ਸ਼੍ਰੀਲੰਕਾ ''ਤੇ ਬੜ੍ਹਤ ਲਈ ਉਤਰੇਗਾ ਭਾਰਤ

11/24/2017 12:25:51 AM

ਨਾਗਪੁਰ— ਭਾਰਤੀ ਕ੍ਰਿਕਟ ਟੀਮ ਉਤਾਰ-ਚੜਾਅ ਨਾਲ ਭਰੇ ਪਹਿਲੇ ਕੋਲਕਾਤਾ ਟੈਸਟ ਤੋਂ ਬਾਅਦ ਇੱਥੇ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਹੇ ਦੂਜੇ ਨਾਗਪੁਰ ਟੈਸਟ ਵਿਚ ਸ਼੍ਰੀਲੰਕਾ ਵਿਰੁੱਧ ਪਿਛਲੀਆਂ ਗਲਤੀਆਂ ਤੋਂ ਸਬਕ ਲੈਂਦੇ ਹੋਏ ਬੜ੍ਹਤ ਦੇ ਇਰਾਦੇ ਨਾਲ ਉਤਰੇਗੀ।
ਭਾਰਤ ਨੂੰ ਸ਼੍ਰੀਲੰਕਾ ਟੀਮ ਨੇ ਕੋਲਕਾਤਾ ਵਿਚ ਹੋਏ ਪਹਿਲੇ ਟੈਸਟ ਵਿਚ ਸਖਤ ਟੱਕਰ ਦਿੱਤੀ ਸੀ ਤੇ ਆਪਣੇ ਵਿਰੁੱਧ ਲਗਾਤਾਰ 10ਵੀਂ ਜਿੱਤ ਤੋਂ ਵੀ ਵਾਂਝੇ ਕੀਤਾ ਸੀ। ਇਸ ਮੈਚ ਵਿਚ ਮੀਂਹ ਦੀ ਅਹਿਮ ਭੂਮਿਕਾ ਰਹੀ ਤੇ ਟੀਮ ਇੰਡੀਆ ਦੀ ਸ਼ੁਰੂਆਤ ਵੀ ਨਿਰਾਸ਼ਾਜਨਕ ਰਹੀ ਸੀ ਪਰ ਪੰਜਵੇਂ ਦਿਨ ਤਕ ਆਉਂਦੇ-ਆਉਂਦੇ ਨੰਬਰ ਇਕ ਟੈਸਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਅਜੇਤੂ ਸੈਂਕੜੇ (104) ਨਾਲ ਮੁਕਾਬਲਾ ਪਲਟ ਕੇ ਰੱਖ ਦਿੱਤਾ ਤੇ ਮੈਚ ਅੰਤ ਡਰਾਅ ਖਤਮ ਹੋਇਆ।
ਹਾਲਾਂਕਿ ਇਸ ਮੈਚ ਵਿਚ ਵੀ ਟੀਮ ਇੰਡੀਆ ਜਿੱਤ ਤੋਂ ਸਿਰਫ ਤਿੰਨ ਵਿਕਟਾਂ ਹੀ ਦੂਰ ਸੀ ਪਰ ਖਰਾਬ ਰੌਸ਼ਨੀ ਨੇ ਸ਼੍ਰੀਲੰਕਾ  ਦਾ ਸਾਥ ਦਿੱਤਾ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਮੇਜ਼ਬਾਨ ਟੀਮ ਦੇ ਬੱਲੇਬਾਜ਼ਾਂ ਨੇ ਪਹਿਲੀ ਪਾਰੀ ਵਿਚ  ਕਾਫੀ ਨਿਰਾਸ਼ ਕੀਤਾ ਤੇ ਇਕ ਵਾਰ ਫਿਰ ਦਿਖਾ ਦਿੱਤਾ ਕਿ  ਉਹ ਜ਼ਿਆਦਾਤਰ ਵਿਰਾਟ 'ਤੇ ਨਿਰਭਰ ਹੋ ਗਈ ਹੈ,  ਜਿਹੜਾ ਪਹਿਲੀ ਪਾਰੀ ਵਿਚ ਜ਼ੀਰੋ 'ਤੇ ਆਊਟ ਹੋਇਆ ਸੀ। 
ਸ਼੍ਰੀਲੰਕਾ ਵਿਰੁੱਧ ਤਿੰਨ ਟੈਸਟਾਂ ਦੀ ਸੀਰੀਜ਼ ਵਿਚ ਹੁਣ ਦੂਜਾ ਮੈਚ ਜਿੱਤ ਕੇ ਭਾਰਤ ਕੋਲ 1-0 ਦੀ ਬੜ੍ਹਤ ਹਾਸਲ ਕਰਨ ਦਾ ਸੁਨਹਿਰੀ ਮੌਕਾ ਰਹੇਗਾ ਜਦਕਿ ਵਿਰੋਧੀ ਟੀਮ ਵੀ ਇਸ ਮੈਚ ਵਿਚ ਜਿੱਤ ਦੇ ਇਰਾਦੇ ਨਾਲ ਉਤਰੇਗੀ।  ਭਾਰਤੀ ਟੀਮ ਵਿਚ ਨਾਗਪੁਰ ਵਿਚ ਦੋ ਅਹਿਮ ਬਦਲਾਅ ਦੇਖਣ ਨੂੰ ਮਿਲਣਗੇ, ਜਿਨ੍ਹਾਂ ਵਿਚ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਵਿਆਹ ਕਾਰਨ ਬਾਕੀ ਦੇ ਦੋਵੇਂ ਮੈਚਾਂ ਤੋਂ ਬਾਹਰ ਰਹੇਗਾ ਜਦਕਿ ਸ਼ਿਖਰ ਨਾਗਪੁਰ ਮੈਚ ਵਿਚ ਨਹੀਂ ਖੇਡੇਗਾ। ਭੁਵੀ ਦੀ ਕਮੀ ਹਾਲਾਂਕਿ ਨਾਗਪੁਰ ਵਿਚ ਮਹਿਸੂਸ ਕੀਤੀ ਜਾਵੇਗੀ, ਜਿੱਥੇ ਇਕ ਵਾਰ ਫਿਰ ਗ੍ਰੀਨ ਟਾਪ ਦੀ ਉਮੀਦ ਹੈ। ਤੇਜ਼ ਗੇਂਦਬਾਜ਼ਾਂ ਲਈ ਗ੍ਰੀਨ ਟਾਪ ਪਿੱਚਾਂ ਮਦਦਗਾਰ ਮੰਨੀਆਂ ਜਾਂਦੀਆਂ ਹਨ ਤੇ ਈਡਨ ਵਿਚ ਭੁਵਨੇਸ਼ਵਰ  8 ਵਿਕਟਾਂ ਲੈ ਕੇ ਸਭ ਤੋਂ ਸਫਲ ਗੇਂਦਬਾਜ਼ ਰਿਹਾ ਸੀ। ਭੁਵੀ ਨੇ ਕੋਲਕਾਤਾ ਦੀ ਪਿੱਚ 'ਤੇ ਜਿਸ ਤਰ੍ਹਾਂ ਉਛਾਲ ਤੇ ਤੇਜ਼ੀ ਨਾਲ ਸ਼੍ਰੀਲੰਕਾਈ ਬੱਲੇਬਾਜ਼ਾਂ ਨੂੰ ਕੰਟਰੋਲ ਕੀਤਾ, ਉਹ ਸ਼ਲਾਘਾਯੋਗ ਸੀ ਤੇ ਇਸਦੀ ਬਦੌਲਤ ਉਹ 'ਮੈਨ ਆਫ ਦਿ ਮੈਚ' ਵੀ ਬਣਿਆ ਸੀ।
ਭੁਵਨੇਸ਼ਵਰ ਦੀ ਗੈਰ-ਹਾਜ਼ਰੀ ਵਿਚ ਇਸ਼ਾਂਤ ਸ਼ਰਮਾ ਟੀਮ ਵਿਚ ਤੀਜੇ ਤੇਜ਼ ਗੇਂਦਬਾਜ਼ ਲਈ ਸ਼ਾਮਲ ਹੋ ਸਕਦਾ ਹੈ ਤੇ ਉਮੇਸ਼ ਯਾਦਵ ਤੇ ਮੁਹੰਮਦ ਸ਼ੰਮੀ ਦੀ ਤਿਕੜੀ ਇਕ ਵਾਰ ਫਿਰ ਨਾਗਪੁਰ ਵਿਚ ਅਹਿਮ ਹੋਵੇਗੀ। ਕੋਲਕਾਤਾ ਵਿਚ ਜਿੱਥੇ ਭਾਰਤੀ ਤਿਕੜੀ ਨੇ 17 ਵਿਕਟਾਂ ਕੱਢੀਆਂ ਤਾਂ ਉਥੇ ਹੀ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ਾਂ ਦੇ ਵੀ ਸਫਲਤਾ ਹੱਥ ਲੱਗੀ ਸੀ ਤੇ ਵਿਰਾਟ ਐਂਡ ਕੰਪਨੀ ਨੂੰ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੀ ਰਣਨੀਤੀ ਤੈਅ ਕਰਨੀ ਹੋਵੇਗੀ। ਸ਼੍ਰੀਲੰਕਾ ਲਈ  ਤਾਸ਼ ਦਾ ਇੱਕਾ ਸਾਬਤ ਹੋਇਆ ਤੇਜ਼ ਗੇਂਦਬਾਜ਼ ਸੁਰੰਗਾ ਲਕਮਲ ਈਡਨ  ਵਿਚ 119 ਦੌੜਾਂ 'ਤੇ 7 ਵਿਕਟਾਂ ਨਾਲ ਸਭ ਤੋਂ ਪ੍ਰਭਾਵਸ਼ਾਲੀ ਰਿਹਾ ਸੀ। ਉਸਦੇ ਨਾਲ ਦਾਸੁਨ ਸ਼ਨਾਕਾ ਤੇ ਲਾਹਿਰੂ ਗਮਾਗੇ ਨੇ ਵੀ ਮਿਲਕੇ ਭਾਰਤ ਦੀ ਪਹਿਲੀ ਪਾਰੀ 172 ਦੌੜਾਂ 'ਤੇ ਸਮੇਟ ਦਿੱਤੀ ਸੀ।  ਟੀਮ ਦੇ ਕੋਚ ਨਿਕ ਪੋਥਾਸ ਨੇ ਮੰਨਿਆ ਕਿ ਉਸਦੀ ਟੀਮ ਨੇ ਮੈਚ ਵਿਚ ਪੰਜ ਵਿਚੋਂ ਚਾਰ ਦਿਨ ਭਾਰਤ ਤੋਂ ਬੇਹਤਰ ਖੇਡ ਦਿਖਾਈ ਤੇ ਉਹ ਨਾਗਪੁਰ ਵਿਚ ਪਾਸਾ ਪਲਟ ਸਕਦੇ ਸਨ। 
ਜ਼ਾਹਿਰ ਹੈ ਕਿ ਇਸ ਸਾਲ ਭਾਰਤ ਤੋਂ 0-9 ਦੀ ਹਾਰ ਝੱਲਣ ਤੋਂ ਬਾਅਦ ਸ਼੍ਰੀਲੰਕਾ ਦਾ ਭਾਰਤ ਦੀ ਧਰਤੀ 'ਤੇ ਇਸ ਤਰ੍ਹਾਂ ਦਾ ਪ੍ਰਦਰਸ਼ਨ ਮਨੋਬਲ ਵਧਾਉਣ ਵਾਲਾ ਹੈ। ਸ਼੍ਰੀਲੰਕਾ ਨੇ ਭਾਰਤ ਵਿਚ ਕਦੇ ਵੀ ਟੈਸਟ ਨਹੀਂ ਜਿੱਤਿਆ ਹੈ  ਪਰ ਭਾਰਤ ਦੌਰੇ ਤੋਂ ਪਹਿਲਾਂ ਯੂ. ਏ. ਈ. ਵਿਚ ਪਾਕਿਸਤਾਨ ਨੂੰ ਦੋ ਟੈਸਟਾਂ ਵਿਚ ਹਰਾ ਕੇ ਉਸਦਾ ਮਨੋਬਲ ਵਧਿਆ  ਹੈ ਤੇ ਪਹਿਲਾਂ ਦੇ ਮੁਕਾਬਲੇ ਉਸਦੀ ਖੇਡ ਵਿਚ ਵੱਡਾ ਸੁਧਾਰ ਵੀ ਦੇਖਣ ਨੂੰ ਮਿਲਿਆ ਹੈ।