ਭਾਰਤ ਕੋਲ ਵਿਦੇਸ਼ ''ਚ ਪਹਿਲੀ ਵਾਰ ਲਗਾਤਾਰ 3 ਟੈਸਟ ਮੈਚ ਜਿੱਤਣ ਦਾ ਮੌਕਾ

08/09/2017 3:47:17 AM

ਨਵੀਂ ਦਿੱਲੀ— ਆਪਣੇ 85 ਸਾਲ ਦੇ ਟੈਸਟ ਇਤਿਹਾਸ 'ਚ ਹੁਣ ਤਕ ਸਿਰਫ ਇਕ ਵਾਰ ਵਿਦੇਸ਼ੀ ਧਰਤੀ 'ਤੇ ਕਿਸੇ ਲੜੀ ਵਿਚ 3 ਟੈਸਟ ਮੈਚ ਜਿੱਤਣ ਵਾਲੀ ਭਾਰਤੀ ਟੀਮ ਨੂੰ ਹੁਣ ਸ਼੍ਰੀਲੰਕਾ ਵਿਰੁੱਧ ਮੌਜੂਦਾ ਟੈਸਟ ਲੜੀ ਵਿਚ ਨਾ ਸਿਰਫ ਲੱਗਭਗ 50 ਸਾਲ ਬਾਅਦ ਇਹ ਪ੍ਰਾਪਤੀ ਦੁਹਰਾਉਣ ਸਗੋਂ ਵਿਦੇਸ਼ ਵਿਚ ਪਹਿਲੀ ਵਾਰ ਲਗਾਤਾਰ ਤਿੰਨ ਟੈਸਟ ਮੈਚ ਜਿੱਤਣ ਦਾ ਸੁਨਹਿਰੀ ਮੌਕਾ ਮਿਲਿਆ ਹੈ।

ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਨੇ ਸ਼੍ਰੀਲੰਕਾ ਵਿਰੁੱਧ 3 ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਦੋਵੇਂ ਮੈਚ ਆਸਾਨੀ ਨਾਲ ਜਿੱਤ ਲਏ ਹਨ ਤੇ ਜੇਕਰ ਉਹ ਪੱਲੇਕੇਲੇ ਵਿਚ 12 ਅਗਸਤ ਤੋਂ ਸ਼ੁਰੂ ਹੋਣ ਵਾਲੇ ਤੀਜੇ ਤੇ ਆਖਰੀ ਟੈਸਟ ਮੈਚ ਵਿਚ ਆਪਣੀ ਜੇਤੂ ਮੁਹਿੰਮ ਬਰਕਰਾਰ ਰੱਖਦੀ ਹੈ ਤਾਂ ਫਿਰ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਭਾਰਤੀ ਟੀਮ ਵਿਦੇਸ਼ੀ ਧਰਤੀ 'ਤੇ ਤਿੰਨ ਟੈਸਟਾਂ ਦੀ ਲੜੀ 'ਚ ਕਲੀਨ ਸਵੀਪ ਕਰੇਗੀ।