ਕੋਰੋਨਾ ਕਾਰਨ ਪਾਕਿ ’ਚ ਫਸੀ ਭਾਰਤੀ ਬ੍ਰਾਡਕਾਸਟਿੰਗ ਟੀਮ, PSL ਲਈ ਗਏ ਸਨ ਸਰਹਦ ਪਾਰ

03/19/2020 3:53:09 PM

ਸਪੋਰਟਸ ਡੈਸਕ— ਦੁਨੀਆ ਭਰ ’ਚ ਕੋਰੋਨਾ ਵਾਇਰਸ ਕਾਰਨ ਖੇਡਾਂ ਦੇ ਆਯੋਜਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਪਾਕਿਸਤਾਨ ’ਚ ਆਯੋਜਿਤ ਹੋਣ ਵਾਲੇ ਟੀ-20 ਟੂਰਨਾਮੈਂਟ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਨੂੰ ਵੀ ਇਸ ਵਾਇਰਸ ਕਰਕੇ ਸਾਵਧਾਨੀ ਦੇ ਤੌਰ ’ਤੇ ਨਾਕ ਆਊਟ ਰਾਊਂਡ ’ਚ ਰੱਦ ਕਰਨ ਦਾ ਫੈਸਲਾ ਕੀਤਾ ਗਿਆ। ਹੁਣ ਇਸ ਦੇ ਆਯੋਜਕ ਪਾਕਿਸਤਾਨ ’ਚ ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਰਾਹਤ ਮਿਲਣ ਤੋਂ ਬਾਅਦ ਕਿਸੇ ਤਰ੍ਹਾਂ ਪੀ. ਐੱਸ. ਐੱਲ. ਦੇ ਇਸ 51ਵੇਂ ਸੈਸ਼ਨ ਦੀ ਸਮਾਪਤੀ ਦੀ ਉਮੀਦ ਕਰ ਰਹੇ ਹਨ। ਇਸ ਵਿਚਾਲੇ ਪੀ. ਐੱਸ. ਐੱਲ. ਦੇ ਬ੍ਰਾਡਕਾਸਟਰ ਦੇ ਨਾਲ ਕੰਮ ਕਰਨ ਵਾਲੇ ਭਾਰਤੀ ਦਲ ਦੇ 29 ਲੋਕ ਉੱਥੇ ਫਸ ਗਏ ਹਨ। ਪਾਕਿਸਤਾਨ ਸਰਕਾਰ ਵੱਲੋਂ ਉਨ੍ਹਾਂ ਨੂੰ ਅਟਾਰੀ ਬਾਰਡਰ ਰਾਹੀਂ ਭਾਰਤ ਭੇਜਣ ਦੇ ਫੈਸਲੇ ਨੂੰ ਭਾਰਤ ਸਰਕਾਰ ਨੇ ਸਵੀਕਾਰ ਨਹੀਂ ਕੀਤਾ ਹੈ।ਦਰਅਸਲ ਭਾਰਤੀ ਦਲ ਪੀ. ਐੱਸ. ਐੱਲ. ਨੂੰ ਕਵਰ ਕਰਨ ਲਈ ਵੀਜ਼ਾ ਲੈ ਕੇ ਪਾਕਿਸਤਾਨ ਗਿਆ ਸੀ। ਉਨ੍ਹਾਂ ਕੋਲ ਸਿਰਫ ਹਵਾਈ ਯਾਤਰਾ ਕਰਕੇ ਭਾਰਤ ਵਾਪਸ ਲਿਆਉਣ ਦੀ ਇਜਾਜ਼ਤ ਹੈ ਅਤੇ ਉਹ ਕਿਸੇ ਹੋਰ ਸਾਧਨ ਰਾਹੀਂ ਭਾਰਤ ਵਾਪਸ ਨਹੀਂ ਆ ਸਕਦੇ ਹਨ। ਇਸੇ ਲਈ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਜਦੋਂ ਭਾਰਤੀ ਦਲ ਨੂੰ ਅਟਾਰੀ ਰਾਹੀਂ ਭਾਰਤ ਭੇਜਣ ਦੀ ਕੋਸ਼ਿਸ਼ ਕੀਤੀ ਗਈ ਤਾਂ ਭਾਰਤੀ ਅਧਿਕਾਰੀਆਂ ਨੇ ਇਹ ਇਜਾਜ਼ਤ ਨਹੀਂ ਦਿੱਤੀ। ਪਾਕਿਸਤਾਨ ਕ੍ਰਿਕਟ ਬੋਰਡ ਦੇ ਇਕ ਅਧਿਕਾਰੀ ਨੇ ਕਿਹਾ ਕਿ ਭਾਰਤੀ ਦਲ ਨੂੰ ਵਾਪਸ ਪਾਕਿਸਤਾਨ ਭੇਜ ਦਿੱਤਾ ਗਿਆ ਹੈ। ਉਨ੍ਹਾਂ ਸਾਰਿਆਂ ਕੋਲ ਜਾਇਜ਼ ਵੀਜ਼ਾ ਅਤੇ ਕਾਗਜ਼ਾਤ ਹਨ। ਇਸ ਲਈ ਸਰਕਾਰ ਉਨ੍ਹਾਂ ਦੇ ਵਾਪਸ ਆਉਣ ’ਤੇ ਮਾਮਲੇ ਨੂੰ ਦੇਖੇਗੀ ਅਤੇ ਉਨ੍ਹਾਂ ਦੇ ਭਾਰਤ ਭੇਜਣ ਲਈ ਹਵਾਈ ਵਿਵਸਥਾ ਕਰੇਗੀ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ਾਂ ’ਤੇ ਕੋਰੋਨਾ ਵਾਇਰਸ ਨੂੰ ਲੈ ਕੇ ਦਬਾਅ ਵਧ ਗਿਆ ਹੈ। ਕੋਈ ਵੀ ਦੇਸ਼ ਆਪਣੇ ਇੱਥੇ ਇਸ ਵਾਇਰਸ ਕਾਰਨ ਮਾਮਲੇ ਨਹੀਂ ਵਧਣ ਦੇਣਾ ਚਾਹੁੰਦਾਂ ਹੈ।

ਜ਼ਿਕਰਯੋਗ ਹੈ ਕਿ ਦੁਨੀਆ ਭਰ ’ਚ ਆਪਣਾ ਕਹਿਰ ਵਰ੍ਹਾ ਰਹੇ ਕੋਰੋਨਾ ਵਾਇਰਸ ਨੂੰ ਯੂ. ਐੱਨ. ਨੇ ਮਹਾਮਾਰੀ ਐਲਾਨਿਆ ਹੈ। ਪਾਕਿਸਤਾਨ ’ਚ ਅਜੇ ਤਕ 300 ਤੋਂ ਜ਼ਿਆਦਾ ਲੋਕਾਂ ਦੇ ਇਸ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ 3 ਲੋਕ ਵਾਇਰਸ ਕਾਰਨ ਮੌਤ ਦੇ ਮੂੰਹ ’ਚ ਜਾ ਚੁੱਕੇ ਹਨ। ਪੀ. ਐੱਸ. ਐੱਲ. ’ਚ ਖੇਡ ਰਹੇ ਇੰਗਲੈਂਡ ਦੇ ਐਲੇਕਸ ਹੇਲਸ ਨੂੰ ਵੀ ਕੋਰੋਨਾ ਨਾਲ ਪੀੜਤ ਦੱਸਿਆ ਗਿਆ ਸੀ ਪਰ ਉਨ੍ਹਾਂ ਨੇ ਬਿਆਨ ਜਾਰੀ ਕਰਕੇ ਇਸ ਰਿਪੋਰਟ ਨੂੰ ਲਿਖਣ ਵਾਲੇ ਪੱਤਰਕਾਰ ਦੀ ਆਲੋਚਨਾ ਕੀਤੀ।

ਇਹ ਵੀ ਪੜ੍ਹੋ : ਕੋਵਿਡ-19 : ਨਿਊਜ਼ੀਲੈਂਡ ਦੀ PM ਨੇ ਵਤਨ ਪਰਤੀ ਕ੍ਰਿਕਟ ਟੀਮ ਲਈ ਦਿੱਤਾ ਇਹ ਹੁਕਮ

Tarsem Singh

This news is Content Editor Tarsem Singh