ਭਾਰਤੀ ਨਿਸ਼ਾਨੇਬਾਜ਼ ਰਵੀ ਕੁਮਾਰ ਨੂੰ 10 ਮੀਟਰ ਏਅਰ ਰਾਈਫਲ 'ਚ ਕਾਂਸੇ ਦਾ ਤਮਗਾ

04/08/2018 3:14:17 PM

ਗੋਲਡ ਕੋਸਟ (ਬਿਊਰੋ)— ਰਾਸ਼ਟਰਮੰਡਲ ਖੇਡਾਂ 2018 'ਚ ਵੇਟਲਿਫਟਰਾਂ ਦੀ ਚੜ੍ਹਤ ਦੇ ਵਿਚਾਲੇ ਨਿਸ਼ਾਨੇਬਾਜ਼ ਰਵੀ ਕੁਮਾਰ ਵੀ ਭਾਰਤ ਲਈ ਚੰਗੀ ਖ਼ਬਰ ਲਿਆਏ ਹਨ। ਰਵੀ ਨੇ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਕਾਂਸੀ ਤਮਗਾ ਜਿੱਤ ਲਿਆ ਹੈ। ਰਵੀ ਨੇ 224.1 ਸਕੋਰ ਦੇ ਨਾਲ ਤੀਜਾ ਸਥਾਨ ਹਾਸਲ ਕਰਲਿਆ। ਜ਼ਿਕਰਯੋਗ ਹੈ ਕਿ ਆਸਟਰੇਲੀਆ ਦੀ ਡੇਨ ਸੈਂਪਸਨ ਨੇ 245 ਦਾ ਸਕੋਰ ਕਰਕੇ ਸੋਨੇ ਦਾ ਤਮਗਾ ਜਦਕਿ ਬੰਗਲਾਦੇਸ਼ ਦੇ ਅਬਦੁੱਲਾ ਹੇਲ ਬਾਕੀ ਨੇ 244.7 ਦੇ ਸਕੋਰ ਦੇ ਨਾਲ ਚਾਂਦੀ ਦਾ ਤਮਗਾ ਜਿੱਤਿਆ। ਰਵੀ ਨੇ ਮੈਕਸਿਕੋ 'ਚ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ 'ਚ ਕਾਂਸੀ ਦਾ ਤਮਗਾ ਜਿੱਤਿਆ ਸੀ। ਰਵੀ ਨੇ ਆਖਰੀ ਕੋਸ਼ਿਸ਼ 'ਚ 10.3 ਸਕੋਰ ਬਣਾਇਆ ਪਰ ਇਹ ਇੰਨਾ ਨਹੀਂ ਸੀ ਕਿ ਉਸ ਦਾ ਕਾਂਸੀ ਤਮਗਾ ਸੋਨੇ ਜਾਂ ਚਾਂਦੀ 'ਚ ਬਦਲ ਸਕੇ।

ਨਿਸ਼ਾਨੇਬਾਜ਼ੀ 'ਚ ਮਨੂੰ ਭਾਕਰ ਅਤੇ ਹੀਨਾ ਨੇ ਵੀ ਜਿਤਾਏ ਮੈਡਲ
ਜ਼ਿਕਰਯੋਗ ਹੈ ਕਿ ਵੇਟ ਲਿਫਟਿੰਗ ਦੇ ਬਾਅਦ ਭਾਰਤੀ ਨਿਸ਼ਾਨੇਬਾਜ਼ਾਂ ਨੇ ਵੀ ਮੈਡਲ ਪ੍ਰਾਪਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਰਵੀ ਤੋਂ ਪਹਿਲਾਂ ਮਹਿਲਾ ਨਿਸ਼ਾਨੇਬਾਜ਼ ਮਨੂੰ ਭਾਕਰ ਨੇ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ 'ਚ ਸੋਨ ਤਮਗਾ ਜਿੱਤਿਆ। ਜਦਕਿ ਹੀਨਾ ਸਿੱਧੂ ਨੇ ਚਾਂਦੀ ਦਾ ਤਮਗਾ ਆਪਣੇ ਨਾਂ ਕੀਤਾ। 16 ਸਾਲਾ ਮਨੂੰ ਨੇ ਫਾਈਨਲ 'ਚ ਕੁੱਲ 240.9 ਅੰਕ ਹਾਸਲ ਕੀਤੇ, ਜਦਕਿ ਹੀਨਾ ਨੇ 234 ਅੰਕ ਹਾਸਲ ਕੀਤੇ।