ਭਾਰਤੀ ਮਹਿਲਾ ਟੀਮ ਤੀਜੇ ਮੈਚ 'ਚ ਕੋਰੀਆ ਹੱਥੋਂ 0-4 ਨਾਲ ਹਾਰੀ

05/24/2019 6:26:42 PM

ਸਪੋਰਟਸ ਡੈਸਕ—ਭਾਰਤੀ ਮਹਿਲਾ ਹਾਕੀ ਟੀਮ ਨੂੰ ਸ਼ੁੱਕਰਵਾਰ ਨੂੰ ਇੱਥੇ ਤੀਜੇ ਤੇ ਆਖਰੀ ਮੈਚ ਵਿਚ ਮੇਜ਼ਬਾਨ ਦੱਖਣੀ ਕੋਰੀਆ ਹੱਥੋਂ 0-4 ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਹਾਲਾਂਕਿ ਉਹ ਪਹਿਲਾਂ ਹੀ ਲੜੀ ਆਪਣੇ ਨਾਂ ਕਰ ਚੁੱਕੀ ਸੀ। ਭਾਰਤ ਨੇ ਇਸ ਤੋਂ ਪਹਿਲਾਂ ਦੋ ਮੈਚਾਂ ਵਿਚ ਕੋਰੀਆ 'ਤੇ ਲਗਾਤਾਰ 2-1 ਦੇ ਫਰਕ ਨਾਲ ਜਿੱਤ ਹਾਸਲ ਕਰ ਕੇ ਸੀਰੀਜ਼ ਜਿੱਤ ਲਈ ਸੀ। ਮੇਜ਼ਬਾਨਾਂ ਨੇ ਸਰਕਲ ਵਿਚ ਕਾਫੀ ਸਫਲ ਹਮਲੇ ਕੀਤੇ, ਜਿਸ ਨਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰਤੀ ਡਿਫੈਂਸ ਕਾਫੀ ਦਬਾਅ ਵਿਚ ਆ ਗਿਆ। ਮੇਜ਼ਬਾਨਾਂ ਨੇ ਪੰਜ ਪੈਨਲਟੀ ਕਾਰਨਰ ਬਣਾਏ ਤੇ 29ਵੇਂ ਮਿੰਟ ਵਿਚ ਇਕ ਨੂੰ ਗੋਲ ਵਿਚ ਬਦਲ ਦਿੱਤਾ। ਜਾਂਗ ਹਸੀਨ ਨੇ ਇਹ ਗੋਲ ਕਰ ਕੇ ਟੀਮ ਲਈ ਸ਼ੁਰੂਆਤ ਕੀਤੀ।
ਕਿਮ ਹਿਊਂਜੀ ਤੇ ਕਾਂਗ ਜਿਨਾ ਨੇ 41ਵੇਂ ਮਿੰਟ ਵਿਚ ਲਗਾਤਾਰ ਗੋਲ ਕਰ ਦਿੱਤੇ। ਤਿੰਨ ਗੋਲ ਗੁਆਉਣ ਤੋਂ ਬਾਅਦ ਭਾਰਤ ਦਾ ਮਨੋਬਲ ਡਿੱਗ ਗਿਆ ਸੀ। ਲੀ ਯੂਰੀ ਨੇ 53ਵੇਂ ਮਿੰਟ ਵਿਚ ਚੌਥਾ ਗੋਲ ਕੀਤਾ। ਭਾਰਤੀ ਕੋਚ ਸੋਰਡ ਮਾਰਿਨੇ ਨੇ ਕਿਹਾ, ''ਸਿੱਖਣ ਦੀ ਪ੍ਰਕਿਰਿਆ ਹਮੇਸ਼ਾ ਉਤਾਰ-ਚੜ੍ਹਾਅ ਨਾਲ ਭਰੀ ਰਹਿੰਦੀ ਹੈ ਤੇ ਅੱਜ ਅਜਿਹਾ ਤਜਰਬਾ ਸੀ, ਜਿੱਥੇ ਸਾਨੂੰ ਸ਼ੁਰੂ ਵਿਚ ਹੀ ਝਟਕੇ ਲੱਗੇ, ਜਿਸ ਤੋਂ ਅਸੀਂ ਉਭਰ ਨਹੀਂ ਸਕੇ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇਸ ਤਜਰਬੇ ਤੋਂ ਸਿੱਖਿਆ ਹਾਸਲ ਨਹੀਂ ਕਰਾਂਗੇ।''