ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕੋਚ ਨੇ ਅਹੁਦੇ ਤੋਂ ਅਸਤੀਫਾ

07/10/2018 11:03:17 PM

ਨਵੀਂ ਦਿੱਲੀ— ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕੋਚ ਤੁਸ਼ਾਰ ਅਰੋਠੇ ਨੇ ਟੀਮ ਦੀ ਕੁਝ ਸਟਾਰ ਖਿਡਾਰੀਆਂ ਦੇ ਨਾਲ ਕਥਿਤ ਮੱਤਭੇਦਾਂ ਤੋਂ ਬਾਅਦ ਮੰਗਲਵਾਰ ਨੂੰ ਅਹੁਦਾ ਛੱਡ ਦਿੱਤਾ। ਖਿਡਾਰੀ ਉਨ੍ਹਾਂ ਦੇ ਟ੍ਰੇਨਿੰਗ ਦੇ ਤਰੀਕੇ ਦਾ ਵਿਰੋਧ ਕਰ ਰਹੇ ਸਨ। ਪ੍ਰਬੰਧਕ ਕਮੇਟੀ (ਸੀ. ਓ. ਏ.) ਦੇ ਕਾਰਜਕਾਲ 'ਚ ਇਸ ਤਰ੍ਹਾਂ ਦੂਜੀ ਵਾਰ ਹੋਇਆ ਹੈ ਜਦੋਂ ਕਿਸੇ ਰਾਸ਼ਟਰੀ ਕੋਚ ਨੇ ਖਿਡਾਰੀਆਂ ਦੇ ਵਿਦਰੋਹ ਤੋਂ ਬਾਅਦ ਅਹੁਦਾ ਛੱਡ ਦਿੱਤਾ। ਪਿਛਲੇ ਸਾਲ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਅਨਿਲ ਕੁੰਬਲੇ ਨੇ ਵੀ ਕਪਤਾਨ ਵਿਰਾਟ ਕੋਹਲੀ ਦੇ ਨਾਲ ਮੱਤਭੇਦਾਂ ਤੋਂ ਬਾਅਦ ਅਹੁਦਾ ਛੱਡ ਦਿੱਤਾ।
ਬੀ. ਸੀ. ਸੀ. ਆਈ. ਨੇ ਮੰਗਲਵਾਰ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕੋਚ ਅਰੋਠੇ ਦਾ ਅਸਤੀਫਾ ਸਵੀਕਾਰ ਕਰ ਲਿਆ। ਹਾਲਾਂਕਿ ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬਹੁਤ ਪ੍ਰਭਾਵ ਰੱਖਣ ਵਾਲੇ ਕੁਝ ਸੀਨੀਅਰ ਖਿਡਾਰੀ ਚਾਹੁੰਦੇ ਸਨ ਕਿ ਉਹ ਤੁਰੰਤ ਅਹੁਦੇ ਤੋਂ ਹਟਾਏ ਜਾਣ ਤੇ ਇਸ ਵਜ੍ਹਾ ਨਾਲ ਅਰੋਠੇ ਅਸਤੀਫਾ ਦੇਣ ਲਈ ਮਜ਼ਬੂਰ ਹੋਏ।