ਆਪਣਾ 1600ਵਾਂ ਮੈਚ ਖੇਡਣ ਉਤਰੇਗਾ ਭਾਰਤ

01/21/2019 6:21:47 PM

ਨਵੀਂ ਦਿੱਲੀ— ਭਾਰਤ ਨਿਊਜ਼ੀਲੈਂਡ ਦੌਰੇ ਵਿਚ ਬੁੱਧਵਾਰ ਨੂੰ ਨੇਪੀਅਰ ਵਿਚ ਮੇਜ਼ਬਾਨ ਟੀਮ ਵਿਰੁੱਧ ਜਦੋਂ ਪਹਿਲਾ ਵਨ ਡੇ ਖੇਡਣ ਉਤਰੇਗਾ ਤਾਂ ਇਹ ਉਸਦੇ ਕ੍ਰਿਕਟ ਇਤਿਹਾਸ ਦਾ 1600ਵਾਂ ਮੈਚ ਹੋਵੇਗਾ। ਭਾਰਤ ਨੇ 1932 ਵਿਚ ਆਪਣਾ ਕ੍ਰਿਕਟ ਸਫਰ ਸ਼ੁਰੂ ਕੀਤਾ ਸੀ ਜਿਹੜਾ 87 ਸਾਲ ਲੰਘਾ ਕੇ ਹੁਣ 1600 ਮੈਚਾਂ 'ਤੇ ਪਹੁੰਚਣ ਜਾ ਰਿਹਾ ਹੈ। ਭਾਰਤ ਨੇ ਹੁਣ ਤੱਕ 533 ਟੈਸਟ, 956 ਵਨ ਡੇ ਤੇ 110 ਟੀ-20 ਮੈਚ ਖੇਡੇ ਹਨ। ਭਾਰਤ 5 ਮੈਚਾਂ ਦੀ ਸੀਰੀਜ਼ 'ਚ ਪਹਿਲਾ ਵਨ ਡੇ ਖੇਡਣ ਦੇ ਨਾਲ ਹੀ ਇਹ ਉਪਲੱਬਧੀ ਹਾਸਲ ਕਰ ਲਵੇਗਾ।


ਭਾਰਤ ਇਸਦੇ ਨਾਲ ਹੀ ਕੁਲ 1600 ਕੌਮਾਂਤਰੀ ਮੈਚ ਖੇਡਣ ਵਾਲਾ ਤੀਜਾ ਦੇਸ਼ ਬਣ ਜਾਵੇਗਾ। ਆਸਟਰੇਲੀਆ ਨੇ ਹੁਣ ਤੱਕ ਕੁਲ 1854 ਮੈਚ ਤੇ ਕ੍ਰਿਕਟ ਦੇ ਜਨਮ ਦਾਤਾ ਇੰਗਲੈਂਡ ਨੇ 1833 ਮੈਚ ਖੇਡੇ ਹਨ। ਭਾਰਤ ਨੇ ਆਪਣੇ 1599 ਮੈਚਾਂ ਵਿਚੋਂ 713 ਜਿੱਤੇ ਹਨ, 615 ਹਾਰੇ ਹਨ, 11 ਟਾਈ ਰਹੇ ਹਨ, 217 ਡਰਾਅ ਰਹੇ ਹਨ ਤੇ 43 ਵਿਚ ਕੋਈ ਨਤੀਜਾ ਨਹੀਂ ਨਿਕਲਿਆ ਹੈ। ਦੂਜੇ ਪਾਸੇ ਨਿਊਜ਼ੀਲੈਂਡ ਵੀ ਇਸ ਸੀਰੀਜ਼ ਦਾ ਚੌਥਾ ਮੈਚ ਖੇਡਣ ਦੇ ਨਾਲ ਹੀ ਆਪਣੇ 1300 ਕੌਮਾਂਤਰੀ ਮੈਚ ਪੂਰੇ ਕਰ ਲਵੇਗਾ। ਨਿਊਜ਼ੀਲੈਂਡ ਨੇ ਹੁਣ ਤੱਕ 1296 ਮੈਚਾਂ ਵਿਚੋਂ 488 ਜਿੱਤੇ ਹਨ ਤੇ 589 ਹਾਰੇ ਹਨ।
ਭਾਰਤ ਨੇ ਨਿਊਜੀਲੈਂਡ ਵਿਚ ਆਖਰੀ ਵਾਰ ਵਨ ਡੇ ਸੀਰੀਜ਼ 2008-09 'ਚ ਜਿੱਤੀ ਸੀ। ਤਦ ਭਾਰਤ ਨੇ ਪੰਜ ਮੈਚਾਂ ਦੀ ਸੀਰੀਜ਼ 'ਤੇ 3-1 ਨਾਲ ਕਬਜ਼ਾ ਕੀਤਾ ਸੀ। ਭਾਰਤ ਨੂੰ 2013-14 ਵਿਚ ਨਿਊਜ਼ੀਲੈਂਡ ਦੌਰੇ ਵਿਚ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਵਿਚ 0-4 ਨਾਲ ਹਾਰ ਮਿਲੀ ਸੀ। ਭਾਰਤ ਨੇ ਨਿਊਜ਼ੀਲੈਂਡ ਤੋਂ ਹਾਲਾਂਕਿ ਪਿਛਲੀਆਂ ਦੋ ਘਰੇਲੂ ਵਨ ਡੇ ਸੀਰੀਜ਼ ਜਿੱਤੀਆਂ ਹਨ। ਭਾਰਤ ਨੇ 2016-17 ਵਿਚ ਨਿਊਜ਼ੀਲੈਂਡ ਨੂੰ 3-2 ਨਾਲ ਤੇ 2017-18 ਵਿਚ 2-1 ਨਾਲ ਹਰਾਇਆ ਸੀ। ਵਨ ਡੇ ਕ੍ਰਿਕਟ ਵਿਚ ਭਾਰਤ ਨੇ ਨਿਊਜ਼ੀਲੈਂਡ ਵਿਰੁੱਧ ਓਵਰ ਆਲ 101 ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ ਉਸ ਨੇ 51 ਜਿੱਤੇ ਹਨ, 44 ਹਾਰੇ ਹਨ, ਇਕ ਟਾਈ ਰਿਹ ਹੈ ਤੇ ਪੰਜ ਵਿਚ ਕੋਈ ਨਤੀਜਾ ਨਹੀਂ ਨਿਕਲਿਆ ਹੈ। ਵਿਰਾਟ ਕੋਹਲੀ ਦੀ ਕਪਤਾਨੀ ਵਿਚ ਟੀਮ ਇੰਡੀਆ ਆਸਟਰੇਲੀਆ ਵਿਚ ਪਹਿਲੀ ਵਾਰ ਟੈਸਟ ਤੇ ਵਨ ਡੇ ਸੀਰੀਜ਼ ਵਿਚ ਇਤਿਹਾਸਕ ਜਿੱਤ ਦਰਜ ਕਰਕੇ ਨਿਊਜ਼ਲੈਂਡ ਪਹੁੰਚੀ ਹੈ। ਭਾਰਤ ਨੇ ਦੋਵੇਂ ਸੀਰੀਜ਼ ਵਿਚ 2-1 ਨਾਲ ਜਿੱਤ ਹਾਸਲ ਕੀਤੀ।