ਵਿਸ਼ਵ ਚੈਂਪੀਅਨਸ਼ਿਪ ਵਿਚ ਭਾਰਤੀ ਨਿਸ਼ਾਨੇਬਾਜ਼ ਫਾਈਨਲ ''ਚ ਪਹੁੰਚਣ ਤੋਂ ਖੁੰਝੇ

09/02/2018 7:15:28 PM

ਚਾਂਗਵਾਨ : ਭਾਰਤ ਨੇ 52ਵੀਂ ਆਈ. ਐੱਸ. ਐੱਸ. ਐੱਫ. ਵਿਸ਼ਵ ਚੈਂਪੀਅਨਸ਼ਿਪ ਦੇ ਜੂਨੀਅਰ ਵਰਗ ਵਿਚ ਦੋ ਸੋਨ ਤਮਗਿਆਂ ਨਾਲ ਐਤਵਾਰ ਨੂੰ ਇੱਥੇ ਆਪਣੀ ਮੁਹਿੰਮ ਨੂੰ ਸ਼ੁਰੂ ਕੀਤਾ ਪਰ ਸੀਨੀਅਰ ਟੀਮਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਨਿਸ਼ਾਨੇਬਾਜ਼ ਆਪਣੀ-ਆਪਣੀ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਪਹੁੰਚਣ ਤੋਂ ਅਸਫਲ ਰਹੇ। ਇਸ ਟੂਰਨਾਮੈਂਟ ਦਾ ਮਹੱਤਵ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਇੱਥੋਂ 2020 ਵਿਚ ਟੋਕੀਓ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ 60 ਕੋਟਾ ਸਥਾਨ ਹਾਸਲ ਕੀਤੇ ਜਾ ਸਕਦੇ ਹਨ।

ਅਰਜੁਨ ਸਿੰਘ ਚੀਮਾ ਨੇ ਵਿਅਕਤੀਗਤ ਜੂਨੀਅਰ ਪੁਰਸ਼ਾਂ ਦੇ 50 ਮੀਟਰ ਪਿਸਟਲ ਪ੍ਰਤੀਯੋਗਿਤਾ ਵਿਚ ਸੋਨਾ ਜਿੱਤਿਆ। ਉਸਦੇ ਪ੍ਰਦਰਸ਼ਨ ਨਾਲ ਭਾਰਤ ਨੂੰ ਟੀਮ ਪ੍ਰਤੀਯੋਗਿਤਾ ਦਾ ਸੋਨ ਤਮਗਾ ਮਿਲਿਆ। ਸੋਨਾ ਜਿੱਤਣ ਵਾਲੀ ਭਾਰਤੀ ਟੀਮ ਵਿਚ ਅਰਜਨ ਦੇ ਇਲਾਵਾ ਗੌਰਵ ਰਾਣਾ ਤੇ ਅਨਮੋਲ ਜੈਨ ਸ਼ਾਮਲ ਸਨ। ਗੌਰਵ ਨੇ ਵਿਅਕਤੀਗਤ ਪ੍ਰਤੀਯੋਗਿਤਾ ਦਾ ਕਾਂਸੀ ਤਮਗਾ ਜਿੱਤਿਆ।  

ਸੀਨੀਅਰ ਖਿਡਾਰੀਆਂ ਵਿਚ ਅਪੂਰਵੀ ਚੰਦੇਲਾ ਤੇ ਰਵੀ ਕੁਮਾਰ ਦੀ ਮਿਕਸਡ ਟੀਮ 10 ਮੀਟਰ ਏਅਰ ਰਾਈਫਲ ਕੁਆਲੀਫਿਕੇਸ਼ਨ ਵਿਚ 7ਵੇ ਸਥਾਨ'ਤੇ ਰਹੀ।  ਇਸ ਪ੍ਰਤੀਯੋਗਿਤਾ ਵਿਚ ਦੀਪਕ ਕੁਮਾਰ ਤੇ ਮੇਹੂਲੀ ਘੋਸ਼ ਦੀ ਦੂਜੀ ਭਾਰਤੀ ਜੋੜੀ 25ਵੇਂ ਸਥਾਨ 'ਤੇ ਰਹੀ। ਸ਼ਹਜਰ ਰਿਜਵੀ ਤੇ ਹਿਨਾ ਸਿੱਧੂ ਦੀ ਭਾਰਤੀ ਜੋੜੀ 10 ਮੀਟਰ ਏਅਰ ਪਿਸਟਲ ਮਿਕਸਟ ਟੀਮ ਪ੍ਰਤੀਯੋਗਿਤਾ ਵਿਚ 10ਵੇਂ ਸਥਾਨ 'ਤੇ ਰਹੀ।