ਸੈਮੀਫਾਈਨਲ ''ਚ ਜਗ੍ਹਾ ਬਣਾਉਣ ਲਈ ਉਤਰੇਗੀ ਭਾਰਤੀ ਟੀਮ

11/15/2018 2:18:37 AM

ਪ੍ਰੋਵੀਡੈਂਸ- ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਟੀਮ ਵੀਰਵਾਰ ਨੂੰ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਟੀ-20 'ਚ ਆਇਰਲੈਂਡ ਖਿਲਾਫ ਜਿੱਤ ਦੇ ਨਾਲ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰਨ ਦੇ ਇਰਾਦੇ ਨਾਲ ਉਤਰੇਗੀ।
ਭਾਰਤ ਨੇ ਆਪਣੇ ਪਹਿਲੇ ਮੁਕਾਬਲੇ 'ਚ ਨਿਊਜ਼ੀਲੈਂਡ ਨੂੰ 34 ਦੌੜਾਂ ਨਾਲ, ਜਦਕਿ ਦੂਜੇ ਮੈਚ 'ਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ ਸੀ। ਭਾਰਤ ਆਪਣੇ ਗਰੁੱਪ-ਬੀ 'ਚ 2 ਮੈਚਾਂ 'ਚੋਂ ਦੋਵੇਂ ਜਿੱਤ ਕੇ 4 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ, ਜਦਕਿ ਆਸਟਰੇਲੀਆ ਨੇ ਆਪਣੇ ਸਾਰੇ 3 ਮੈਚ ਜਿੱਤੇ ਹਨ ਤੇ 6 ਅੰਕਾਂ ਨਾਲ ਚੋਟੀ 'ਤੇ ਹੈ। ਗਰੁੱਪ ਦੀਆਂ ਹੋਰ ਟੀਮਾਂ 'ਚ ਪਾਕਿਸਤਾਨ 3 ਮੈਚਾਂ 'ਚੋਂ ਇਕ ਹੀ ਜਿੱਤ ਸਕਿਆ ਹੈ ਤੇ ਤੀਜੇ ਨੰਬਰ 'ਤੇ ਹੈ, ਜਦਕਿ ਨਿਊਜ਼ੀਲੈਂਡ ਤੇ ਆਇਰਲੈਂਡ ਆਪਣੇ-ਆਪਣੇ ਦੋਵੇਂ ਮੈਚ ਹਾਰਨ ਤੋਂ ਬਾਅਦ ਟੂਰਨਾਮੈਂਟ 'ਚੋਂ ਬਾਹਰ ਹੋਣ ਕੰਢੇ ਹਨ। ਭਾਰਤੀ ਟੀਮ ਜੇ ਆਇਰਲੈਂਡ ਕੋਲੋਂ ਤੀਜਾ ਮੈਚ ਜਿੱਤ ਜਾਂਦੀ ਹੈ ਤਾਂ ਉਹ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰ ਸਕਦੀ ਹੈ, ਅਜਿਹੀ ਹਾਲਤ 'ਚ ਇਹ ਮੈਚ ਕਾਫੀ ਮਹੱਤਵਪੂਰਨ ਹੋਣ ਵਾਲਾ ਹੈ।
ਭਾਰਤੀ ਮਹਿਲਾ ਟੀਮ ਟੀ-20 ਵਿਸ਼ਵ ਕੱਪ 'ਚ ਆਖਰੀ ਵਾਰ 2010 'ਚ ਸੈਮੀਫਾਈਨਲ ਵਿਚ ਪਹੁੰਚੀ ਸੀ ਤੇ 8 ਸਾਲ ਬਾਅਦ ਉਸ ਦੇ ਕੋਲ ਇਹ ਉਪਲੱਬਧੀ ਹਾਸਲ ਕਰਨ ਦਾ ਮੌਕਾ ਰਹੇਗਾ। ਭਾਰਤੀ ਖਿਡਾਰਨਾਂ ਵਧੀਆ ਫਾਰਮ 'ਚ ਖੇਡ ਰਹੀਆਂ ਹਨ ਤੇ ਪਾਕਿਸਤਾਨ ਖਿਲਾਫ ਮੁਕਾਬਲੇ 'ਚ ਗੇਂਦਬਾਜ਼ੀ ਤੇ ਬੱਲੇਬਾਜ਼ੀ ਦੋਵਾਂ 'ਚ ਹਰਫਨਮੌਲਾ ਖੇਡ ਦਿਖਾਈ ਸੀ। ਪਾਕਿਸਤਾਨ ਨੂੰ 133 ਦੇ ਛੋਟੇ ਸਕੋਰ 'ਤੇ ਰੋਕਣ 'ਚ ਗੇਂਦਬਾਜ਼ਾਂ ਦਾ ਅਹਿਮ ਯੋਗਦਾਨ ਰਿਹਾ ਸੀ, ਜਿਸ 'ਚ ਪੂਨਮ ਯਾਦਵ ਤੇ ਦਿਆਲਨ ਹੇਮਲਤਾ ਦਾ ਪ੍ਰਦਰਸ਼ਨ ਹੁਣ ਤੱਕ ਕਮਾਲ ਦਾ ਰਿਹਾ ਹੈ ਤੇ ਉਨ੍ਹਾਂ ਨੇ ਦੋਵਾਂ ਮੈਚਾਂ 'ਚ ਹੁਣ ਤੱਕ 5-5 ਵਿਕਟਾਂ ਹਾਸਲ ਕੀਤੀਆਂ ਹਨ। ਟੀਮ ਦੀਆਂ ਬਾਕੀ ਗੇਂਦਬਾਜ਼ਾਂ ਸਪਿਨਰ ਦੀਪਤੀ ਸ਼ਰਮਾ, ਅਰੁੰਧਤੀ ਰੈੱਡੀ, ਰਾਧਾ ਯਾਦਵ ਕੋਲ ਵੀ ਆਇਰਲੈਂਡ ਖਿਲਾਫ ਖੁਦ ਨੂੰ ਸਾਬਤ ਕਰਨ ਦਾ ਮੌਕਾ ਰਹੇਗਾ।