ਇਕ ਫਾਈਨਲ ਨਹੀਂ, ਬੈਸਟ ਆਫ ਥ੍ਰੀ ਨਾਲ ਤੈਅ ਹੋਣੀ ਚਾਹੀਦੀ ਹੈ ਸਰਵਸ੍ਰੇਸ਼ਠ ਟੀਮ: ਕੋਹਲੀ

06/24/2021 4:27:47 PM

ਸਾਊਥੈਂਪਟਨ (ਭਾਸ਼ਾ): ਮੁੱਖ ਕੋਚ ਰਵੀ ਸ਼ਾਸਤਰੀ ਦੇ ਸੁਰ ਵਿਚ ਸੁਰ ਮਿਲਾਉਂਦੇ ਹੋਏ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਦੁਨੀਆ ਦੀ ਸਰਵਸ੍ਰੇਸ਼ਠ ਟੈਸਟ ਟੀਮ ਦਾ ਫ਼ੈਸਲਾ ਇਕ ਫਾਈਨਲ ਦੇ ਆਧਾਰ ’ਤੇ ਨਹੀਂ ਸਗੋਂ ‘ਬੈਸਟ ਆਫ ਥ੍ਰੀ ਫਾਈਨਲ’ ਜ਼ਰੀਏ ਹੋਣਾ ਚਾਹੀਦਾ ਹੈ। ਭਾਰਤ ਨੇ ਆਸਟ੍ਰੇਲੀਆ ਅਤੇ ਇੰਗਲੈਂਡ ਖ਼ਿਲਾਫ਼ ਪਛੜਣ ਦੇ ਬਾਅਦ ਵਾਪਸੀ ਕਰਕੇ ਸੀਰੀਜ਼ ਜਿੱਤੀ ਪਰ ਨਿਊਜ਼ੀਲੈਂਡ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵਿਚ ਉਸ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਕੋਹਲੀ ਨੇ ਮੈਚ ਦੇ ਬਾਅਦ ਪ੍ਰੈਸ ਕਾਨਫਰੰਸ ਵਿਚ ਕਿਹਾ, ‘ਮੈਂ ਇਸ ਪੱਖ ਵਿਚ ਨਹੀਂ ਹਾਂ ਕਿ ਦੁਨੀਆ ਦੀ ਸਰਵਸ੍ਰੇਸ਼ਠ ਟੈਸਟ ਟੀਮ ਦਾ ਫ਼ੈਸਲਾ ਇਕ ਫਾਈਨਲ ਮੈਚ ਨਾਲ ਹੋਵੇ।’ ਉਨ੍ਹਾਂ ਕਿਹਾ, ‘ਜੇਕਰ ਟੈਸਟ ਸੀਰੀਜ਼ ਹੈ ਤਾਂ ਤਿੰਨ ਟੈਸਟ ਤੋਂ ਹੀ ਪਤਾ ਲੱਗਦਾ ਹੈ ਕਿ ਕਿਸ ਟੀਮ ਵਿਚ ਵਾਪਸੀ ਦੀ ਸਮਰਥਾ ਹੈ। ਅਜਿਹਾ ਨਹੀਂ ਹੁੰਦਾ ਕਿ 2 ਦਿਨ ਚੰਗਾ ਖੇਡੋ ਅਤੇ ਫਿਰ ਤੁਸੀਂ ਅਚਾਨਕ ਚੰਗੀ ਟੈਸਟ ਟੀਮ ਨਹੀਂ ਹੋ। ਮੈਂ ਇਹ ਨਹੀਂ ਮੰਨਦਾ।’

ਇਹ ਵੀ ਪੜ੍ਹੋ: ਦੇਸ਼ ਦੀ ਪਹਿਲੀ ਮਹਿਲਾ ਪੈਰਾ ਸ਼ੂਟਿੰਗ ਚੈਂਪੀਅਨ ਸੜਕ ’ਤੇ ਵੇਚ ਰਹੀ ਨਮਕੀਨ-ਬਿਸਕਿਟ

ਸ਼ਾਸਤਰੀ ਨੇ ਟੀਮ ਦੇ ਇੰਗਲੈਂਡ ਰਵਾਨਾ ਹੋਣ ਤੋਂ ਪਹਿਲਾਂ ਹੀ ਬੈਸਟ ਆਫ ਥ੍ਰੀ ਫਾਈਨਲ ਦੀ ਗੱਲ ਕੀਤੀ ਸੀ। ਕੋਹਲੀ ਨੇ ਕਿਹਾ, ‘ਭਵਿੱਖ ਵਿਚ ਇਸ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਤਿੰਨਾਂ ਮੈਚਾਂ ਵਿਚ ਕੋਸ਼ਿਸ਼ ਹੁੰਦੀ ਹੈ, ਉਤਾਰ-ਚੜਾਅ ਹੁੰਦੇ ਹਨ, ਹਾਲਾਤ ਬਦਲਦੇ ਹਨ। ਗਲਤੀਆਂ ਨੂੰ ਸੁਧਾਰਨ ਦਾ ਮੌਕਾ ਮਿਲਦਾ ਹੈ। ਇਸ ਦੇ ਬਾਅਦ ਪਤਾ ਲੱਗਦਾ ਹੈ ਕਿ ਸਰਵਸ੍ਰੇਸ਼ਠ ਟੀਮ ਕਿਹੜੀ ਹੈ।’ ਉਨ੍ਹਾਂ ਇਹ ਵੀ ਕਿਹਾ ਕਿ ਨਿਊਜ਼ੀਲੈਂਡ ਤੋਂ ਮਿਲੀ ਹਾਰ ਉਨ੍ਹਾਂ ਦੀ ਟੀਮ ਦੀਆਂ 2 ਸਾਲ ਦੀਆਂ ਉਪਲਬੱਧੀਆਂ ਨੂੰ ਸਹੀ ਤਰ੍ਹਾਂ ਨਹੀਂ ਦਰਸਾਉਂਦੀ। ਉਨ੍ਹਾਂ ਕਿਹਾ, ‘ਅਸੀਂ ਇਸ ਨਤੀਜੇ ਤੋਂ ਪਰੇਸ਼ਾਨ ਨਹੀਂ ਹਾਂ। ਅਸੀਂ ਪਿਛਲੇ 3-4 ਸਾਲ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ। ਇਹ ਮੈਚ ਸਾਡੀ ਸਮਰਥਾ ਅਤੇ ਕਾਬੀਲੀਅਤ ਨੂੰ ਸਹੀ ਢੰਗ ਨਾਲ ਨਹੀਂ ਦਰਸਾਉਂਦਾ।’ ਰੁਝੇਵੇਂ ਵਾਲੇ ਅੰਤਰਰਾਸ਼ਟਰੀ ਕੈਲੇਂਡਰ ਵਿਚ 3 ਮੈਚਾਂ ਦਾ ਫਾਈਨਲ ਆਈ.ਸੀ.ਸੀ. ਲਈ ਮੁਸ਼ਕਲ ਹੋਵੇਗਾ। ਕੋਹਲੀ ਨੇ ਕਿਹਾ ਕਿ ਲੋਕਾਂ ਨੂੰ ਯਾਦ ਰਹਿਣਾ ਚਾਹੀਦਾ ਹੈ ਕਿ ਇਹ ਮੁਸ਼ਕਲ ਸੀਰੀਜ਼ ਸੀ, ਸਿਰਫ਼ ਇਕ ਫਾਈਨਲ ਨਹੀਂ। ਉਨ੍ਹਾਂ ਕਿਹਾ, ‘ਇਸ ’ਤੇ ਗੱਲ ਹੋਣੀ ਚਾਹੀਦੀ। ਇਸ ਲਈ ਨਹੀਂ ਕਿ ਅਸੀਂ ਜਿੱਤ ਨਹੀਂ ਸਕੇ ਪਰ ਟੈਸਟ ਕ੍ਰਿਕਟ ਲਈ ਇਹ ਕਹਾਣੀ ਯਾਦਗਾਰ ਹੋਣੀ ਚਾਹੀਦੀ ਹੈ।’

ਇਹ ਵੀ ਪੜ੍ਹੋ: ਇਟਲੀ ਸਰਕਾਰ ਦੇ ਸਖ਼ਤ ਰਵੱਈਏ ਕਾਰਨ ਭਾਰਤੀਆਂ ਦੀਆਂ ਮੁਸ਼ਕਲਾਂ ਵਧੀਆਂ, ਪਤੀ-ਪਤਨੀ ਤੇ ਬੱਚਿਆਂ ਦੇ ਪਏ ਵਿਛੋੜੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry