ਭਾਰਤੀ ਮਹਿਲਾ ਸਾਈਕਲਿਸਟ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਕੋਚ ਦਾ ਕਰਾਰ ਖ਼ਤਮ, ਸਲੋਵੇਨੀਆ ਤੋਂ ਵਾਪਸ ਬੁਲਾਈ ਟੀਮ

06/10/2022 3:43:02 PM

ਨਵੀਂ ਦਿੱਲੀ- ਭਾਰਤੀ ਖੇਡ ਅਥਾਰਿਟੀ ਨੇ 9 ਜੂਨ ਨੂੰ ਸਲੋਵੇਨੀਆ 'ਚ ਇਕ ਭਾਰਤੀ ਮਹਿਲਾ ਸਾਈਕਲਿਸਟ ਵਲੋਂ ਟ੍ਰੇਨਿੰਗ ਦੇ ਦੌਰਾਨ ਕੋਚ ਵਲੋਂ ਗ਼ਲਤ ਵਿਵਹਾਰ ਕਰਨ ਦਾ ਦੋਸ਼ ਲਗਾਉਣ ਦੇ ਬਾਅਦ ਕਾਰਵਾਈ ਕਰਦੇ ਹੋਏ ਮੁਖ ਸਾਈਕਲਿੰਗ ਕੋਚ ਆਰ. ਕੇ. ਸ਼ਰਮਾ ਦੇ ਨਾਲ ਕਰਾਰ ਖ਼ਤਮ ਕਰ ਦਿੱਤਾ ਹੈ ਤੇ ਟ੍ਰੇਨਿੰਗ ਤੇ ਪ੍ਰਤੀਯੋਗਿਤਾ 'ਚ ਹਿੱਸਾ ਲੈਣ ਲਈ ਸਲੋਵੇਨੀਆ ਗਈ ਪੂਰੀ ਭਾਰਤੀ ਟੀਮ ਨੂੰ ਵਾਪਸ ਬੁਲਾ ਲਿਆ ਹੈ। 

ਇਹ ਵੀ ਪੜ੍ਹੋ : IND vs SA 1st T20i : ਦੱਖਣੀ ਅਫਰੀਕਾ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ

ਜ਼ਿਕਰਯੋਗ ਹੈ ਕਿ ਸਲੋਵੇਨੀਆ ਪ੍ਰਵਾਸ ਦੇ ਦੌਰਾਨ ਮਹਿਲਾ ਸਾਈਕਲਿਸਟ ਨੇ ਸਾਈ (SAI) ਨੂੰ ਕੋਚ ਦੇ ਗ਼ਲਤ ਵਿਵਹਾਰ ਦੇ ਬਾਰੇ ਦੱਸਿਆ ਸੀ ਤੇ ਕਿਹਾ ਕਿ ਉਹ ਇੰਨੀ ਡਰੀ ਹੋਈ ਸੀ ਕਿ ਉਸ ਨੂੰ ਆਪਣੀ ਜਾਨ ਗੁਆਉਣ ਦਾ ਖ਼ਤਰਾ ਮਹਿਸੂਸ ਹੋਣ ਲੱਗਾ ਸੀ। ਦਅਰਸਲ ਇਹ ਪੰਜ ਪੁਰਸ਼ ਤੇ ਇਕ ਮਹਿਲਾ ਸਾਈਕਲ ਚਾਲਕ ਦਾ ਇਕ ਖੇਡ ਦਲ ਸੀ। ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਕੋਚ ਨੇ ਉਸ ਨੂੰ ਇਸ ਬਹਾਨੇ ਹੋਟਲ ਦਾ ਕਮਰਾ ਸਾਂਝਾ ਕਰਨ ਲਈ ਮਜਬੂਰ ਕੀਤਾ ਕਿ ਰਿਹਾਇਸ ਦੀ ਵਿਵਸਥਾ ਇਕ ਕਮਰੇ 'ਚ ਦੋ ਲੋਕਾਂ ਦੇ ਠਹਿਰਣ ਦੇ ਆਧਾਰ 'ਤੇ ਕੀਤੀ ਗਈ ਹੈ। 

ਖਿਡਾਰਨ ਦੀ ਬੇਨਤੀ 'ਤੇ ਸਾਈ ਨੇ ਉਸ ਨੂੰ ਅਲਗ ਕਮਰਾ ਦੇਣ ਦੀ ਵਿਵਸਥਾ ਕੀਤੀ ਪਰ ਕੋਚ ਦਾ ਵਿਰੋਧ ਕਰਨ 'ਤੇ ਉਕਤ ਦੋਸ਼ੀ ਉਸ ਨੂੰ ਹੋਰਨਾਂ ਮੈਂਬਰਾ ਦੇ ਨਾਲ ਇਕ ਪ੍ਰੋਗਰਾਮ ਲਈ ਜਰਮਨੀ ਨਹੀਂ ਲੈ ਕੇ ਗਿਆ। ਸ਼ਿਕਾਇਤ ਕਰਤਾ ਦੇ ਮੁਤਾਬਕ ਉਸ ਨੇ ਆਪਣੀ ਸੁਰੱਖਿਆ ਨੂੰ ਧਿਆਨ 'ਚ ਰਖ ਕੇ ਉਦੋਂ ਸਿਖਲਾਈ ਕੈਂਪ ਛੱਡਣ ਦਾ ਫ਼ੈਸਲਾ ਕੀਤਾ ਜਦੋਂ ਕੋਚ ਨੇ ਸਾਈਕਲ ਚਾਲਕ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਉਸ ਨਾਲ ਸਰੀਰਕ ਸਬੰਧ ਨਹੀਂ ਬਣਾਵੇਗੀ ਤਾਂ ਉਹ ਉਸ ਨੂੰ ਰਾਸ਼ਟਰੀ ਉੱਤਮਤਾ ਕੇਂਦਰ (ਐੱਨ. ਸੀ. ਆਈ.) ਤੋਂ ਹਟਾ ਕੇ ਉਸ ਦਾ ਕਰੀਅਰ ਬਰਬਾਦ ਕਰ ਦੇਵੇਗਾ। ਇਸ ਤੋਂ ਬਾਅਦ ਸਾਈ ਨੇ ਮਾਮਲੇ ਜਾਂਚ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ । 

SAI ਦਾ ਬਿਆਨ
ਆਪਣੇ  ਬਿਆਨ 'ਚ ਸਾਈ ਨੇ ਕਿਹਾ ਕਿ ਕਮੇਟੀ ਨੇ ਆਪਣੀ ਸ਼ੁਰੂਆਤੀ ਰਿਪੋਰਟ ਸੌਂਪ ਦਿੱਤੀ ਹੈ ਤੇ ਪਹਿਲੇ ਨਜ਼ਰ 'ਚ ਇਹ ਮਾਮਲਾ ਬਣਦਾ ਹੈ ਤੇ ਐਥਲੀਟ ਦੇ ਇਲਜ਼ਾਮ ਸਹੀ ਪਾਏ ਗਏ ਹਨ। ਬਿਆਨ 'ਚ ਅੱਗੇ ਕਿਹਾ ਗਿਆ ਕਿ, 'ਕੋਚ ਨੂੰ ਭਾਰਤੀ ਸਾਈਕਲਿੰਗ ਮਹਾਸੰਘ (ਸੀ. ਐੱਫ. ਆਈ.) ਦੀ ਸਿਫਾਰਸ਼ 'ਤੇ ਰਖਿਆ ਗਿਆ ਸੀ ਜਿਸ ਦਾ ਸਾਈ ਦੇ ਨਾਲ ਕਰਾਰ ਸੀ। ਰਿਪੋਰਟ ਦੇ ਬਾਅਦ ਸਾਈ ਨੇ ਤੁਰੰਤ ਪ੍ਰਭਾਵ ਨਾਲ ਕੋਚ ਨਾਲ ਕਰਾਰ ਰੱਦ ਕਰ ਦਿੱਤਾ ਹੈ। ਕਮੇਟੀ ਮਾਮਲੇ ਦੀ ਵਿਸਥਾਰ ਨਾਲ ਜਾਂਚ ਕਰੇਗੀ ਤੇ ਆਖ਼ਰੀ ਰਿਪੋਰਟ ਸੌਂਪੇਗੀ।

ਇਹ ਵੀ ਪੜ੍ਹੋ : ਹਰਮਨਪ੍ਰੀਤ ਕੌਰ ਬਣੀ ਭਾਰਤੀ ਮਹਿਲਾ ਵਨ-ਡੇ ਟੀਮ ਦੀ ਕਪਤਾਨ

ਅਨੁਰਾਗ ਠਾਕੁਰ ਦਾ ਬਿਆਨ
ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਜਾਂਚ ਦੇ ਬਾਅਦ ਜਿਸ ਤਰ੍ਹਾਂ ਦੀ ਵੀ ਕਾਰਵਾਈ ਦੀ ਲੋੜ ਹੋਵੇਗੀ, ਅਸੀਂ ਉਸ ਮੁਤਾਬਕ ਕਾਰਵਾਈ ਕਰਾਂਗੇ ਕਿਉਂਕਿ ਖੇਡਾਂ 'ਚ ਅਜਿਹੀ ਕੋਈ ਵੀ ਚੀਜ਼ ਨਹੀਂ ਰਹਿ ਸਕਦੀ। ਉਨ੍ਹਾਂ ਕਿਹਾ ਜਦੋਂ ਮਾਮਲਾ ਸਾਹਮਣੇ ਆਇਆ ਤਾਂ ਅਸੀਂ ਪਹਿਲੇ ਹੀ ਦਿਨ ਤੋਂ ਇਸ 'ਤੇ ਕਾਰਵਾਈ ਕੀਤੀ। ਕੋਚ ਤੇ ਐਥਲੀਟ ਨੂੰ ਵਾਪਸ ਬੁਲਾ ਲਿਆ ਗਿਆ ਹੈ। ਜੇਕਰ ਕੋਈ ਇਸ ਤਰ੍ਹਾਂ ਦੇ ਸ਼ਰਮਨਾਕ ਕੰਮ 'ਚ ਸ਼ਾਮਲ ਹੈ ਤਾਂ ਅਸੀਂ ਸੱਚਾਈ ਲੱਭ ਕੇ ਕਾਰਵਾਈ ਕਰਾਂਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh