ਇੰਡੀਅਨ ਪ੍ਰੀਮੀਅਰ ਜੂਨੀਅਰ ਲੀਗ ਪੰਜਾਬ ਟਾਈਗਰ ਟੀਮ ਦੇ ਕੋਚ ਹੋਣਗੇ ਸ਼ਾਹੀ ਸ਼ਹਿਰ ਦੇ ਕਮਲਜੀਤ ਸਿੰਘ

09/14/2017 1:35:22 AM

ਪਟਿਆਲਾ (ਪ੍ਰਤਿਭਾ)-ਆਈ. ਪੀ. ਐੱਲ. ਦੀ ਤਰਜ਼ 'ਤੇ ਕਰਵਾਈ ਜਾ ਰਹੀ ਆਈ. ਪੀ. ਜੇ. ਐੱਲ. (ਇੰਡੀਅਨ ਪ੍ਰੀਮੀਅਰ ਜੂਨੀਅਰ ਲੀਗ) ਜੋ ਕਿ ਦੁਬਈ ਵਿਚ 14 ਸਤੰਬਰ ਤੋਂ 2 ਅਕਤੂਬਰ 2017 ਤੱਕ ਹੋ ਰਹੀ ਹੈ, 'ਚ ਸ਼ਾਹੀ ਸ਼ਹਿਰ ਪਟਿਆਲਾ ਦੇ ਕ੍ਰਿਕਟ ਕੋਚ ਕਮਲਜੀਤ ਸਿੰਘ ਬਤੌਰ ਕੋਚ ਭਾਗ ਲੈਣਗੇ। ਉਹ ਪੰਜਾਬ ਦੀ ਟੀਮ ਪੰਜਾਬ ਟਾਈਗਰ ਦੇ ਕੋਚ ਵਜੋਂ ਜਾਣਗੇ। ਸਕੂਲ ਗੇਮਜ਼ ਫੈੱਡਰੇਸ਼ਨ ਆਫ ਇੰਡੀਆ ਦੇ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਨੂੰ ਡੈਪੂਟੇਸ਼ਨ 'ਤੇ ਟੀਮ ਨਾਲ ਭੇਜਿਆ ਜਾ ਰਿਹਾ ਹੈ।  ਜ਼ਿਕਰਯੋਗ ਹੈ ਕਿ ਆਈ. ਪੀ. ਜੇ. ਐੱਲ. ਦਾ ਆਯੋਜਨ ਦੁਬਈ ਵਿਚ ਹੋਣ ਜਾ ਰਿਹਾ ਹੈ। ਇਸ ਲਈ ਦੇਸ਼ ਭਰ 'ਚੋਂ 16 ਦੇ ਲਗਭਗ ਟੀਮਾਂ ਬਣਾਈਆਂ ਗਈਆਂ ਹਨ। ਇਨ੍ਹਾਂ ਟੀਮਾਂ ਨਾਲ ਵੱਖ-ਵੱਖ ਸੂਬਿਆਂ ਦੇ ਸੀਨੀਅਰ ਕੋਚਾਂ ਨੂੰ ਭੇਜਿਆ ਜਾ ਰਿਹਾ ਹੈ। ਪੰਜਾਬ ਤੋਂ ਕਮਲਜੀਤ ਸਿੰਘ ਨੂੰ ਜਾਣ ਦਾ ਮੌਕਾ ਮਿਲਿਆ ਹੈ। 
ਕਮਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਫੈਡਰੇਸ਼ਨ ਨੇ ਉਨ੍ਹਾਂ ਨੂੰ ਇਹ ਮੌਕਾ ਦਿੱਤਾ ਹੈ। ਉਹ ਇਕ ਟੀਮ ਦੇ ਕੋਚ ਬਣ ਕੇ ਜਾ ਰਹੇ ਹਨ ਅਤੇ ਦਿੱਤੀ ਹੋਈ ਜ਼ਿੰਮੇਵਾਰੀ ਪੂਰੀ ਮਿਹਨਤ ਤੇ ਲਗਨ ਨਾਲ ਨਿਭਾਉਣਗੇ।