ਭਾਰਤ ਨੂੰ ਫਿਰ ਦਿਖਾਉਣੀ ਪਵੇਗੀ ਤਾਕਤ

07/17/2018 12:57:14 AM

ਲੰਡਨ— ਭਾਰਤੀ ਕ੍ਰਿਕਟ ਟੀਮ ਸਾਹਮਣੇ ਇੰਗਲੈਂਡ ਵਿਰੁੱਧ ਟੀ-20 ਦੀ ਤਰ੍ਹਾਂ ਵਨ ਡੇ ਸੀਰੀਜ਼ ਵਿਚ ਵੀ ਫੈਸਲਾਕੁੰਨ ਮੈਚ ਦੀ ਚੁਣੌਤੀ ਖੜ੍ਹੀ ਹੋ ਗਈ ਹੈ ਤੇ ਮੰਗਲਵਾਰ ਨੂੰ ਹੋਣ ਵਾਲੇ ਤੀਜੇ ਤੇ ਆਖਰੀ ਮੈਚ ਵਿਚ ਉਸ ਨੂੰ ਇਕ ਵਾਰ ਫਿਰ ਗਲਤੀਆਂ ਤੋਂ ਉੱਭਰਦੇ ਹੋਏ ਜਿੱਤ ਨਾਲ ਸੀਰੀਜ਼ 'ਤੇ ਕਬਜ਼ਾ ਕਰਨ ਲਈ ਪੂਰਾ ਜ਼ੋਰ ਲਾਉਣਾ ਪਵੇਗਾ।
ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ 1-1 ਨਾਲ ਬਰਾਬਰੀ 'ਤੇ ਹੈ ਤੇ ਆਖਰੀ ਮੈਚ ਇਕ ਵਾਰ ਫਿਰ ਫੈਸਲਾਕੁੰਨ ਹੋ ਗਿਆ ਹੈ। ਪਿਛਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਨੂੰ ਵੀ ਭਾਰਤ ਨੇ ਅਜਿਹੀ ਹੀ ਬਰਾਬਰੀ ਤੋਂ ਬਾਅਦ 2-1 ਨਾਲ ਜਿੱਤਿਆ ਸੀ ਤੇ ਸਾਰਿਆਂ ਨੂੰ ਭਰੋਸਾ ਹੈ ਕਿ ਉਸ ਦੇ ਖਿਡਾਰੀ ਇਸ ਵਾਰ ਵੀ ਵਾਪਸੀ ਕਰ ਲੈਣਗੇ।
ਵਨ ਡੇ ਸੀਰੀਜ਼ ਵਿਚ ਕਲੀਨ ਸਵੀਪ ਤੋਂ ਹਾਲਾਂਕਿ ਭਾਰਤ ਨੇ ਫਿਰ ਤੋਂ ਇਸ ਸਵਰੂਪ ਵਿਚ ਇੰਗਲੈਂਡ ਨੂੰ ਪਛਾੜ ਕੇ ਨੰਬਰ ਵਨ ਬਣਨ ਦਾ ਮੌਕਾ ਤਾਂ ਗੁਆ ਦਿੱਤਾ ਹੈ ਪਰ ਉਸਦੀਆਂ ਨਜ਼ਰਾਂ ਹੁਣ ਸਿਰਫ ਸੀਰੀਜ਼ 'ਤੇ ਕਬਜ਼ਾ ਕਰਨ 'ਤੇ ਲੱਗੀਆਂ ਹੋਈਆਂ ਹਨ। ਭਾਰਤ ਨੇ ਪਿਛਲਾ ਵਨ ਡੇ 86 ਦੌੜਾਂ ਨਾਲ ਗੁਆਇਆ ਸੀ, ਜਿਸ ਵਿਚ ਬੱਲੇ ਤੇ ਗੇਂਦ ਦੋਵਾਂ ਨਾਲ ਉਸ ਦੇ ਖਿਡਾਰੀਆਂ ਨੇ ਨਿਰਾਸ਼ ਕੀਤਾ ਅਤੇ ਇਕ ਵਾਰ ਫਿਰ ਉਸ ਦੇ ਮੱਧਕ੍ਰਮ ਦੀਆਂ ਕਮਜ਼ੋਰੀਆਂ ਉਜਾਗਰ ਹੋ ਗਈਆਂ।
ਤੇਜ਼ ਗੇਂਦਬਾਜ਼ ਉਮੇਸ਼ ਯਾਦਵ, ਆਲਰਾਊਂਡਰ ਹਾਰਦਿਕ ਪੰਡਯਾ ਤੇ ਸਿਧਾਰਥ ਕੌਲ ਬਹੁਤ ਮਹਿੰਗੇ ਸਾਬਤ ਹੋਏ, ਜਦਕਿ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਫਿਰ ਤੋਂ ਤਿੰਨ ਵਿਕਟਾਂ ਦੀ ਸਫਲ ਗੇਂਦਬਾਜ਼ੀ ਨਾਲ ਆਪਣੀ ਉਪਯੋਗਤਾ ਸਾਬਤ ਕੀਤੀ। ਗੇਂਦਬਾਜ਼ਾਂ ਦੀ ਅਸਫਲਤਾ ਤੋਂ ਬਾਅਦ ਦੌੜਾਂ ਲਈ ਟੀਮ ਓਪਨਿੰਗ ਜੋੜੀ ਰੋਹਿਤ ਸ਼ਰਮਾ, ਸ਼ਿਖਰ ਧਵਨ ਤੇ ਤੀਜੇ ਨੰਬਰ ਦੇ ਕਪਤਾਨ ਵਿਰਾਟ 'ਤੇ ਫਿਰ ਨਿਰਭਰ ਦਿਸੀ ਤੇ ਬਾਕੀ ਬੱਲੇਬਾਜ਼ ਬਿਲਕੁਲ ਵੀ ਪ੍ਰਭਾਵਿਤ ਨਹੀਂ ਕਰ ਸਕੇ।
ਇੰਗਲੈਂਡ ਦੀ ਧਰਤੀ 'ਤੇ ਹੁਣ ਤਕ ਭਾਰਤ ਦਾ ਪ੍ਰਦਰਸ਼ਨ ਸਬਰਯੋਗ ਕਿਹਾ ਜਾ ਸਕਦਾ ਹੈ ਪਰ ਜਿਥੇ ਉਸਦੀਆਂ ਨਜ਼ਰਾਂ ਇਸੇ ਦੇਸ਼ ਵਿਚ 2019 ਵਿਚ ਹੋਣ ਵਾਲੇ ਆਈ. ਸੀ. ਸੀ. ਵਨ ਡੇ ਵਿਸ਼ਵ ਕੱਪ 'ਤੇ ਲੱਗੀਆਂ ਹੋਈਆਂ ਹਨ ਤਾਂ ਇਹ ਵੀ ਜ਼ਰੂਰੀ ਹੈ ਕਿ ਉਹ ਸਮਾਂ ਰਹਿੰਦਿਆਂ ਮੱਧਕ੍ਰਮ ਦੇ ਆਪਣੇ ਸੰਯੋਜਨ ਦੀ ਸਮੱਸਿਆ ਨੂੰ ਸੁਲਝਾ ਲਵੇ। ਕਪਤਾਨ ਵਿਰਾਟ ਲਗਾਤਾਰ ਹੀ ਮੱਧਕ੍ਰਮ ਵਿਚ ਨਵੇਂ ਪ੍ਰਯੋਗ ਕਰਦਾ ਰਹਿੰਦਾ ਹੈ ਪਰ ਤੀਜੇ ਤੇ ਚੌਥੇ ਕ੍ਰਮ 'ਤੇ ਲੋਕੇਸ਼ ਰਾਹੁਲ ਸਥਿਰ ਨਹੀਂ ਦਿਸ ਰਿਹਾ ਹੈ। 
ਦੂਜੇ ਪਾਸੇ ਮੇਜ਼ਬਾਨ ਟੀਮ ਚਾਹੇਗੀ ਕਿ ਉਹ ਟੀ-20 ਸੀਰੀਜ਼ ਦੀ ਹਾਰ ਦਾ ਬਦਲਾ ਲੈਂਦਿਆਂ ਫੈਸਲਾਕੁੰਨ ਮੈਚ ਜਿੱਤੇ ਤੇ ਸੀਰੀਜ਼ 'ਤੇ ਕਬਜ਼ਾ ਕਰੇ। ਇੰਗਲੈਂਡ ਨੇ ਤੀਜੇ ਵਨ ਡੇ ਲਈ ਹੈਂਪਸ਼ਾਇਰ ਦੇ ਜੇਮਸ ਵਿੰਸ ਨੂੰ ਇੰਗਲਿਸ਼ ਟੀਮ ਵਿਚ ਸ਼ਾਮਲ ਕੀਤਾ ਹੈ, ਜਦਕਿ ਬੱਲੇਬਾਜ਼ ਡੇਵਿਨ ਮਲਾਨ ਤੇ ਆਲਰਾਊਂਡਰ ਸੈਮ ਕੁਰਾਨ ਨੂੰ ਭਾਰਤ-ਏ ਨਾਲ ਚਾਰ ਦਿਨਾ ਮੈਚ ਲਈ ਰਿਲੀਜ਼ ਕਰ ਦਿੱਤਾ ਗਿਆ ਹੈ।