ਏਸ਼ੀਆਈ ਚੈਂਪੀਅਨਸ ਟਰਾਫੀ ''ਚ ਓਮਾਨ ਦੇ ਖਿਲਾਫ ਪਹਿਲਾ ਮੈਚ ਖੇਡੇਗਾ ਭਾਰਤ

07/05/2018 7:47:07 PM

ਨਵੀਂ ਦਿੱਲੀ : ਪਿਛਲੀ ਚੈਂਪੀਅਨ ਭਾਰਤ 18 ਅਕਤੂਬਰ ਤੋਂ ਮਾਸਕਟ 'ਚ ਸ਼ੁਰੂ ਹੋ ਰਹੀ ਪੰਜਵੀਂ ਏਸ਼ੀਆਈ ਚੈਂਪੀਅਨਸ ਟਰਾਫੀ 'ਚ ਮੇਜ਼ਬਾਨ ਓਮਾਨ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਏਸ਼ੀਆਈ ਹਾਕੀ ਮਹਾਸੰਘ ਨੇ 18 ਤੋਂ 28 ਅਕਤੂਬਰ ਤੱਕ ਹੋਣ ਵਾਲੇ ਇਸ ਟੂਰਨਾਮੈਂਟ ਦੇ ਪ੍ਰੋਗਰਾਮ ਦਾ ਅੱਜ ਐਲਾਨ ਕੀਤਾ। ਭਾਰਤ ਟੂਰਨਾਮੈਂਟ 'ਚ ਚੋਟੀ ਦੀ ਰੈਂਕਿੰਗ ਵਾਲੀ ਟੀਮ ਹੈ ਅਤੇ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਵੀ ਹੈ।

ਵਿਸ਼ਵ ਰੈਂਕਿੰਗ 'ਚ 8ਵੇਂ ਸਥਾਨ 'ਤੇ ਕਾਬਿਜ਼ ਮਲੇਸ਼ੀਆ ਅਤੇ 13ਵੀਂ ਰੈਂਕਿੰਗ ਵਾਲੀ ਪਾਕਿਸਤਾਨੀ ਟੀਮ ਤੋਂ ਸਖਤ ਚੁਣੌਤੀ ਮਿਲ ਸਕਦੀ ਹੈ। ਹਰ ਟੀਮ ਪੰਜ ਰਾਊਂਡ ਰਾਬਿਨ ਮੈਚ ਖੇਡੇਗੀ ਜਿਸਦੇ ਬਾਅਦ ਸਿਖਰ ਚਾਰ ਟੀਮਾਂ ਸੈਮੀਫਾਈਨਲ 'ਚ ਪਹੁੰਚਣਗੀਆਂ। ਬਾਕੀ ਦੋ ਟੀਮਾਂ ਪੰਜਵੇਂ ਸਥਾਨ ਲਈ ਖੇਡਣਗੀਆਂ। ਫਾਈਨਲ ਅਤੇ ਕਾਂਸੀ ਤਮਗਾ ਦਾ ਮੁਕਾਬਲਾ 28 ਅਕਤੂਬਰ ਨੂੰ ਹੋਵੇਗਾ। ਭਾਰਤ ਨੇ 2011 ਅਤੇ 2016 'ਚ ਇਹ ਖਿਤਾਬ ਜਿੱਤਿਆ ਸੀ। ਭਾਰਤ ਦਾ ਸਾਹਮਣਾ 20 ਅਕਤੂਬਰ ਨੂੰ ਪਾਕਿਸਤਾਨ ਨਾਲ ਅਤੇ ਅਗਲੇ ਦਿਨ ਜਾਪਾਨ ਨਾਲ ਹੋਵੇਗਾ। ਉਸਨੂੰ 23 ਅਕਤੂਬਰ ਨੂੰ ਮਲੇਸ਼ੀਆ ਅਤੇ 24 ਨੂੰ ਦੱਖਣੀ ਕੋਰੀਆ ਨਾਲ ਖੇਡਣਾ ਹੈ।