰਲ

PunjabKesari

ਮਹਿਲਾ ਸ਼ਤਰੰਜ ’ਤੇ

ਭਾਰਤੀ ਮਹਿਲਾ ਸ਼ਤਰੰਜ ਨੂੰ ਤੁਸੀਂ ਰੂਸ ਤੇ ਚੀਨ ਦੇ ਮੁਕਾਬਲੇ ਕਿੱਥੇ ਖੜ੍ਹਾ ਦੇਖਦੇ ਹੋ?

ਰੂਸ ਤੇ ਚੀਨ ਦੇ ਮੁਕਾਬਲੇ ਅਸੀਂ ਅਜੇ ਵੀ ਸਫਰ ਤੈਅ ਕਰਨਾ ਹੈ, ਉਨ੍ਹਾਂ ਦੀ ਟੀਮ ਵਿਚ ਸਾਰੀਆਂ ਖਿਡਾਰਨਾਂ ਦੀ ਰੇਟਿੰਗ 2500 ਤੋਂ ਵੱਧ ਹੁੰਦੀ ਹੈ। ਸਾਡੇ ਇੱਥੇ ਤੀਜਾ ਤੇ 5ਵਾਂ ਖਿਡਾਰੀ ਅਜੇ ਵੀ ਉਸ ਵੱਲ ਵਧ ਰਿਹਾ ਹੈ। ਸਾਡੇ ਕੋਲ ਸਮਰਥਾ ਤੇ ਪ੍ਰਤਿਭਾ ਹੈ ਪਰ ਸਾਨੂੰ ਹੋਰ ਤਜਰਬੇ ਦੀ ਲੋੜ ਹੈ। ਜਿੱਥੋਂ ਤਕ ਓਲੰਪਿਆਡ ਦੀ ਗੱਲ ਹੈ, ਸਾਡੇ ਲਈ ਇਹ ਜ਼ਰਾ ਵੀ ਚਿੰਤਾ ਦੀ ਗੱਲ ਨਹੀਂ ਹੈ।

ਮਹਿਲਾ ਸ਼ਤਰੰਜ ਨੂੰ ਹੋਰ ਅੱਗੇ ਵਧਾਉਣ ਲਈ ਸਾਨੂੰ ਕੀ ਕਰਨਾ ਚਾਹੀਦੈ?

ਮਹਿਲਾ ਖਿਡਾਰੀਆਂ ਲਈ ਖਾਸ ਟ੍ਰੇਨਿੰਗ ਕੈਂਪ ਤੇ ਵੱਧ ਤੋਂ ਵੱਧ ਪੁਰਸ਼ਾਂ ਨਾਲ ਖੇਡਣ ਦੇ ਮੌਕੇ ਬਹੁਤ ਜ਼ਰੂਰੀ ਹਨ। ਓਪਨ ਟੂਰਨਾਮੈਂਟ ਵਿਚ ਅਜੇ ਵੀ ਮਹਿਲਾ ਖਿਡਾਰੀਆਂ ਦੀ ਗਿਣਤੀ ਵਧਾਉਣ ਦੀ ਲੋੜ ਹੈ। ਮਜ਼ਬੂਤ ਖਿਡਾਰੀਆਂ ਨਾਲ ਮੁਕਾਬਲੇ ਹੀ ਉਨ੍ਹਾਂ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ।

ਭਾਰਤ ਦੀਆਂ ਕਿਹੜੀਆਂ ਨੌਜਵਾਨ ਖਿਡਾਰਨਾਂ ਦੀ ਖੇਡ ਤੁਹਾਨੂੰ ਪ੍ਰਭਾਵਿਤ ਕਰਦੀ ਹੈ?

ਵੈਸੇ ਅਜੇ ਵੀ ਮੈਂ ਬਹੁਤ ਜ਼ਿਆਦਾ ਮੁਕਾਬਲੇ ਨਹੀਂ ਦੇਖਦੀ ਪਰ ਵੈਸ਼ਾਲੀ ਆਰ, ਦਿਵਿਆ ਦੇਸ਼ਮੁਖ, ਵੰਤਿਕਾ ਅਗਰਵਾਲ ਅਗਲੀ ਪੀੜ੍ਹੀ ਦੀਆਂ ਖਿਡਾਰਨਾਂ ਲੱਗਦੀਆਂ ਹਨ।

ਅੱਜ ਵੀ ਕਿਸੇ ਵੀ ਟੂਰਨਾਮੈਂਟ ਵਿਚ ਲੜਕੀਆਂ ਦੀ ਹਿੱਸਦੇਾਰੀ ਤਕਰੀਬਨ 5 ਫੀਸਦੀ ਹੈ, ਤੁਸੀਂ ਮਾਪਿਆਂ ਤੇ ਆਯੋਜਕਾਂ ਨੂੰ ਕੀ ਕਹਿਣਾ ਚਾਹੋਗੇ?

ਮੈਂ ਮੰਨਦੀ ਹਾਂ ਕਿ ਅੱਜ ਵੀ ਲੜਕੀਆਂ ਲਈ ਇਹ ਸੌਖਾ ਨਹੀਂ ਹੈ। ਉਨ੍ਹਾਂ ਨੂੰ ਯਾਤਰਾ ਕਰਦੇ ਸਮੇਂ ਕਿਸੇ ਦੇ ਸਾਥ ਦੀ ਲੋੜ ਪੈਂਦੀ ਹੈ। ਬਹੁਤ ਸਾਰੇ ਮਾਤਾ-ਪਿਤਾ ਅੱਜ ਦੇ ਸਮੇਂ ਵਿਚ ਆਪਣੀਆਂ ਬੇਟੀਆਂ ਨੂੰ ਅੱਗੇ ਵਧਾ ਰਹੇ ਹਨ ਪਰ ਮੈਨੂੰ ਲੱਗਦਾ ਹੈ ਕਿ ਜੇਕਰ ਸਰਕਾਰ ਕੋਈ ਯੋਜਨਾ ਬਣਾ ਕੇ ਵਿੱਤੀ ਤੌਰ ’ਤੇ ਸਹਿਯੋਗ ਕਰੇ ਤਾਂ ਇਹ ਬਹੁਤ ਚੰਗੀ ਗੱਲ ਹੋ ਸਕਦੀ ਹੈ।

PunjabKesari

ਆਪਣੀ ਖੇਡ ’ਤੇ

ਤੁਹਾਡੀ ਸ਼ਤਰੰਜ ਓਲੰਪਿਆਡ ਦੀ ਤਿਆਰੀ ਕਿਸ ਤਰ੍ਹਾਂ ਚੱਲ ਰਹੀ ਹੈ?

ਮੈਂ ਅਜੇ ਸਪੀਡ ਸ਼ਤਰੰਜ ਖੇਡ ਰਹੀ ਹਾਂ ਤੇ ਕੋਸ਼ਿਸ਼ ਕਰ ਰਹੀ ਹਾਂ ਕਿ ਹਰ ਹਿੱਸੇ ਵਿਚ ਬਿਹਤਰ ਬਣ ਸਕਾਂ। ਮੈਂ 2 ਸਾਲ ਤੋਂ ਕਲਾਸੀਕਲ ਸ਼ਤਰੰਜ ਨਹੀਂ ਖੇਡੀ ਹੈ ਤਾਂ ਅਜੇ ਜ਼ਰੂਰਤ ਹੈ ਕਿ ਮੈਂ ਇਕਾਗਰਤਾ ਰੱਖਦੇ ਹੋਏ ਮਾਨਸਿਕ ਤੌਰ ’ਤੇ ਤਿਆਰ ਰਹਾਂ।

ਆਉਣ ਵਾਲੇ ਸਮੇਂ ਵਿਚ ਤੁਸੀਂ ਫਿਡੇ ਕੈਂਡੀਡੇਟ ਖੇਡਣ ਜਾ ਰਹੇ ਹੋ, ਫਿਡੇ ਨੇ ਮਹਿਲਾਵਾਂ ਨੂੰ ਪੁਰਸ਼ਾਂ ਦੀ ਤਰ੍ਹਾਂ ਫਾਰਮੈੱਟ ਵਿਚ ਮੌਕੇ ਦੇਣੇ ਸ਼ੁਰੂ ਕੀਤੇ ਹਨ, ਇਸ ’ਤੇ ਤੁਹਾਡੇ ਕੀ ਵਿਚਾਰ ਹਨ?

ਇਹ ਇਕ ਚੰਗੀ ਕੋਸ਼ਿਸ਼ ਹੈ ਪਰ ਫਿਲਹਾਲ ਮੈਂ ਪੂਰਾ ਧਿਆਨ ਓਲੰਪਿਆਡ ’ਤੇ ਰੱਖਿਆ ਹੋਇਆ ਹੈ ਤੇ ਇਸ ਤੋਂ ਬਾਅਦ ਹੀ ਮੈਂ ਕੈਂਡੀਡੇਟ ’ਤੇ ਧਿਆਨ ਦੇਵਾਂਗੀ।

ਇਕ ਖਿਡਾਰੀ ਦੇ ਤੌਰ ’ਤੇ ਕੋਨੇਰੂ ਦੇ ਕੀ ਟੀਚੇ ਹਨ? ਕੋਈ ਅਜਿਹਾ ਹੈ, ਜਿਸ ਨੂੰ ਹਾਸਲ ਕਰਨਾ ਬਾਕੀ ਹੈ?

ਸੱਚ ਕਹਾਂ ਤਾਂ ਇਸ ਸਮੇਂ ਮੈਂ ਵੱਡੇ ਗੋਲ ਨਹੀਂ ਬਣਾ ਰਹੀ ਹਾਂ ਤੇ ਖੇਡ ਦਾ ਮਜ਼ਾ ਲੈਣ ਦੀ ਕੋਸ਼ਿਸ਼ ਕਰ ਰਹੀ ਹਾਂ। ਹਾਂ, ਮੈਂ ਹਮੇਸ਼ਾ ਤੋਂ ਵਿਸ਼ਵ ਕਲਾਸੀਕਲ ਸ਼ਤਰੰਜ ਚੈਂਪੀਅਨ ਬਣਨਾ ਚਾਹੁੰਦੀ ਸੀ। ਮੈਂ ਇਕ ਵਾਰ ਚਾਂਦੀ ਤੇ ਇਕ ਵਾਰ ਕਾਂਸੀ ਤਮਗਾ ਵੀ ਜਿੱਤਿਆ ਹੈ। ਕਿਉਂਕਿ ਕੈਂਡੀਡੇਟ ਸਾਹਮਣੇ ਹੈ, ਅਜਿਹੇ ਵਿਚ ਮੈਂ ਕੋਸ਼ਿਸ਼ ਕਰਾਂਗੀ ਕਿ ਇਕ-ਇਕ ਕਦਮ ਸਹਿਜਤਾ ਨਾਲ ਅੱਗੇ ਵਧਾਵਾਂ।

ਤੁਸੀਂ ਮਾਂ ਬਣਨ ਤੋਂ ਬਾਅਦ ਵਿਸ਼ਵ ਸ਼ਤਰੰਜ ਵਿਚ ਵਾਪਸੀ ਕਰ ਕੇ ਵਿਸ਼ਵ ਰੈਪਿਡ ਖਿਤਾਬ ਹਾਸਲ ਕੀਤਾ, ਤੁਸੀਂ ਦੋਵਾਂ ਭੂਮਿਕਾਵਾਂ ਨਾਲ ਕਿਵੇਂ ਤਾਲਮੇਲ ਬਿਠਾਉਂਦੇ ਹੋ?

ਸ਼ਤਰੰਜ ਜ਼ਿੰਦਗੀ ਤੇ ਪਰਿਵਾਰਕ ਜ਼ਿੰਦਗੀ ਦੋਵਾਂ ਵਿਚਾਲੇ ਦਾ ਤਾਲਮੇਲ ਬਠਾਉਣਾ ਆਸਾਨ ਨਹੀਂ ਹੁੰਦਾ। ਮੇਰੀ ਬੇਟੀ ਮੈਨੂੰ ਬਹੁਤ ਜ਼ਿਆਦਾ ਮਿਸ ਨਾ ਕਰੇ, ਇਸ ਲਈ ਕਈ ਵਾਰ ਵੱਡੇ ਟੂਰਨਾਮੈਂਟ ਛੱਡਣੇ ਪੈਂਦੇ ਹਨ ਪਰ ਹੁਣ ਤਕ ਮੈਂ ਕਿਸੇ ਤਰ੍ਹਾਂ ਮੈਨੇਜ ਕਰਨ ਵਿਚ ਕਾਮਯਾਬ ਰਹੀ ਹਾਂ। 
ਉਮੀਦ ਹੈ ਕਿ ਅੱਗੇ ਵੀ ਅਜਿਹਾ ਚੱਲਦਾ ਰਹੇਗਾ।

PunjabKesari

ਕੋਨੇਰੂ ਹੰਪੀ

ਜਨਮ : 31 ਮਾਰਚ 1987 (ਉਮਰ 35)
ਵਿਜਯਵਾੜਾ, ਆਂਧਰਾ ਪ੍ਰਦੇਸ਼, ਭਾਰਤ
ਟਾਈਟਲ : ਗ੍ਰੈਂਡ ਮਾਸਟਰ (2002)
ਵਿਸ਼ਵ ਚੈਂਪੀਅਨ ਮਹਿਲਾ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ (2019)
ਫਿਡੇ ਰੇਟਿੰਗ 2586 (ਜੁਲਾਈ 2022)

ਏਸ਼ੀਅਨ ਖੇਡਾਂ

ਗੋਲਡ 2005 ਦੋਹਾ, ਮਹਿਲਾ ਸਿੰਗਲਜ਼
ਗੋਲਡ 2006 ਦੋਹਾ, ਮਿਕਸਡ ਟੀਮ

ਇਹ ਵੀ ਪੜ੍ਹੋ : T20 WC 2022 ਲਈ 16 ਟੀਮਾਂ ਦਾ ਐਲਾਨ, ਇਨ੍ਹਾਂ ਦੇਸ਼ਾਂ ਦਰਮਿਆਨ ਹੋਵੇਗੀ ਚੈਂਪੀਅਨ ਬਣਨ ਦੀ ਜੰਗ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News