ਕ੍ਰਿਕਟ ਨੂੰ ਲੈ ਕੇ ਭਾਰਤੀ ਕਾਫੀ ਉਤਸ਼ਾਹਿਤ

06/26/2019 1:14:40 AM

ਨਵੀਂ ਦਿੱਲੀ— ਕੋਈ ਵੀ ਖੇਡ ਪ੍ਰਸ਼ੰਸਕਾਂ ਤੋਂ ਬਿਨਾਂ ਅਧੂਰੀ ਹੈ ਅਤੇ ਉਹ ਨਾ ਸਿਰਫ ਖੇਡ ਦਾ ਮਹੱਤਵਪੂਰਨ ਹਿੱਸਾ ਹੈ, ਸਗੋਂ ਉਹ ਕਿਸੇ ਵੀ ਖਿਡਾਰੀ ਲਈ ਆਫਗਰਾਊਂਡ ਪ੍ਰੇਰਣਾ ਦਾ ਅਹਿਮ ਹਿੱਸਾ ਹੈ। ਉਹ ਮਾਰਾਡੋਨਾ, ਪੇਲੇ, ਫੈਡਰਰ, ਤੇਂਦੁਲਕਰ ਹੋਵੇ ਜਾਂ ਫਿਰ ਕੋਹਲੀ, ਸਾਰੇ ਖਿਡਾਰੀ ਜਦੋਂ ਚੋਟੀ ਪੱਧਰ 'ਤੇ ਸਫਲਤਾ ਹਾਸਲ ਕਰਦੇ ਹਨ ਤਾਂ ਉਨ੍ਹਾਂ ਦੀ ਪਹਿਲੀ ਸਫਲਤਾ ਉਹ ਹੁੰਦੀ ਹੈ, ਜਿਹੜੀ ਉਹ ਪ੍ਰਸ਼ੰਸਕਾਂ ਹੱਥੋਂ ਹਾਸਲ ਕਰਦੇ ਹਨ।
ਮੈਨੂੰ ਅੱਜ ਵੀ 2 ਅਪ੍ਰੈਲ 2011 ਦੀ ਰਾਤ ਯਾਦ ਹੈ। ਭਾਰਤ ਨੇ ਵਾਨਖੇੜੇ ਵਿਚ ਵਿਸ਼ਵ ਕੱਪ ਜਿੱਤਿਆ ਸੀ ਅਤੇ ਆਪਣਾ ਆਫੀਸ਼ੀਅਲ ਪ੍ਰੋਗਰਾਮ ਪੂਰਾ ਕਰਨ ਤੋਂ ਬਾਅਦ ਮੈਂ ਵਾਪਸ ਹੋਟਲ ਜਾ ਰਿਹਾ ਸੀ। ਉਥੇ ਲੋਕਾਂ ਦਾ ਹੜ੍ਹ ਸੀ ਅਤੇ ਸੜਕਾਂ 'ਤੇ ਸ਼ਾਨਦਾਰ ਮਾਹੌਲ ਸੀ। ਕਾਰ ਮੁਸ਼ਕਿਲ ਨਾਲ ਅੱਗੇ ਵਧ ਰਹੀ ਸੀ। ਉਸ ਦਿਨ ਇਕ ਮਸ਼ਹੂਰ ਬਾਲੀਵੁੱਡ ਅਭਿਨੇਤਾ ਮੇਰੇ ਨਾਲ ਕਾਰ 'ਚ ਮੌਜੂਦ ਸੀ। ਇਕ ਵਾਰ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਅਸੀਂ ਦੋਵੇਂ ਕਾਰ ਵਿਚ ਹਾਂ ਤਾਂ ਉਹ ਖੁਸ਼ੀ ਦੇ ਮਾਰੇ ਹੋਰ ਪਾਗਲ ਹੋ ਗਏ ਅਤੇ ਸਾਡੀ ਕਾਰ ਦੇ ਉੱਪਰ ਹੀ ਚੜ੍ਹ ਕੇ ਨੱਚਣ ਲੱਗੇ। ਆਖਿਰਕਾਰ ਭਾਰਤ ਨੇ 28 ਸਾਲ ਬਾਅਦ ਵਿਸ਼ਵ ਕੱਪ ਜਿੱਤਿਆ ਸੀ। ਇਹ ਯਾਦਾਂ ਮੇਰੇ ਨਾਲ ਹਮੇਸ਼ਾ ਰਹਿਣਗੀਆਂ। ਇਥੋਂ ਤਕ ਕਿ ਭਾਰਤੀ ਕੁਮੈਂਟੇਟਰਾਂ ਨੂੰ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦੋਂ ਉਹ ਕੁਮੈਂਟੇਟਰ ਦੀ ਭੂਮਿਕਾ ਨਿਭਾਉਣ ਲਈ ਸਟੇਡੀਅਮ ਜਾ ਰਹੇ ਹੁੰਦੇ ਹਨ ਜਾਂ ਵਾਪਸ ਆਉਂਦੇ ਹਨ। ਮੈਂ ਗਵਾਹ ਹਾਂ ਕਿ ਜਿੱਥੇ ਵੀ ਭਾਰਤ ਖੇਡ ਰਿਹਾ ਹੁੰਦਾ ਹੈ, ਭਾਰਤੀ ਪ੍ਰਸ਼ੰਸਕ ਵੱਡੀ ਗਿਣਤੀ ਵਿਚ ਉੱਥੇ ਮੌਜੂਦ ਹੁੰਦੇ ਹਨ। 
2002 ਦਾ ਨੈੱਟਵੈਸਟ ਫਾਈਨਲ ਅਤੇ 2015 ਵਿਚ ਮੈਲਬੋਰਨ 'ਚ ਦੱਖਣੀ ਅਫਰੀਕਾ ਵਿਰੁੱਧ ਖੇਡੇ ਗਏ ਮੁਕਾਬਲੇ ਦੌਰਾਨ ਪੂਰਾ ਸਟੇਡੀਅਮ ਨੀਲੇ ਰੰਗ ਵਿਚ ਦਿਖਾਈ ਦੇ ਰਿਹਾ ਸੀ। ਇੰਗਲੈਂਡ ਵਿਚ 2019 'ਚ ਵੀ ਇਹੀ ਹਾਲ ਹੈ। ਇਹ ਕਾਫੀ ਹੈਰਾਨੀਜਨਕ ਸੀ ਕਿ ਮਾਨਚੈਸਟਰ ਵਿਚ ਵੀ ਪੂਰਾ ਸਟੇਡੀਅਮ ਨੀਲੇ ਰੰਗ ਨਾਲ ਭਰਿਆ ਹੋਇਆ ਸੀ ਅਤੇ ਅਜਿਹਾ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਯਾਰਕਸ਼ਾਇਰ ਵਿਚ ਕਾਫੀ ਵੱਡੀ ਗਿਣਤੀ 'ਚ ਪਾਕਿਸਤਾਨੀ ਰਹਿੰਦੇ ਹਨ। ਅਜਿਹਾ ਇਸ ਲਈ ਵੀ ਹੈ ਕਿਉਂਕਿ ਕ੍ਰਿਕਟ ਨੂੰ ਲੈ ਕੇ ਭਾਰਤੀ ਕਾਫੀ ਉਤਸ਼ਾਹੀ ਅਤੇ ਕਾਫੀ ਗਿਣਤੀ 'ਚ ਵਿਸ਼ਵ ਭਰ 'ਚ ਰਹਿੰਦੇ ਹਨ। 

Gurdeep Singh

This news is Content Editor Gurdeep Singh