ਰਾਂਚੀ 'ਚ ਤੀਜੇ ਟੈਸਟ ਤੋਂ ਪਹਿਲਾਂ ਕੋਈ ਵੀ ਟੀਮ ਹੁਣ ਤਕ ਨਾ ਜਿੱਤੀ ਨਾ ਹਾਰੀ, ਅਜਿਹਾ ਹੈ ਰਿਕਾਰਡ

10/18/2019 12:09:54 PM

ਸਪੋਰਟਸ ਡੈਸਕ— ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤੀਜੇ ਅਤੇ ਆਖਰੀ ਟੈਸਟ ਮੈਚ ਲਈ ਭਾਰਤੀ ਟੀਮ ਅਤੇ ਦੱਖਣ ਅਫਰੀਕਾ ਦੀ ਟੀਮ ਰਾਂਚੀ ਪਹੁੰਚ ਗਈ ਹੈ। ਭਾਰਤ ਅਤੇ ਦੱ. ਅਫਰੀਕਾ ਵਿਚਾਲੇ 19 ਅਕਤੂਬਰ ਤੋਂ ਰਾਂਚੀ ਦੇ ਜੇ. ਐੱਸ. ਸੀ. ਏ. ਅੰਤਰਰਾਸ਼ਟਰੀ ਸਟੇਡੀਅਮ 'ਚ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਖੇਡਿਆ ਜਾਣਾ ਹੈ। ਇਸ ਮੈਦਾਨ 'ਤੇ ਹੁਣ ਤਕ ਕਿਸੇ ਟੀਮ ਨੂੰ ਨਾ ਜਿੱਤ, ਨਾ ਹੀ ਹਾਰ ਮਿਲੀ ਹੈ। ਤੀਜੇ ਟੈਸਟ ਮੈਚ ਲਈ ਟੀਮ ਇੰਡੀਆ ਨੇ ਜੇ. ਐੱਸ. ਸੀ. ਏ. ਸਟੇਡੀਅਮ 'ਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ ਪਹਿਲੇ ਦੋ ਟੈਸਟ ਮੈਚਾਂ 'ਚ ਹਰਾ ਕੇ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਹੁਣ ਉਸ ਦੀਆਂ ਨਜ਼ਰਾਂ 3-0 ਨਾਲ ਕਲੀਨ ਸਵੀਪ ਕਰਨ 'ਤੇ ਲੱਗੀਆਂ ਹਨ।

ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਕੀਤਾ ਅਭਿਆਸ
ਬੀਤੇ ਦਿਨ ਵੀਰਵਾਰ ਨੂੰ ਟੀਮ ਇੰਡੀਆ ਦੇ ਖਿਡਾਰੀਆਂ ਨੇ ਮੈਦਾਨ 'ਤੇ ਰੱਜ ਕੇ ਪਸੀਨਾ ਬਹਾਇਆ ਇਸ ਸੈਂਸ਼ਨ 'ਚ ਅਜਿੰਕਿਆ ਰਹਾਣੇ, ਚੇਤੇਸ਼ਵਰ ਪੁਜਾਰਾ, ਮਯੰਕ ਅੱਗ੍ਰਵਾਲ ਅਤੇ ਇਸ਼ਾਂਤ ਸ਼ਰਮਾ ਨੇ ਵੀ ਭਾਗ ਲਿਆ। ਪਹਿਲੇ ਦੋ ਟੈਸਟ 'ਚੋਂ ਬਾਹਰ ਰਹੇ ਟੀਮ ਇੰਡੀਆ ਦੇ ਚਾਇਨਾਮੈਨ ਸਪਿਨਰ ਕੁਲਦੀਪ ਯਾਦਵ ਨੇ ਅਭਿਆਸ ਸੈਸ਼ਨ ਦਾ ਪੂਰਾ ਇਸਤੇਮਾਲ ਕੀਤਾ। ਟੀਮ ਇੰਡੀਆ ਦੇ ਬਾਕੀ ਖਿਡਾਰੀਆਂ ਨੇ ਵੀ ਕੋਚਿੰਗ ਸਟਾਫ ਦੀ ਹਾਜ਼ਰੀ 'ਚ ਕਾਫੀ ਪਸੀਨਾ ਬਹਾਇਆ।

ਮਹਿਮਾਨ ਦੱਖਣੀ ਅਫਰੀਕੀ ਟੀਮ ਨੇ ਵੀ ਸਵੇਰੇ ਅਭਿਆਸ ਸੈਸ਼ਨ 'ਚ ਭਾਗ ਲਿਆ ਅਤੇ ਉਨ੍ਹਾਂ ਦਾ ਧਿਆਨ ਸਿਰਫ ਬੱਲੇਬਾਜ਼ੀ 'ਚ ਆ ਰਹੀ ਕਮੀ ਨੂੰ ਦੂਰ ਕਰਨ 'ਤੇ ਸੀ। ਦੱਖਣੀ ਅਫਰੀਕਾ ਦੇ ਅਭਿਆਸ ਸੈਸ਼ਨ 'ਚ ਕਪਤਾਨ ਡੂ ਪਲੇਸਿਸ, ਤੇਂਬਾ ਬਾਵੁਮਾ, ਥਿਊਨਿਸ ਡਿ ਬਰਾਇਨ, ਕਵਿੰਟਨ ਡੀ ਕੌਕ, ਸੇਨੁਰਾਨ ਮੁਥੂਸਵਾਮੀ ਸਣੇ ਬਾਕੀ ਖਿਡਾਰੀਆਂ ਨੇ ਵੀ ਭਾਗ ਲਿਆ।

ਇਸ ਮੈਦਾਨ 'ਤੇ ਹੋਇਆ ਹੈ ਸਿਰਫ ਇਕ ਟੈਸਟ
ਰਾਂਚੀ ਦੇ ਜੇ. ਐੱਸ. ਸੀ. ਏ. ਕ੍ਰਿਕਟ ਸਟੇਡੀਅਮ 'ਚ ਹੁਣ ਤੱਕ ਸਿਰਫ ਇਕ ਟੈਸਟ ਮੈਚ ਖੇਡਿਆ ਗਿਆ ਹੈ। ਇਹ ਟੈਸਟ 2017 'ਚ ਖੇਡੀਆ ਗਿਆ ਸੀ, ਉਸ ਸਮੇਂ ਆਸਟਰੇਲੀਆਈ ਟੀਮ ਭਾਰਤ ਦੌਰੇ 'ਤੇ ਆਈ ਸੀ। ਚਾਰ ਮੈਚਾਂ ਦੀ ਟੈਸਟ ਸੀਰੀਜ ਦਾ ਤੀਜਾ ਟੈਸਟ ਅਤੇ ਇਸ ਮੈਦਾਨ 'ਤੇ ਇਹ ਪਹਿਲਾ ਟੈਸਟ ਸੀ। ਭਾਰਤ ਅਤੇ ਆਸਟਰੇਲੀਆ ਵਿਚਾਲੇ ਇਹ ਪਹਿਲਾ ਟੈਸਟ ਡ੍ਰਾ ਰਿਹਾ ਸੀ। ਇਸ ਮੈਚ 'ਚ ਨਾ ਹੀ ਕਿਸੇ ਨੂੰ ਜਿੱਤ, ਨਾ ਹੀ ਹਾਰ ਮਿਲੀ ਹੈ। ਉਸ ਸਮੇਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਹੀ ਸਨ। ਉਥੇ ਹੀ ਕੰਗਾਰੂ ਟੀਮ ਦੀ ਕਮਾਨ ਸਟੀਵ ਸਮਿਥ ਦੇ ਹੱਥ 'ਚ ਸੀ।

ਕੋਚ ਸ਼ਾਸਤਰੀ ਅਤੇ ਗੇਂਦਬਾਜ਼ੀ ਕੋਚ ਭਰਤ ਨੇ ਪਿਚ ਦਾ ਕੀਤਾ ਮੁਆਇਨਾ
ਇਸ ਤੋਂ ਪਹਿਲਾਂ ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਅਤੇ ਗੇਂਦਬਾਜ਼ੀ ਕੋਚ ਭਰਤ ਅਰੁਣ ਨੇ ਪਿਚ ਦਾ ਮੁਆਇਨਾ ਕੀਤਾ। ਪਿੱਚ ਸੁੱਕੀ ਹੋਣ ਕਾਰਨ ਸਪਿਨਰਾਂ ਨੂੰ ਮਦਦ ਮਿਲਣ ਦੀ ਉਮੀਦ ਹੈ। ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਪਿੱਚ ਨੂੰ ਦੇਖਣ ਤੋਂ ਬਾਅਦ ਕਿਹਾ, 'ਮੈਨੂੰ ਲੱਗਦਾ ਹੈ ਕਿ ਵਿਕਟ ਸਪਿਨ ਕਰੇਗਾ। ਪਿੱਚ ਸੁੱਕੀ ਦਿੱਖ ਰਹੀ ਹੈ ਲਿਹਾਜਾ ਰਿਵਰਸ ਸਵਿੰਗ ਵੀ ਲੈ ਸਕਦੀ ਹੈ। ਸਪਿਨਰਸ ਦੀ ਭੂਮਿਕਾ ਕਾਫ਼ੀ ਅਹਿਮ ਹੋਵੇਗੀ। '
ਇਸ ਮੈਦਾਨ 'ਤੇ ਹੁਣ ਲੱਗੇ ਹਨ 4 ਟੈਸਟ ਸੈਕੜੇ
ਰਾਂਚੀ ਦੇ ਜੇ. ਐੱਸ. ਸੀ. ਏ ਕ੍ਰਿਕਟ ਮੈਦਾਨ 'ਚ ਹੁਣ ਤੱਕ ਕੁਲ ਚਾਰ ਟੈਸਟ ਸੈਂਕੜੇ ਲੱਗੇ ਹਨ। ਜਿਨਾਂ 'ਚੋ ਦੋ ਸੈਂਕੜੇ ਭਾਰਤੀ ਖਿਡਾਰੀਆਂ ਨੇ ਲਗਾਏ ਹਨ, ਜਦ ਕਿ ਦੋ ਸੈਂਕੜੇ ਵਿਦੇਸ਼ੀ ਬੱਲੇਬਾਜ਼ਾਂ ਨੇ ਲਗਾਏ।

ਦੋਵਾਂ ਟੀਮਾਂ ਵਿਚਾਲੇ ਹੋਏ ਹਨ 18 ਮੁਕਾਬਲੇ
ਭਾਰਤ ਅਤੇ ਦੱ. ਅਫਰੀਕਾ ਵਿਚਾਲੇ ਭਾਰਤੀ ਜ਼ਮੀਨ 'ਤੇ ਹੁਣ ਤਕ ਕੁਲ 18 ਟੈਸਟ ਖੇਡੇ ਗਏ ਹਨ ਜਿਨਾਂ 'ਚੋਂ 10 ਮੈਚਾਂ 'ਚ ਭਾਰਤ ਨੂੰ ਜਿੱਤ ਅਤੇ 5 'ਚ ਹਾਰ ਮਿਲੀ ਹੈ। ਜਦ ਕਿ ਤਿੰਨ ਮੁਕਾਬਲੇ ਡ੍ਰਾ ਰਹੇ।