IOC ਨੇ ਟੋਕੀਓ ਓਲੰਪਿਕ ਦੀ ਕੁਆਲੀਫਾਇੰਗ ਪ੍ਰਤੀਯੋਗਿਤਾ ਦੀ ਜਾਣਕਾਰੀ ਦਿੱਤੀ

08/31/2019 3:14:11 PM

ਲੁਸਾਨੇ— ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਕੋਸ਼ਿਸ਼ ’ਚ ਲੱਗੇ ਪੁਰਸ਼ ਅਤੇ ਮਹਿਲਾ ਮੁੱਕੇਬਾਜ਼ਾਂ ਲਈ ‘ਨਿਰਪੱਖ ਅਤੇ ਪਾਰਦਰਸ਼ੀ’ ਟੂਰਨਾਮੈਂਟਾਂ ਦੀ ਜਾਣਕਾਰੀ ਦਿੱਤੀ। ਫਰਵਰੀ ਤੋਂ ਅਪ੍ਰੈਲ ਤਕ ਦੋ ਮਹੀਨੇ ’ਚ ਚੀਨ, ਸੇਨੇਗਲ, ਅਰਜਨਟੀਨਾ ਅਤੇ ਬਿ੍ਰਟੇਨ ’ਚ ਚਾਰ ਮਹਾਦੀਪੀ ਕੁਆਲੀਫਿਕੇਸ਼ਨ ਟੂਰਨਾਮੈਂਟ ਦੀ ਪੁਸ਼ਟੀ ਕੀਤੀ ਗਈ ਹੈ। ਅੰਤਿਮ ਸੰਸਾਰਕ ਕੁਆਲੀਫਾਇੰਗ ਟੂਰਨਾਮੈਂਟ ਹੁਣ ਟੋਕੀਓ ਦੇ ਬਜਾਏ 13 ਤੋਂ 24 ਮਈ ਤਕ ਪੈਰਿਸ ’ਚ ਆਯੋਜਿਤ ਕੀਤਾ ਜਾਵੇਗਾ। 

ਕੌਮਾਂਤਰੀ ਓਲੰਪਿਕ ਕਮੇਟੀ ਨੇ ਜੂਨ ’ਚ ਸੰਚਾਲਨ ਅਦਾਰੇ ਏ. ਆਈ. ਬੀ. ਏ. ਤੋਂ ਹੱਕ ਖੋਹ ਕੇ 2020 ਟੋਕੀਓ ਓਲੰਪਿਕ ਖੇਡਾਂ ਦੀ ਮੁੱਕੇਬਾਜ਼ੀ ਪ੍ਰਤੀਯੋਗਿਤਾ ਦਾ ਆਯੋਜਨ ਕਰਨ ਦੀ ਜ਼ਿੰਮੇਵਾਰੀ ਲਈ ਸੀ। ਆਈ. ਓ. ਸੀ. ਦੇ ਇਕ ਪੈਨਲ ਨੇ ਏ. ਆਈ. ਬੀ. ਏ. ਦੀ ਪ੍ਰਧਾਨਗੀ, ਸੰਚਾਲਨ, ਵਿੱਤੀ ਮਾਮਲਿਆਂ ਅਤੇ ਓਲੰਪਿਕ ਮੁਕਾਬਲਿਆਂ ’ਚ ਹੇਰਾਫੇਰੀ ਦੇ ਸ਼ੱਕ ਦੀ ਜਾਂਚ ਕੀਤੀ। ਆਈ. ਓ. ਸੀ. ਦਾ ਕਹਿਣਾ ਹੈ ਕਿ ਉਹ ‘ਰੈਫਰੀ ਅਤੇ ਜੱਜਾਂ ਦੀ ਚੋਣ ਅਤੇ ਉਨ੍ਹਾਂ ਦੇ ਫੈਸਲੇ ਦੇ ਅੰਦਾਜ਼ੇ’ ਦੀ ਇਕ ਆਜ਼ਾਦ ਸਮੀਖਿਆ ਨੂੰ ਅੰਤਿਮ ਰੂਪ ਦੇ ਰਿਹਾ ਹੈ। ਟੋਕੀਓ ’ਚ ਮੁੱਕੇਬਾਜ਼ੀ ਮੁਕਾਬਲਾ ਅੱਠ ਪੁਰਸ਼ ਵਜ਼ਨ ਵਰਗ ਅਤੇ ਪੰਜ ਮਹਿਲਾ ਵਜ਼ਨ ਵਰਗ ’ਚ ਆਯੋਜਿਤ ਕੀਤੀ ਜਾਵੇਗੀ। 

Tarsem Singh

This news is Content Editor Tarsem Singh