ਆਸਟਰੇਲੀਆ ਤੋਂ ਹਾਰਨ ਦੇ ਬਾਵਜੂਦ ਭਾਰਤੀ ਮਹਿਲਾ ਜੂਨੀਅਰ ਹਾਕੀ ਟੀਮ ਬਣੀ ਚੈਂਪੀਅਨ

12/08/2019 5:17:38 PM

ਸਪੋਰਟਸ ਡੈਸਕ— ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਕੇਨਬਰਾ 'ਚ ਮੇਜ਼ਬਾਨ ਆਸਟਰੇਲੀਆ ਖਿਲਾਫ 1-2 ਤੋਂ ਟੂਰਨਾਮੈਂਟ ਦੀ ਪਹਿਲੀ ਹਾਰ ਦੇ ਬਾਵਜੂਦ ਅੰਕ ਸੂਚੀ 'ਚ ਟਾਪ 'ਤੇ ਰਹਿੰਦੇ ਹੋਏ ਤਿੰਨ ਦੇਸ਼ਾਂ ਦਾ ਹਾਕੀ ਟੂਰਨਾਮੈਂਟ ਜਿੱਤ ਲਿਆ। ਭਾਰਤ ਨੇ ਚਾਰ ਮੈਚਾਂ 'ਚ 7 ਅੰਕ ਹਾਸਲ ਕੀਤੇ। ਮੇਜ਼ਬਾਨ ਆਸਟਰੇਲੀਆ ਵਿਚਾਲੇ ਚਾਰ ਮੈਚਾਂ 'ਚ 7 ਹੀ ਅੰਕ ਸਨ, ਪਰ ਭਾਰਤੀ ਟੀਮ ਬਿਹਤਰ ਗੋਲ ਅੰਤਰ ਦੇ ਕਾਰਨ ਟਾਪ 'ਤੇ ਰਹੀ। ਆਖਰੀ ਮੈਚ 'ਚ ਭਾਰਤ ਤੋਂ ਇਕਮਾਤਰ ਗੋਲ ਗਗਨਦੀਪ ਕੌਰ ਨੇ ਕੀਤਾ। ਆਸਟਰੇਲੀਆ ਨੂੰ 15ਵੇਂ ਮਿੰਟ 'ਚ ਮੈਚ ਦਾ ਪਹਿਲਾ ਪੈਨਲਟੀ ਕਾਰਨਰ ਮਿਲਆ, ਜਿਸ ਨੂੰ ਏਬਿਗੇਲ ਨੇ ਗੋਲ 'ਚ ਬਦਲ ਕੇ ਮੇਜ਼ਬਾਨ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਭਾਰਤ ਨੂੰ 22ਵੇਂ ਅਤੇ 26ਵੇਂ ਮਿੰਟ 'ਚ ਦੋ ਪੈਨੇਲਟੀ ਕਾਰਨਰ ਮਿਲੇ, ਪਰ ਟੀਮ ਇਨ੍ਹਾਂ ਨੂੰ ਗੋਲ 'ਚ ਨਹੀਂ ਬਦਲ ਸਕੀ। ਇਸ ਤੋਂ ਦੋ ਮਿੰਟ ਬਾਅਦ ਆਸਟਰੇਲੀਆ ਨੂੰ ਪੈਨੇਲਟੀ ਸਟ੍ਰੋਕ 'ਤੇ ਆਪਣੀ ਬੜ੍ਹਤ ਦੁੱਗਣੀ ਕਰਨ ਦਾ ਮੌਕਾ ਮਿਲਿਆ ਪਰ ਗੋਲ 'ਚ ਬਦਲਨ 'ਚ ਨਾਕਾਮ ਰਹੇ।

ਭਾਰਤ ਨੇ ਚੌਥੇ ਕੁਆਰਟਰ 'ਚ ਸ਼ੁਰੂ ਤੋਂ ਹੀ ਆਸਟਰੇਲੀਆ ਨੂੰ ਦਬਾਅ 'ਚ ਰੱਖਿਆ। ਟੀਮ ਨੂੰ ਇਸਦਾ ਫਾਇਦਾ 53ਵੇਂ ਮਿੰਟ 'ਚ ਪੈਨੇਲਟੀ ਕਾਰਨਰ ਦੇ ਰੂਪ 'ਚ ਮਿਲਿਆ। ਗਗਨਦੀਪ ਨੇ ਗੋਲ ਕਰ ਕੇ ਭਾਰਤ ਨੂੰ 1-1 ਨਾਲ ਬਰਾਬਰੀ ਦਿੱਤੀ। ਤਿੰਨ ਮਿੰਟ ਬਾਅਦ ਹੀ ਏਬਿਗੇਲ ਨੇ ਪੈਨਲਟੀ ਕਾਰਨਰ 'ਤੇ ਇਕ ਅਤੇ ਗੋਲ ਕਰ ਆਸਟਰੇਲੀਆ ਨੂੰ 2-1 ਨਾਲ ਅੱਗੇ ਕਰ ਦਿੱਤਾ। ਭਾਰਤ ਨੇ ਆਖਰੀ ਪਲਾਂ 'ਚ ਬਰਾਬਰੀ ਹਾਸਲ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਸਫਲਤਾ ਨਹੀਂ ਮਿਲੀ।