ਭਾਰਤੀ ਮੂਲ ਦੇ ਦੱਖਣੀ ਅਫਰੀਕੀ ਕ੍ਰਿਕਟਰ ਦਾ ਟੈਸਟ ਖੇਡਣ ਦਾ ਸੁਪਨਾ ਹੋਇਆ ਪੂਰਾ

10/03/2019 2:30:57 AM

ਨਵੀਂ ਦਿੱਲੀ— ਆਲਰਾਊਂਡਰ ਸੇਨੂਰਾਨ ਮੁਥੂਸਵਾਮੀ ਦਾ ਦੱਖਣੀ ਅਫਰੀਕਾ ਲਈ ਕੌਮਾਂਤਰੀ ਕ੍ਰਿਕਟ ਖੇਡਣ ਦਾ ਸੁਪਨਾ ਬੁੱਧਵਾਰ ਨੂੰ ਪੂਰਾ ਹੋ ਗਿਆ ਤੇ ਇਸ ਨੂੰ ਇਸ ਗੱਲ ਦੀ ਦੋਹਰੀ ਖੁਸ਼ੀ ਹੈ ਕਿ ਉਸ ਨੂੰ ਇਹ ਮੌਕਾ ਆਪਣੇ ਮੂਲ ਦੇਸ਼ ਭਾਰਤ ਵਿਰੁੱਧ ਮਿਲਿਆ। ਉਸ ਦਾ ਪਰਿਵਾਰ ਹਾਲਾਂਕਿ ਕਈ ਪੀੜ੍ਹੀ ਪਹਿਲਾਂ ਤਾਮਿਲਨਾਡੂ ਤੋਂ ਦੱਖਣੀ ਅਫਰੀਕਾ ਚਲਾ ਗਿਆ ਸੀ ਪਰ ਡਰਬਨ ਵਿਚ ਰਹਿਣ ਵਾਲਾ 25 ਸਾਲਾ ਇਹ ਕ੍ਰਿਕਟਰ ਭਾਰਤ ਨੂੰ ਚੰਗੀ ਤਰ੍ਹਾਂ ਨਾਲ ਜਾਣਦਾ ਹੈ। ਉਸ ਨੇ ਪਿਛਲੇ ਸਾਲ ਦੱਖਣੀ ਅਫਰੀਕਾ-ਏ ਟੀਮ ਦੇ ਨਾਲ ਭਾਰਤ ਦਾ ਦੌਰਾ ਕੀਤਾ ਸੀ।  ਉਸ ਦਾ ਜਨਮ ਤੇ ਪਾਲਣ-ਪੋਸ਼ਣ ਦੱਖਣੀ ਅਫਰੀਕਾ ਵਿਚ ਹੋਇਆ ਪਰ ਮੁਥੂਸਵਾਮੀ ਦਾ ਮੰਨਣਾ ਹੈ ਕਿ ਉਸਦਾ ਪਰਿਵਾਰ ਕਿਸੇ ਦੱਖਣੀ ਭਾਰਤੀ ਪਰਿਵਾਰ ਦੀ ਤਰ੍ਹਾਂ ਹੀ ਹੈ।  ਆਪਣੇ ਡੈਬਿਊ ਤੋਂ ਪਹਿਲਾਂ ਮੁਥੂਸਵਾਮੀ ਨੇ ਕਿਹਾ, 'ਅਸੀਂ ਮੂਲ ਰੂਪ ਨਾਲ ਚੇਨਈ ਤੋਂ ਹਾਂ। ਮੇਰੇ ਪਰਿਵਾਰ ਦੇ ਲੋਕ ਹੁਣ ਵੀ ਨਾਗਾਪਟਨਮ (ਚੇਨਈ ਤੋਂ ਲਗਭਗ 300 ਕਿਲੋਮੀਟਰ ਦੂਰ) ਵਿਚ ਹਨ। ਮੇਰੀਆਂ ਕਈ ਪੀੜ੍ਹੀਆਂ ਦੱਖਣੀ ਅਫਰੀਕਾ ਵਿਚ ਹਨ ਪਰ ਭਾਰਤ ਨਾਲ ਸਾਡਾ  ਰਿਸ਼ਤਾ ਹੈ ਤੇ ਸਾਡੀ ਸੰਸਕ੍ਰਿਤੀ ਭਾਰਤ ਦੀ ਤਰ੍ਹਾਂ ਹੀ ਹੈ।'' ਉਸ ਨੇ ਕਿਹਾ, ''ਮੇਰੇ ਮਾਤਾ-ਪਿਤਾ ਨੂੰ ਜਦੋਂ ਮੇਰੀ ਚੋਣ ਦੇ ਬਾਰੇ ਵਿਚ ਪਤਾ ਲੱਗਾ ਤਾਂ ਉਹ ਕਾਫੀ ਖੁਸ਼ ਸਨ ਤੇ ਭਾਰਤ ਵਿਰੁੱਧ ਮੇਰੇ ਡੈਬਿਊ ਨੇ ਇਸ ਨੂੰ ਹੋਰ ਵੀ ਖਾਸ ਬਣਾ ਦਿੱਤਾ।''

Gurdeep Singh

This news is Content Editor Gurdeep Singh