ਵਿੰਡੀਜ਼ ਖਿਲਾਫ ਸੀਰੀਜ਼ ਦੇ ਫੈਸਲਾਕੁੰਨ ਮੈਚ 'ਚ ਇਹ ਭਾਰਤੀ ਕ੍ਰਿਕਟਰ ਰਹੇ ਜਿੱਤ ਦੇ ਹੀਰੋ

12/23/2019 10:33:39 AM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਨੇ ਰੋਮਾਂਚਕ ਮੁਕਾਬਲੇ 'ਚ ਵੈਸਟਇੰਡੀਜ਼ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਲਗਾਤਾਰ ਦਸਵੀਂ ਵਾਰ ਦੋ ਪੱਖੀ ਵਨ-ਡੇ ਸੀਰੀਜ਼ ਜਿੱਤ ਲਈ। ਐਤਵਾਰ ਨੂੰ ਕਟਕ ਦੇ ਬਾਰਾਬਤੀ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਸੀਰੀਜ਼ ਦੇ ਫੈਸਲਾਕੁੰਨ ਮੁਕਾਬਲੇ 'ਚ ਭਾਰਤ ਨੇ ਵੈਸਟਇੰਡੀਜ਼ ਨੂੰ ਆਖ਼ਰੀ ਸਮੇਂ 'ਚ ਹਰਾ ਕੇ ਸਾਲ ਦਾ ਅੰਤ ਸੀਰੀਜ਼ ਜਿੱਤ ਕੇ ਕੀਤਾ। ਮੈਚ 'ਚ ਵੈਸਟਇੰਡੀਜ਼ ਦੇ 315 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਵੱਲੋਂ ਇਨ੍ਹਾਂ ਪੰਜ ਕ੍ਰਿਕਟਰਾਂ ਨੇ ਦਮਦਾਰ ਪ੍ਰਦਰਸ਼ਨ ਕੀਤਾ ਅਤੇ ਭਾਰਤ ਦੀ ਝੋਲੀ 'ਚ ਜਿੱਤ ਪਾ ਦਿੱਤੀ।

1. ਰੋਹਿਤ ਸ਼ਰਮਾ
ਟੀਮ ਦੇ ਸਲਾਮੀ ਬੱਲੇਬਾਜ਼ ਅਤੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਇਕ ਵਾਰ ਫਿਰ ਤੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਸ ਨੇ 63 ਗੇਂਦਾਂ 'ਚ 8 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 63 ਦੌੜਾਂ ਬਣਾਈਆਂ। ਉਸ ਨੇ ਰਾਹੁਲ ਦੇ ਨਾਲ ਮਿਲ ਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ।

2. ਕੇ. ਐੱਲ. ਰਾਹੁਲ
ਧਵਨ ਦੀ ਗੈਰਮੌਜੂਦਗੀ 'ਚ ਖੇਡ ਰਹੇ ਰਾਹੁਲ ਨੇ ਇਕ ਵਾਰ ਫਿਰ ਤੋਂ ਬੱਲੇ ਨਾਲ ਦੌੜਾਂ ਬਣਾਈਆਂ। ਉਸ ਨੇ ਵੀ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਰਾਹੁਲ ਨੇ 89 ਗੇਂਦਾਂ 'ਚ ਅੱਠ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 77 ਦੌੜਾਂ ਬਣਾਈਆਂ। ਰਾਹੁਲ ਨੇ ਰੋਹਿਤ ਦੇ ਨਾਲ ਮਿਲ ਕੇ ਪਹਿਲੇ ਵਿਕਟ ਲਈ 122 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਕੀਤੀ।

3. ਵਿਰਾਟ ਕੋਹਲੀ
ਚੇਜ਼ ਮਾਸਟਰ ਦੇ ਨਾਂ ਨਾਲ ਮਸ਼ਹੂਰ ਵਿਰਾਟ ਕੋਹਲੀ ਨੇ ਇਕ ਵਾਰ ਫਿਰ ਤੋਂ ਸ਼ਾਨਦਾਰ ਪਾਰੀ ਖੇਡੀ ਅਤੇ ਬਾਰਾਬਤੀ ਦੇ ਆਪਣੇ ਰਿਕਾਰਡ ਨੂੰ ਵੀ ਸੁਧਾਰਿਆ। ਉਸ ਨੇ 81 ਗੇਂਦਾਂ 'ਚ 9 ਚੌਕਿਆਂ ਦੀ ਮਦਦ ਨਾਲ 85 ਦੌੜਾਂ ਬਣਾਈਆਂ ਅਤੇ ਟੀਮ ਨੂੰ ਜਿੱਤ ਦੇ ਕਰੀਬ ਲੈ ਗਏ।

4. ਰਵਿੰਦਰ ਜਡੇਜਾ
ਟੀਮ ਦੇ ਆਲਰਾਊਂਡਰ ਰਵਿੰਦਰ ਜਡੇਜਾ ਨੇ ਇਕ ਫਿਰ ਟੀਮ ਨੂੰ ਮੁਸ਼ਕਲ ਸਥਿਤੀ ਤੋਂ ਉਬਾਰਨ 'ਚ ਵੱਡੀ ਭੂਮਿਕਾ ਨਿਭਾਈ। ਮੁਸ਼ਕਲ 'ਚ ਦਿਖ ਰਹੀ ਟੀਮ ਲਈ ਉਨ੍ਹਾਂ ਨੇ ਬੱਲੇ ਨਾਲ ਮਹੱਤਵਪੂਰਨ ਦੌੜਾਂ ਬਣਾਈਆਂ ਅਤੇ 31 ਗੇਂਦਾਂ 'ਚ 39 ਦੌੜਾਂ ਦੀ ਅਜੇਤੂ ਪਾਰੀ ਖੇਡੀ। ਜਡੇਜਾ ਅੰਤ ਤਕ ਮੈਦਾਨ 'ਤੇ ਟਿਕੇ ਰਹੇ ਅਤੇ ਜਿੱਤ ਦਿਵਾ ਕੇ ਹੀ ਪਵੇਲੀਅਨ ਪਰਤੇ। ਗੇਂਦਬਾਜ਼ੀ 'ਚ ਵੀ ਉਨ੍ਹਾਂ ਨੇ 10 ਓਵਰ 'ਚ 54 ਦੌੜਾਂ ਦੇ ਕੇ ਇਕ ਵਿਕਟ ਲਿਆ।

5. ਸ਼ਾਰਦੁਲ ਠਾਕੁਰ
ਗੇਂਦਬਾਜ਼ ਸ਼ਾਰਦੁਲ ਨੇ ਗੇਂਦਬਾਜ਼ੀ 'ਚ ਕੁਝ ਖਾਸ ਪ੍ਰਦਰਸ਼ਨ ਨਹੀਂ ਕੀਤਾ ਅਤੇ 10 ਓਵਰ 'ਚ 66 ਦੌੜਾਂ ਦੇ ਕੇ ਇਕ ਵਿਕਟ ਲਿਆ ਪਰ ਬੱਲੇਬਾਜ਼ੀ 'ਚ ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਵਿਰਾਟ ਦੇ ਆਊਟ ਹੋਣ ਦੇ ਬਾਅਦ ਬੱਲੇਬਾਜ਼ੀ ਕਰਨ ਉਤਰੇ ਠਾਕੁਰ ਨੇ 6 ਗੇਂਦਾਂ 'ਚ 2 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ ਮਹੱਤਵਪੂਰਨ 17 ਦੌੜਾਂ ਦੀ ਅਜੇਤੂ ਪਾਰੀ ਖੇਡੀ।

Tarsem Singh

This news is Content Editor Tarsem Singh