INDvsAUS- ਸ਼੍ਰੇਅਸ਼ ਅਈਅਰ ਦੀ ਹੋਵੇਗੀ ਵਾਪਸੀ, ਭਾਰਤੀ ਟੀਮ ਕੋਲ ਲੜੀ ਜਿੱਤਣ ਦਾ ਸੁਨਹਿਰੀ ਮੌਕਾ

12/01/2023 1:19:10 PM

ਸਪੋਰਟਸ ਡੈਸਕ- ਅੱਜ ਛੱਤੀਸਗੜ੍ਹ ਦੇ ਰਾਏਪੁਰ ਕ੍ਰਿਕਟ ਸਟੇਡੀਅਮ 'ਚ ਭਾਰਤ ਤੇ ਆਸਟ੍ਰੇਲੀਆ ਵਿਚਾਲੇ 5 ਟੀ-20 ਮੈਚਾਂ ਦੀ ਲੜੀ ਦਾ ਚੌਥਾ ਮੈਚ ਖੇਡਿਆ ਜਾਵੇਗਾ। ਆਸਟ੍ਰੇਲੀਆ ਦੇ ਧਮਾਕੇਦਾਰ ਬੱਲੇਬਾਜ਼ ਗਲੇਨ ਮੈਕਸਵੈੱਲ ਦੀ ਗੈਰ-ਮੌਜੂਦਗੀ ਦਾ ਫਾਇਦਾ ਉਠਾਉਂਦੇ ਹੋਏ ਭਾਰਤੀ ਨੌਜਵਾਨ ਗੇਂਦਬਾਜ਼ ਡੈੱਥ ਓਵਰਾਂ ’ਚ ਬਿਹਤਰ ਪ੍ਰਦਰਸ਼ਨ ਦੀ ਕੋਸ਼ਿਸ਼ ਕਰਨਗੇ। ਤੀਜੇ ਮੈਚ ’ਚ ਭਾਰਤੀ ਗੇਂਦਬਾਜ਼ਾਂ ਨੇ ਆਖਰੀ 2 ਓਵਰਾਂ ’ਚ 43 ਦਿੱਤੀਆਂ ਸਨ। ਦੀਪਕ ਚਾਹਰ ਦੀ ਟੀਮ ’ਚ ਵਾਪਸੀ ਹੋਈ ਹੈ ਅਤੇ ਉਹ ਨਵੀਂ ਗੇਂਦ ਨਾਲ ਬਿਹਤਰ ਸਾਬਿਤ ਹੋ ਸਕਦਾ ਹੈ।

ਉਥੇ ਇਕ ਮੈਚ ਦੀ ਬ੍ਰੇਕ ਤੋਂ ਬਾਅਦ ਡੈੱਥ ਓਵਰਾਂ ਦਾ ਮਾਹਿਰ ਮੁਕੇਸ਼ ਕੁਮਾਰ ਵੀ ਟੀਮ ’ਚ ਪਰਤਿਆ ਹੈ। ਪ੍ਰਸਿੱਧ ਅਤੇ ਆਵੇਸ਼ ਖਾਨ ਕੋਲ ਵਿਭਿੰਨਤਾ ਅਤੇ ਨਵੀਨਤਾ ਦੀ ਕਮੀ ਦਿਸੀ। ਦੋਵਾਂ ਨੇ 130 ਜਾਂ 140 ਦੀ ਰਫਤਾਰ ਨਾਲ ਗੇਂਦਬਾਜ਼ੀ ਕੀਤੀ ਪਰ ਗੇਂਦ ਦੀ ਲੈਂਥ ’ਚ ਵਿਭਿੰਨਤਾ ਨਹੀਂ ਲਿਆ ਸਕੇ, ਜਿਸ ਨਾਲ ਬੱਲੇਬਾਜ਼ਾਂ ਲਈ ਉਨ੍ਹਾਂ ਦੀ ਗੇਂਦਬਾਜ਼ੀ ਨੂੰ ਜੱਜ ਕਰਨਾ ਆਸਾਨ ਹੋ ਗਿਆ। ਇਸ ਤੋਂ ਇਲਾਵਾ ਦੋਵੇਂ ਗੇਂਦਬਾਜ਼ ਪ੍ਰਭਾਵਸ਼ਾਲੀ ਯਾਰਕਰ ਪਾਉਣ ’ਚ ਵੀ ਨਾਕਾਮ ਰਹੇ। 

ਬੱਲੇਬਾਜ਼ੀ ’ਚ ਸ਼੍ਰੇਅਸ ਅਈਅਰ ਦੀ ਵਾਪਸੀ ਕਾਫ਼ੀ ਮਹੱਤਵਪੂਰਨ ਹੈ, ਜਿਸ ਕਾਰਨ ਤਿਲਕ ਵਰਮਾ ਨੂੰ ਬਾਹਰ ਬੈਠਣਾ ਪੈ ਸਕਦਾ ਹੈ ਕਿਉਂਕਿ ਯਸ਼ਸਵੀ ਜਾਇਸਵਾਲ, ਰਿਤੂਰਾਜ ਗਾਇਕਵਾੜ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ ਅਤੇ ਫਿਨਿਸ਼ਰ ਰਿੰਕੂ ਸਿੰਘ ਦੀ ਚੋਣ ਤਾਂ ਤੈਅ ਹੈ।

ਇਹ ਵੀ ਪੜ੍ਹੋ- ਲੀਜੈਂਡਜ਼ ਲੀਗ ਟੂਰਨਾਮੈਂਟ ਦੇ ਖਿਡਾਰੀ ਪੁੱਜੇ ਜੰਮੂ, ਮਾਤਾ ਵੈਸ਼ਣੋ ਦੇਵੀ ਮੰਦਰ 'ਚ ਕੀਤੀ ਪੂਜਾ

ਭਾਰਤੀ ਟੀਮ ਮੈਕਸਵੈੱਲ ਦੀ ਕਮੀ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰੇਗੀ, ਜਿਸ ਨੇ ਆਪਣੇ ਦਮ ’ਤੇ ਆਸਟ੍ਰੇਲੀਆ ਨੂੰ ਤੀਜਾ ਮੈਚ ਜਿਤਾਇਆ ਸੀ। ਉਸ ਨੇ 48 ਗੇਂਦਾਂ ’ਚ 104 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਹੁਣ ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਟਿਮ ਡੇਵਿਡ, ਜੋਸ਼ ਫਿਲਿਪ ਅਤੇ ਬੇਨ ਮੈਕਡਰਮੋਟ ਦੀ ਚੁਣੌਤੀ ਹੋਵੇਗੀ, ਜੋ ਪਿਛਲੇ 5-6 ਹਫਤਿਆਂ ’ਚ ਸੀਮਿਤ ਓਵਰਾਂ ਦੀ ਕ੍ਰਿਕਟ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।

ਇਸ ਤੋਂ ਇਲਾਵਾ ਵਿਸ਼ਵ ਕੱਪ ਫਾਈਨਲ ’ਚ ਯਾਦਗਾਰ ਪਾਰੀ ਖੇਡਣ ਵਾਲੇ ਟ੍ਰੈਵਿਸ ਹੈੱਡ ਅਤੇ ਤਜਰਬੇਕਾਰ ਕਪਤਾਨ ਮੈਥਿਊ ਵੇਡ ਵੀ ਟੀਮ ’ਚ ਹਨ। ਗੁਹਾਟੀ ਵਾਂਗ ਇਥੇ ਵੀ ਤ੍ਰੇਲ ਦੀ ਭੂਮਿਕਾ ਅਹਿਮ ਹੋਵੇਗੀ ਅਤੇ ਟਾਸ ਜਿੱਤਣ ਵਾਲਾ ਕਪਤਾਨ ਟੀਚੇ ਦਾ ਪਿੱਛਾ ਕਰਨਾ ਚਾਹੇਗਾ। ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਦੂਜੀ ਪਾਰੀ ’ਚ ਗਿੱਲੀ ਗੇਂਦ ਨਾਲ ਜੂਝਣਾ ਪਵੇਗਾ।

ਟੀਮਾਂ-
ਭਾਰਤ :
ਸੂਰਿਆਕੁਮਾਰ ਯਾਦਵ (ਕਪਤਾਨ), ਰਿਤੂਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ, ਯਸ਼ਸਵੀ ਜਾਇਸਵਾਲ, ਤਿਲਕ ਵਰਮਾ, ਰਿੰਕੂ ਸਿੰਘ, ਜਿਤੇਸ਼ ਸ਼ਰਮਾ, ਦੀਪਕ ਚਾਹਰ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਸ਼ਿਵਮ ਦੂਬੇ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਪ੍ਰਸਿਦ ਕ੍ਰਿਸ਼ਨਾ, ਆਵੇਸ਼ ਖਾਨ, ਮੁਕੇਸ਼ ਕੁਮਾਰ

ਆਸਟ੍ਰੇਲੀਆ : ਮੈਥਿਊ ਵੇਡ (ਕਪਤਾਨ), ਆਰੋਨ ਹਾਰਡੀ, ਜੇਸਨ ਬੇਹਰੇਨਡੋਰਫ, ਸੀਨ ਐਬਟ, ਟਿਮ ਡੇਵਿਡ, ਨਾਥਨ ਐਲਿਸ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਤਨਵੀਰ ਸੰਘਾ, ਮੈਟ ਸ਼ਾਰਟ, ਜੋਸ਼ ਫਿਲਿਪ, ਕੇਨ ਰਿਚਰਡਸਨ, ਬੇਨ ਡਵਾਰਸ਼ੁਇਸ, ਕੈਮਰੂਨ ਗ੍ਰੀਨ, ਬੇਨ ਮੈਕਡਰਮੋਟ

ਇਹ ਵੀ ਪੜ੍ਹੋ- BCCI ਨੇ ਵਧਾਇਆ ਰਾਹੁਲ ਦ੍ਰਾਵਿੜ ਦਾ ਕਾਰਜਕਾਲ, ਬਣੇ ਰਹਿਣਗੇ ਭਾਰਤੀ ਕ੍ਰਿਕਟ ਟੀਮ ਦੇ ਹੈੱਡ ਕੋਚ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harpreet SIngh

This news is Content Editor Harpreet SIngh