39ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦਾ ਖ਼ਿਤਾਬ ਭਾਰਤੀ ਰੇਲਵੇ ਨੇ ਜਿੱਤਿਆ

11/05/2022 9:12:35 PM

ਜਲੰਧਰ (ਜ. ਬ.)- ਭਾਰਤੀ ਰੇਲਵੇ ਨੇ ਇੰਡੀਅਨ ਆਇਲ ਮੁੰਬਈ ਨੂੰ 3-1 ਦੇ ਫਰਕ ਨਾਲ ਹਰਾ ਕੇ 39ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂਅ ਕੀਤਾ। ਉਲੰਪੀਅਨ ਸੁਰਜੀਤ ਸਟੇਡੀਅਮ ਜਲੰਧਰ ਵਿਖੇ ਸਮਾਪਤ ਹੋਏ ਟੂਰਨਾਮੈਂਟ ਦੀ ਜੇਤੂ ਟੀਮ ਨੂੰ ਪੰਜ ਲੱਖ ਰੁਪਏ ਨਕਦ ਅਤੇ ਜੇਤੂ ਟਰਾਫੀ ਅਤੇ ਉਪ ਜੇਤੂ ਨੂੰ 2.51 ਲੱਖ ਰੁਪਏ ਨਕਦ ਅਤੇ ਉਪ ਜੇਤੂ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਭਾਰਤੀ ਰੇਲਵੇ ਦੇ ਗੁਰਸਾਹਿਬ ਸਿੰਘ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ ਉਸ ਨੂੰ 51000 ਰੁਪਏ ਨਕਦ ਨਾਲ ਸਨਮਾਨਿਤ ਕੀਤਾ ਗਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਪਿਯੂਸ਼ ਮਿੱਤਲ ਚੀਫ ਜਨਰਲ ਮੈਨੇਜਰ ਇੰਡੀਅਨ ਆਇਲ ਨੇ ਕੀਤੀ। ਭਾਰਤੀ ਰੇਲਵੇ ਨੇ ਇਹ ਟਰਾਫੀ ਤੀਸਰੀ ਵਾਰ ਹਾਸਲ ਕੀਤੀ ਹੈ। ਪਿਛਲੇ ਸਾਲ ਵੀ ਭਾਰਤੀ ਰੇਲਵੇ ਨੇ ਖਿਤਾਬ ਆਪਣੇ ਨਾਂਅ ਕੀਤਾ ਸੀ। ਇੰਡੀਅਨ ਆਇਲ ਦੇ ਸਾਹਿਲ ਨੂੰ ਉਭਰਦਾ ਖਿਡਾਰੀ ਐਲਾਨਿਆ ਗਿਆ, ਉਸ ਨੂੰ 31000 ਰੁਪਏ ਨਕਦ ਨਾਲ ਸਨਮਾਨਿਤ ਕੀਤਾ ਗਿਆ।

ਫਾਈਨਲ ਮੈਚ ਤੋਂ ਪਹਿਲਾਂ ਪੰਜਾਬ ਗਾਇਕ ਕੁਲਵਿੰਦਰ ਬਿੱਲਾ ਨੇ ਪੰਜਾਬੀ ਗਾਣਿਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਤੋਂ ਬਾਅਦ ਸਕੂਲੀ ਬੱਚੀਆਂ ਨੇ ਗਿੱਧੇ ਰਾਹੀਂ ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀ ਕੀਤੀ। ਜੇਤੂ ਟੀਮ ਦਾ ਪੰਜ ਲੱਖ ਦਾ ਨਕਦ ਇਨਾਮ ਅਮੋਲਕ ਸਿੰਘ ਗਾਖਲ (ਅਮਰੀਕਾ) ਵਲੋਂ ਸਪਾਂਸਰ ਕੀਤਾ ਗਿਆ ਜਦਕਿ 2.51 ਲੱਖ ਰੁਪਏ ਦਾ ਨਕਦ ਇਨਾਮ ਬਲਵਿੰਦਰ ਸਿੰਘ ਸੈਣੀ (ਜਰਮਨੀ) ਵਲੋਂ ਸਪਾਂਸਰ ਕੀਤਾ ਗਿਆ ਜਦਕਿ ਸਰਵੋਤਮ ਖਿਡਾਰੀ ਦਾ 51 ਹਜ਼ਾਰ ਰੁਪਏ ਦਾ ਇਨਾਮ ਰਣਬੀਰ ਸਿੰਘ ਰਾਣਾ ਟੁੱਟ ਵਲੋਂ ਸਪਾਂਸਰ ਕੀਤਾ ਗਿਆ। ਦਰਸ਼ਕਾਂ ਲਈ ਆਲਟੋ ਕਾਰ ਮਰਵਾਹਾ ਆਟੋਜ਼ ਵਲੋਂ ਸਪਾਂਸਰ ਕੀਤੀ ਗਈ।

ਫਾਈਨਲ ਮੁਕਾਬਲਾ ਬਹੁਤ ਤੇਜ਼ ਗਤੀ ਨਾਲ ਖੇਡਿਆ ਗਿਆ। ਖੇਡ ਦੇ 17ਵੇਂ ਮਿੰਟ ਵਿੱਚ ਭਾਰਤੀ ਰੇਲਵੇ ਦੇ ਅੰਤਰਰਾਸ਼ਟਰੀ ਖਿਡਾਰੀ ਯੁਵਰਾਜ ਵਾਲਮੀਕਿ ਨੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। ਅੱਧੇ ਸਮੇਂ ਤੱਕ ਭਾਰਤੀ ਰੇਲਵੇ 1-0 ਨਾਲ ਅੱਗੇ ਸੀ। ਅੱਧੇ ਸਮੇਂ ਤੋਂ ਬਾਅਦ 33ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਸੁਮਿਤ ਕੁਮਾਰ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਬਰਾਬਰੀ ਕੀਤੀ। ਖੇਡ ਦੇ 51ਵੇਂ ਮਿੰਟ ਵਿੱਚ ਭਾਰਤੀ ਰੇਲਵੇ ਦੇ ਸੀਸ਼ ਗੋੜਾ ਨੇ ਮੈਦਾਨੀ ਗੋਲ ਕਰਕੇ ਸਕੋਰ 2-1 ਕੀਤਾ। ਖੇਡ ਦੇ 59ਵੇਂ ਮਿੰਟ ਵਿੱਚ ਭਾਰਤੀ ਰੇਲਵੇ ਦੇ ਅੰਤਰਰਾਸ਼ਟਰੀ ਖਿਡਾਰੀ ਗੁਰਸਾਹਿਬ ਸਿੰਘ ਨੇ ਗੋਲ ਕਰਕੇ ਸਕੋਰ 3-1 ਕੀਤਾ।

ਫਾਈਨਲ ਮੈਚ ਤੋਂ ਪਹਿਲਾਂ ਮੁੱਖ ਮਹਿਮਾਨ ਪਿਯੂਸ਼ ਮਿੱਤਲ ਜਨਰਲ ਮੈਨੇਜਰ ਇੰਡੀਅਨ ਆਇਲ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਆਸ਼ੂ ਮਰਵਾਹਾ, ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁਲੂ, ਇਕਬਾਲ ਸਿੰਘ ਸੰਧੂ, ਰਣਬੀਰ ਸਿੰਘ ਰਾਣਾ ਟੁੱਟ, ਲਖਵਿੰਦਰ ਪਾਲ ਸਿੰਘ ਖਹਿਰਾ, ਐਲ ਆਰ ਨਈਅਰ, ਤਰਲੋਕ ਸਿੰਘ ਭੁੱਲਰ (ਕੈਨੇਡਾ), ਬਲਜੀਤ ਰੰਧਾਵਾ, ਰਾਜਨ ਬੇਰੀ ਇੰਡੀਅਨ ਆਇਲ, ਅਮੋਲਕ ਸਿੰਘ ਗਾਖਲ, ਰਮਣੀਕ ਸਿੰਘ ਰੰਧਾਵਾ, ਕਸ਼ਮੀਰ ਸਿੰਘ ਧੁੱਗਾ,ਅਵਤਾਰ ਸਿੰਘ ਤਾਰੀ,ਕੈਮ ਗਿੱਲ, ਇੰਦਰਜੀਤ ਗਿੱਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Tarsem Singh

This news is Content Editor Tarsem Singh