ਥਾਈਲੈਂਡ ਓਪਨ ’ਚ ਭਾਰਤੀ ਚੁਣੌਤੀ, ਸਾਇਨਾ ਹਾਰੀ ਤੇ ਜ਼ਖ਼ਮੀ ਸ਼੍ਰੀਕਾਂਤ ਮੈਚ ਤੋਂ ਹਟਿਆ

01/15/2021 2:45:09 AM

ਬੈਂਕਾਕ – ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਵੀਰਵਾਰ ਨੂੰ ਮਹਿਲਾ ਸਿੰਗਲਜ਼ ਦੇ ਦੂਜੇ ਦੌਰ ਵਿਚ ਥਾਈਲੈਂਡ ਦੀ ਬੁਸਾਨਨ ਓਂਗਬਾਮਰੰਗਫਾਨ ਤੋਂ ਹਾਰ ਕੇ ਥਾਈਲੈਂਡ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਵਿਚੋਂ ਬਾਹਰ ਹੋ ਗਈ। ਭਾਰਤ ਦੇ ਹੋਰਨਾਂ ਖਿਡਾਰੀਆਂ ਲਈ ਵੀ ਵੀਰਵਾਰ ਦਾ ਦਿਨ ਚੰਗਾ ਨਹੀਂ ਰਿਹਾ, ਜਿਸ ਨਾਲ ਇਸ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਵੀ ਖਤਮ ਹੋ ਗਈ।

ਸਾਇਨਾ ਪਹਿਲਾ ਸੈੱਟ ਜਿੱਤਣ ਵਿਚ ਸਫਲ ਰਹੀ ਪਰ ਇਸ ਤੋਂ ਬਾਅਦ ਉਹ ਲੈਅ ਬਰਕਰਾਰ ਨਹੀਂ ਰੱਖ ਸਕੀ ਤੇ 68 ਮਿੰਟ ਤਕ ਚੱਲੇ ਮੈਚ ਵਿਚ 23-21, 14-21, 16-21 ਨਾਲ ਹਾਰ ਗਈ। ਪੁਰਸ਼ ਸਿੰਗਲਜ਼ ਵਿਚ ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੂੰ ਸੱਜੇ ਪੈਰ ਦੀ ਪਿੰਡਲੀ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਦੇ ਕਾਰਣ ਅੱਠਵਾਂ ਦਰਜਾ ਪ੍ਰਾਪਤ ਮਲੇਸ਼ੀਆਈ ਲੀ ਜੀ ਜਿਆ ਨੂੰ ਵਾਕਓਵਰ ਦੇਣਾ ਪਿਆ।

ਇਸ ਤੋਂ ਪਹਿਲਾਂ ਪੁਰਸ਼ ਡਬਲਜ਼ ਵਿਚ ਭਾਰਤ ਦੇ ਸਾਤਵਿਕ ਸਾਈਂਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਵੀ ਇੰਡੋਨੇਸ਼ੀਆ ਦੇ ਮੁਹੰਮਦ ਅਹਿਸਾਨ ਤੇ ਹੇਂਡ੍ਰਾ ਸੇਤਿਆਵਾਨ ਹੱਥੋਂ 19-21, 17-21 ਨਾਲ ਹਾਰ ਕੇ ਬਾਹਰ ਹੋ ਗਏ। ਭਾਰਤ ਦੀਆਂ ਨਜ਼ਰਾਂ ਫਿਰ ਸਾਤਿਵਕ ਤੇ ਉਸਦੀ ਮਿਕਸਡ ਡਬਲਜ਼ ਜੋੜੀਦਾਰ ਅਸ਼ਵਿਨੀ ਪੋਨੱਪਾ ’ਤੇ ਟਿਕੀਆਂ ਸਨ ਪਰ ਉਨ੍ਹਾਂ ਨੂੰ ਵੀ ਹਾਂਗਕਾਂਗ ਦੇ ਚਾਂਗ ਤਾਕ ਚਿੰਗ ਤੇ ਨਗ ਵਿੰਗ ਯੰਗ ਹੱਥੋਂ 12-21, 17-21 ਨਾਲ ਹਾਰ ਝੱਲਣੀ ਪਈ, ਜਿਸ ਨਾਲ ਇਸ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਵੀ ਖਤਮ ਹੋ ਗਈ।
 

Inder Prajapati

This news is Content Editor Inder Prajapati