ਪ੍ਰਿਆ-ਜੇਮਿਮਾ ਦੇ ਦਮ ’ਤੇ ਭਾਰਤੀ ਔਰਤਾਂ ਜਿੱਤੀਆਂ

10/10/2019 2:12:49 AM

ਵਡੋਦਰਾ– ਪ੍ਰਿਆ ਪੂਨੀਆ (ਅਜੇਤੂ 75) ਅਤੇ ਜੇਮਿਮਾ ਰੋਡ੍ਰਿਗਜ਼ (ਅਜੇਤੂ 55) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫਰੀਕਾ ਨੂੰ ਪਹਿਲੇ ਵਨ ਡੇ ’ਚ 8 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ’ਚ 1-0 ਦੀ ਬੜ੍ਹਤ ਬਣਾ ਲਈ ਹੈ। ਭਾਰਤੀ ਟੀਮ ਨੇ ਟੀ-20 ਸੀਰੀਜ਼ 3-1 ਨਾਲ ਜਿੱਤਣ ਤੋਂ ਬਾਅਦ ਵਨ ਡੇ ਸੀਰੀਜ਼ ’ਚ ਸ਼ਾਨਦਾਰ ਸ਼ੁਰੂਆਤ ਕੀਤੀ। ਦੱਖਣੀ ਅਫਰੀਕਾ ਨੂੰ 45.1 ਓਵਰਾਂ ’ਚ 164 ਦੌੜਾਂ ’ਤੇ ਰੋਕਣ ਤੋਂ ਬਾਅਦ ਭਾਰਤ ਨੇ 41.4 ਓਵਰਾਂ ’ਚ 2 ਵਿਕਟਾਂ ’ਤੇ 165 ਦੌੜਾਂ ਬਣਾ ਕੇ ਮੈਚ ਜਿੱਤ ਲਿਆ।


ਪ੍ਰਿਆ ਨੇ 124 ਗੇਂਦਾਂ ’ਤੇ 8 ਚੌਕਿਆਂ ਦੀ ਮਦਦ ਨਾਲ ਅਜੇਤੂ 75 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਉਸ ਨੇ ਜੇਮਿਮਾ ਨਾਲ ਪਹਿਲੀ ਵਿਕਟ ਲਈ 83 ਦੌੜਾਂ ਜੋੜੀਆਂ। ਜੇਮਿਮਾ ਨੇ 65 ਗੇਂਦਾਂ ’ਤੇ 55 ਦੌੜਾਂ ’ਚ 7 ਚੌਕੇ ਲਾਏ। ਉਸ ਤੋਂ ਬਾਅਦ ਪ੍ਰਿਆ ਨੇ ਪੂਨਮ ਰਾਊਤ ਨਾਲ ਦੂਜੀ ਵਿਕਟ ਲਈ 45 ਦੌੜਾਂ ਜੋੜੀਆਂ। ਪੂਨਮ ਨੇ 38 ਗੇਂਦਾਂ ’ਤੇ 16 ਦੌੜਾਂ ਬਣਾਈਆਂ ਅਤੇ 3 ਚੌਕੇ ਲਾਏ। ਪ੍ਰਿਆ ਨੇ ਕਪਤਾਨ ਮਿਤਾਲੀ ਰਾਜ ਨਾਲ ਭਾਰਤ ਨੂੰ ਜਿੱਤ ਦਿਵਾਈ। ਮਿਤਾਲੀ ਨੇ 24 ਗੇਂਦਾਂ ’ਤੇ ਅਜੇਤੂ 11 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਨੇ ਤੀਜੀ ਵਿਕਟ ਲਈ 37 ਦੌੜਾਂ ਜੋੜੀਆਂ। ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਝੂਲਨ ਗੋਸਵਾਮੀ ਨੇ 33 ਦੌੜਾਂ ’ਤੇ 3 ਵਿਕਆਂ, ਸ਼ਿਖਾ ਪਾਂਡੇ, ਏਕਤਾ ਬਿਸ਼ਟ ਅਤੇ ਪੂਨਮ ਯਾਦਵ ਨੇ 2-2 ਵਿਕਟਾਂ ਲਈਆਂ, ਜਦਕਿ ਦੀਪਤੀ ਸ਼ਰਮਾ ਨੇ ਇਕ ਵਿਕਟ ਲਈ।

Gurdeep Singh

This news is Content Editor Gurdeep Singh