3 ਡੋਪ ਟੈਸਟ ਪਾਸ ਕਰਨ ਤੋਂ ਬਾਅਦ ਟੋਕੀਓ ਪਹੁੰਚਣਗੇ ਭਾਰਤੀ ਖਿਡਾਰੀ

02/16/2020 10:46:36 AM

ਸਪੋਰਟਸ ਡੈਸਕ— ਰੀਓ ਓਲੰਪਿਕ 'ਚ ਪਹਿਲਵਾਨ ਨਰਸਿੰਘ ਯਾਦਵ ਦੇ ਵਿਵਾਦਪੂਰਨ ਡੋਪ ਟੈਸਟ ਤੋਂ ਸਬਕ ਲੈਂਦੇ ਹੋਏ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਫੈਸਲਾ ਕੀਤਾ ਹੈ ਕਿ ਇਸ ਸਾਲ ਟੋਕੀਓ ਓਲੰਪਿਕ ਵਿਚ ਉਹ ਹੀ ਖਿਡਾਰੀ ਉਤਰ ਸਕਣਗੇ, ਜਿਹੜੇ 3 ਡੋਪ ਟੈਸਟ ਪਾਸ ਕਰਨਗੇ। ਨਾਡਾ ਦੇ ਡਾਇਰੈਕਟਰ ਜਨਰਲ ਨਵੀਨ ਅਗਰਵਾਲ ਨੇ ਵਿਸ਼ੇਸ਼ ਗੱਲਬਾਤ ਵਿਚ ਕਿਹਾ, ''ਓਲੰਪਿਕ ਦੇ ਜਿਹੜੇ ਸੰਭਾਵਿਤ ਖਿਡਾਰੀ ਹਨ ਤੇ ਜਿਹੜੇ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਹਨ, ਉਨ੍ਹਾਂ ਨੂੰ 3 ਵਾਰ ਡੋਪ ਟੈਸਟ 'ਚੋਂ ਲੰਘਣਾ ਪਵੇਗਾ ਅਰਥਾਤ ਉਨ੍ਹਾਂ ਨੂੰ ਓਲੰਪਿਕ ਜਾਣ ਤੋਂ ਪਹਿਲਾਂ ਤਿੰਨ ਡੋਪ ਟੈਸਟ ਪਾਸ ਕਰਨੇ ਪੈਣਗੇ।''PunjabKesariਅਗਰਵਾਲ ਨੇ ਕਿਹਾ, ''ਅਜੇ ਤਕ ਕਈ ਖਿਡਾਰੀਆਂ ਦਾ ਇਕ ਟੈਸਟ ਹੋ ਚੁੱਕਾ ਹੈ। ਲਗਭਗ ਸਾਰੇ ਡੋਪ ਟੈਸਟ ਠੀਕ ਰਹੇ ਹੋ। ਦੋ-ਤਿੰਨ ਮਾਮਲੇ ਪਾਜ਼ੀਟਿਵ ਆਏ ਹਨ ਤੇ ਉਨ੍ਹਾਂ ਨੂੰ ਓਲੰਪਿਕ ਸੂਚੀ ਤੋਂ ਬਾਹਰ ਕਰ ਦਿੱਤਾ ਗਿਆ ਹੈ।'' ਉਸ ਨੇ ਕਿਹਾ, ''ਸਾਡੀ ਇਸ ਵਾਰ ਪੁਰਜ਼ੋਰ ਕੋਸ਼ਿਸ਼ ਹੈ ਕਿ ਓਲੰਪਿਕ ਵਿਚ ਭਾਰਤ ਦੀ ਸਾਫ-ਸੁਥਰੀ ਟੀਮ ਜਾਵੇ। ਓਲੰਪਿਕ ਵਿਚ ਕੋਈ ਅਜਿਹਾ ਖਿਡਾਰੀ ਨਾ ਪਹੁੰਚੇ, ਜਿਹੜੇ ਦੇਸ਼ ਦਾ ਅਕਸ ਨਾ ਖਰਾਬ ਖਰੇ।'' ਜ਼ਿਕਰਯੋਗ ਹੈ ਕਿ 4 ਚਾਰ ਸਾਲ ਪਹਿਲਾਂ 2016 ਵਿਚ ਰੀਓ ਓਲੰਪਿਕ ਤੋਂ ਪਹਿਲਾਂ ਨਰਸਿੰਗ ਦਾ ਡੋਪਿੰਗ ਦਾ ਵਿਵਾਦ ਸਾਹਮਣੇ ਆਇਆ ਸੀ। ਹਾਲਾਂਕਿ ਉਸ ਨੂੰ ਭਾਰਤ ਵਿਚ ਕਲੀਨ ਚਿੱਟ ਮਿਲੀ ਪਰ ਰੀਓ ਪਹੁੰਚਣ ਤੋਂ ਬਾਅਦ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਦੇ ਟੈਸਟ ਵਿਚ ਉਹ ਦੋਸ਼ੀ ਪਾਇਆ ਗਿਆ ਤੇ ਵਾਡਾ ਨੇ ਉਸ 'ਤੇ ਚਾਰ ਸਾਲ ਦੀ ਪਾਬੰਦੀ ਲਾ ਦਿੱਤੀ।

ਨਾਡਾ ਦੇ ਡਾਇਰੈਕਟਰ ਜਨਰਲ ਨਵੀਨ ਅਗਰਵਾਲ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਟੋਕੀਓ ਓਲੰਪਿਕ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਦੇ ਦੇਸ਼ 'ਚੋਂ ਬਾਹਰ ਜਿੰਨੇ ਵੀ ਕੈਂਪ ਲੱਗਣਗੇ, ਉਥੇ ਖਿਡਾਰੀਆਂ 'ਤੇ ਸਖਤ ਨਜ਼ਰ ਰੱਖੀ ਜਾਵੇਗੀ ਤਾਂ ਕਿ ਉਹ ਕਿਸੇ ਵੀ ਤਰ੍ਹਾਂ ਦੀ ਡੋਪਿੰਗ ਵਿਚ ਸ਼ਾਮਲ ਨਾ ਹੋ ਸਕਣ। ਅਗਰਵਾਲ ਨੇ ਨਾਲ ਹੀ ਕਿਹਾ ਕਿ ਦੇਸ਼ ਵਿਚ ਖੇਲੋ ਇੰਡੀਆ ਯੂਥ ਗੇਮਸ ਵਿਚ ਵੀ ਖਿਡਾਰੀਆਂ ਦੇ ਟੈਸਟ ਲਏ ਜਾਂਦੇ ਹਨ ਤੇ ਦੋਸ਼ੀ ਖਿਡਾਰੀਆਂ 'ਤੇ ਸਖਤ ਕਾਰਵਾਈ ਕੀਤੀ ਜਾਂਦੀ ਹੈ। 

ਪਿਛਲੀਆਂ ਖੇਲੋ ਇੰਡੀਆ ਯੂਥ ਗੇਮਸ ਵਿਚ 12 ਖਿਡਾਰੀ ਫੜੇ ਗਏ ਸਨ, ਜਦਕਿ ਇਸ ਵਾਰ ਗੁਹਾਟੀ ਵਿਚ ਹੋਈਆਂ ਖੇਡਾਂ ਦੇ ਡੋਪ ਟੈਸਟ ਦੇ ਨਤੀਜੇ ਆਉਣੇ ਬਾਕੀ ਹਨ। ਉਨ੍ਹਾਂ ਦੱਸਿਆ ਕਿ 2019 ਵਿਚ ਡੋਪ ਓਲੰਘਣਾ ਕਰਨ ਵਾਲੇ 157 ਖਿਡਾਰੀਆਂ ਨੇ ਨਾਡਾ ਨੇ ਫੜਿਆ ਸੀ, ਜਿਨ੍ਹਾਂ ਵਿਚੋਂ 147 ਖਿਡਾਰੀਆਂ ਨੂੰ ਸਜ਼ਾ ਸੁਣਾਈ ਗਈ ਸੀ। ਪਿਛਲੇ ਸਾਲ 4236 ਖਿਡਾਰੀਆਂ ਦੇ ਡੋਪ ਟੈਸਟ ਕੀਤੇ ਗਏ। ਉਨ੍ਹਾਂ ਦੱਸਿਆ ਕਿ 2020 ਵਿਚ ਜਨਵਰੀ ਮਹੀਨੇ ਵਿਚ ਹੀ 501 ਡੋਪ ਟੈਸਟ ਕੀਤੇ ਗਏ, ਜਿਨ੍ਹਾਂ ਵਿਚ 35 ਖੂਨ ਦੇ ਨਮੂਨੇ ਸ਼ਾਮਲ ਹਨ। ਡੋਪਿੰਗ ਉਲੰਘਣਾ ਲਈ ਵੇਟਲਿਫਟਰ ਗੁਲਾਮ ਨਵੀ ਤੇ ਸ਼ਾਟਪੁਟਰ ਐਥਲੀਟ ਪਰਮਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।  


Related News