ਇਸ ਭਾਰਤੀ ਗੇਂਦਬਾਜ਼ ਨੂੰ ਦੇਖ ਕੇ ਯਾਦ ਆਉਣਗੇ ਲਸਿਥ ਮਲਿੰਗਾ ਤੇ ਉਨ੍ਹਾਂ ਦੀ ਯਾਰਕਰ ਗੇਂਦ

08/17/2019 4:50:32 PM

ਸਪੋਰਟਸ ਡੈਸਕ— ਘਰੇਲੂ ਪੱਧਰ 'ਤੇ ਬਿਹਤਰੀਨ ਪ੍ਰਦਰਸ਼ਨ ਕਰ ਕੇ ਕਈ ਤੇਜ਼ ਗੇਂਦਬਾਜ਼ਾਂ ਨੇ ਟੀਮ ਇੰਡੀਆ 'ਚ ਆਪਣੀ ਜਗ੍ਹਾ ਬਣਾਈ ਹੈ। ਹੁਣ ਇਸ ਲਿਸਟ 'ਚ ਬਹੁਤ ਜਲਦ ਇਕ ਹੋਰ ਨਾਮ ਜੁੜ ਸਕਦਾ ਹੈ। ਚੇਪਕ ਸੁਪਰ ਗਿਲੀਜ਼ ਟੀਮ 'ਚ ਜੀ ਪੇਰੀਅਸਵਾਮੀ ਨਾਂ ਦਾ ਇਹ ਤੇਜ਼ ਗੇਂਦਬਾਜ਼ ਬਿਲਕੁਲ ਸ਼੍ਰੀਲੰਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੀ ਤਰ੍ਹਾਂ ਗੇਂਦਬਾਜ਼ੀ ਕਰਦਾ ਹੈ। ਕਮਾਲ ਦੀ ਗੱਲ ਇਹ ਹੈ ਕਿ ਇਸ ਗੇਂਦਬਾਜ਼ ਦਾ ਐਕਸ਼ਨ ਬਿਲਕੁੱਲ ਉਨ੍ਹਾਂ ਦੀ ਤਰ੍ਹਾਂ ਹੈ, ਇਹੀ ਨਹੀਂ ਉਹ ਯਾਰਕਰ ਸੁੱਟਣ 'ਚ ਵੀ ਮਲਿੰਗਾ ਦੀ ਤਰ੍ਹਾਂ ਹੀ ਮਾਹਿਰ ਹੈ। ਹਾਲ ਹੀ 'ਚ ਖਤਮ ਹੋਏ ਤਮਿਲਨਾਡੂ ਪ੍ਰੀਮੀਅਰ ਲੀਗ 'ਚ ਇਸ ਤੇਜ਼ ਗੇਂਦਬਾਜ਼ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਗੇਂਦਬਾਜ਼ ਦਾ ਐਕਸ਼ਨ ਅਤੇ ਸ਼ਾਨਦਾਰ ਪ੍ਰਦਰਸ਼ਨ ਨੂੰ ਵੇਖ ਕੇ ਤਾਂ ਇਹੀ ਲੱਗ ਰਿਹਾ ਹੈ ਕਿ ਟੀਮ ਇੰਡੀਆ ਨੂੰ ਵੀ ਜਲਦ ਹੀ ਇਕ ਲਸਿਥ ਮਲਿੰਗਾ ਮਿਲ ਸਕਦਾ ਹੈ।
ਇਕ ਹੀ ਓਵਰ 'ਚ ਹਾਸਲ ਕੀਤੀਆਂ 3 ਵਿਕਟਾਂ
ਜੀ ਪੇਰੀਅਸਵਾਮੀ ਨੇ ਤਮਿਲਨਾਡੂ ਪ੍ਰੀਮੀਅਰ ਲੀਗ ਦੇ ਫਾਈਨਲ ਮੁਕਾਬਲੇ 'ਚ ਆਪਣੀ ਤੂਫਾਨੀ ਗੇਂਦਬਾਜ਼ੀ ਨਾਲ ਚੇਪਕ ਸੁਪਰ ਗਿਲੀਜ਼ ਨੂੰ ਚੈਂਪੀਅਨ ਬਣਾਇਆ। ਲੀਗ ਦੇ ਫਾਈਨਲ ਮੈਚ 'ਚ ਡਿੰਡੀਗੁਲ ਡਰੈਗਨਸ ਖਿਲਾਫ 4 ਓਵਰ 'ਚ 15 ਦੌੜਾਂ ਦੇ ਕੇ ਪੇਰੀਅਸਵਾਮੀ ਨੇ 5 ਵਿਕਟਾਂ ਹਾਸਲ ਕੀਤੀਆਂ। ਡਿੰਡੀਗੁਲ ਡਰੈਗਨਸ ਨੂੰ ਆਖਰੀ ਓਵਰ 'ਚ ਜਿੱਤ ਲਈ 15 ਦੌੜਾਂ ਚਾਹੀਦੀਆਂ ਸਨ ਅਤੇ ਉਸ ਦੀਆਂ ਚਾਰ ਵਿਕਟਾਂ ਬਾਕੀ ਸਨ।  ਜੀ ਪੇਰਿਆਸਵਾਮੀ ਨੇ ਆਖਰੀ ਓਵਰ 'ਚ ਗੇਂਦਬਾਜ਼ੀ ਕਰਦੇ ਹੋਏ ਸਿਰਫ ਦੋ ਦੋੜਾਂ ਹੀ ਦਿੱਤੀਆਂ ਅਤੇ ਤਿੰਨ ਬੱਲੇਬਾਜ਼ਾਂ ਨੂੰ ਆਊਟ ਕਰ ਆਪਣੀ ਟੀਮ ਨੂੰ 12 ਦੌੜਾਂ ਨਾਲ ਇਸ ਮੈਚ 'ਚ ਜੇਤੂ ਬਣਾ ਦਿੱਤੀ।

ਲੀਗ 'ਚ ਰਹੇ ਸਭ ਤੋਂ ਸਫਲ ਗੇਂਦਬਾਜ਼
ਜੀ ਪੇਰੀਅਸਵਾਮੀ ਤਾਮਿਲਨਾਡੂ ਪ੍ਰੀਮੀਅਰ ਲੀਗ 'ਚ ਸਭ ਤੋਂ ਸਫਲ ਗੇਂਦਬਾਜ਼ ਸਾਬਿਤ ਹੋਏ। 25 ਸਾਲ ਦੇ ਇਸ ਗੇਂਦਬਾਜ਼ ਨੇ ਇਸ ਲੀਗ ਦੇ ਹਰ ਮੈਚ 'ਚ ਵਿਕਟਾਂ ਲਈਆਂ ਹਨ। ਉਹ ਵਿਕਟ ਲੈਣ ਦੇ ਮਾਮਲੇ 'ਚ ਇਸ ਲੀਗ 'ਚ ਟਾਪ 'ਤੇ ਰਹੇ। ਇਸ ਸੀਜ਼ਨ 'ਚ ਉਨ੍ਹਾਂ ਨੇ 9 ਮੈਚਾਂ 'ਚ ਸਭ ਤੋਂ ਜ਼ਿਆਦਾ 21 ਵਿਕਟਾਂ ਹਾਸਲ ਕੀਤੀਆਂ।