ਭਾਰਤ ਬਨਾਮ ਦੱ. ਅਫਰੀਕਾ ; 3 ਟੀ-20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਅੱਜ

09/15/2019 11:27:22 AM

ਧਰਮਸ਼ਾਲਾ— ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਨਵੇਂ ਚਿਹਰਿਆਂ ਦੀ ਪ੍ਰੀਖਿਆ 'ਚ ਟੀਮ ਇੰਡੀਆ ਰੁੱਝ ਗਈ ਹੈ।  ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਘਰੇਲੂ ਮੈਦਾਨ 'ਤੇ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੀ-20 ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ, ਜਿਥੇ ਸਾਰਿਆਂ ਦੀਆਂ ਨਜ਼ਰਾਂ ਦੀਪਕ ਚਾਹਰ, ਨਵਦੀਪ ਸੈਣੀ ਤੇ ਖਲੀਲ ਅਹਿਮਦ ਵਰਗੇ ਨੌਜਵਾਨ ਚਿਹਰਿਆਂ ਦੇ ਪ੍ਰਦਰਸ਼ਨ 'ਤੇ ਲੱਗੀਆਂ ਹੋਣਗੀਆਂ। ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ 3 ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਐਤਵਾਰ ਨੂੰ ਧਰਮਸ਼ਾਲਾ ਵਿਚ ਖੇਡਿਆ ਜਾਵੇਗਾ। ਫਟਾਫਟ ਸਵਰੂਪ ਵਿਚ ਇਸ ਵਾਰ ਭਾਰਤੀ ਚੋਣਕਾਰਾਂ ਨੇ ਕਈ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਹੈ, ਜਿਸ ਦੇ ਪਿੱਛੇ ਟੀਚਾ ਅਗਲੇ ਸਾਲ ਆਸਟਰੇਲੀਆ ਵਿਚ ਹੋਣ ਵਾਲੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਨੌਜਵਾਨ ਤੇ ਪ੍ਰਤਿਭਾਸ਼ਾਲੀ ਨਵੇਂ ਚਿਹਰਿਆਂ ਦੀ ਭਾਲ
ਕਰਨਾ ਹੈ।

ਭਾਰਤ ਨੇ ਹਾਲ ਹੀ ਵਿਚ ਵੈਸਟਇੰਡੀਜ਼ ਦੌਰੇ 'ਤੇ 3 ਟੀ-20 ਮੈਚਾਂ ਦੀ ਸੀਰੀਜ਼ ਨੂੰ 3-0 ਨਾਲ ਜਿੱਤਿਆ ਸੀ ਤੇ ਵਧੇ ਹੋਏ ਮਨੋਬਲ ਨਾਲ ਉਹ ਆਪਣੇ ਘਰੇਲੂ ਮੈਦਾਨ 'ਤੇ ਦੱਖਣੀ ਅਫਰੀਕਾ ਵਿਰੁੱਧ ਵੀ ਇਸੇ ਕਾਮਯਾਬੀ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰੇਗੀ। ਟੀਮ ਇੰਡੀਆ ਨੂੰ ਰਿਸ਼ਭ ਪੰਤ ਤੇ ਹਾਰਦਿਕ ਪੰਡਯਾ ਦੀ ਮੌਜੂਦਗੀ ਨਾਲ ਕੁਝ ਰਾਹਤ ਮਿਲਦੀ ਦਿਸ ਰਹੀ ਹੈ ਪਰ ਉਨ੍ਹਾਂ ਨੂੰ ਆਪਣੀ ਖੇਡ ਵਿਚ ਨਿਰੰਤਰਤਾ ਦਿਖਾਉਣੀ ਪਵੇਗੀ। ਪੰਤ ਦਾ ਵੈਸਟਇੰਡੀਜ਼ ਦੌਰੇ ਵਿਚ ਪ੍ਰਦਰਸ਼ਨ ਮਿਲਿਆ-ਜੁਲਿਆ ਰਿਹਾ ਸੀ ਪਰ ਪਹਿਲੇ ਦੋ ਮੈਚਾਂ ਵਿਚ ਨਿਰਾਸ਼ ਕਰਨ ਤੋਂ ਬਾਅਦ ਉਸ ਨੇ ਤੀਜੇ ਟੀ-20 ਵਿਚ ਅਜੇਤੂ 65 ਦੌੜਾਂ ਬਣਾਈਆਂ ਸਨ।

ਟੀਮਾਂ ਇਸ ਤਰ੍ਹਾਂ ਹਨ
ਭਾਰਤ :
 ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਕਰੁਣਾਲ ਪੰਡਯਾ,
ਵਾਸ਼ਿੰਗਟਨ ਸੁੰਦਰ, ਰਾਹੁਲ ਚਾਹਰ, ਖਲੀਲ ਅਹਿਮਦ, ਦੀਪਕ ਚਾਹਰ ਤੇ ਨਵਦੀਪ ਸੈਣੀ।

ਦੱਖਣੀ ਅਫਰੀਕਾ : ਕਵਿੰਟਨ ਡੀ ਕੌਕ (ਕਪਤਾਨ), ਰਾਸੀ ਵਾਨ ਡੇਰ ਡੂਸੇਨ (ਉਪ-ਕਪਤਾਨ), ਤੇਮਬਾ ਬਾਵੂਮਾ, ਜੂਨੀਅਰ ਡਾਲਾ, ਬਿਓਰਨ ਫੋਰਟੂਇਨ, ਬੇਯੁਰਨ ਹੈਂਡ੍ਰਿਕਸ, ਰੀਜਾ ਹੈਂਡ੍ਰਿਕਸ, ਡੇਵਿਡ ਮਿਲਰ, ਐਨਰਿਕ ਨਾਰਜੇ, ਐਂਡਲੇ ਫੇਲਕਵਾਓ, ਡਵੇਨ ਪ੍ਰੀਟੋਰੀਅਸ, ਕੈਗਿਸੋ ਰਬਾਡਾ, ਤਬਰੇਜ ਸ਼ਮਸੀ, ਜਾਰਜ ਲਿੰਡੇ।