ਚੌਥੇ ਦਿਨ ਦਾ ਖੇਡ ਖਤਮ, ਭਾਰਤ ਨੂੰ ਜਿੱਤ ਲਈ 252 ਦੌੜਾਂ ਦੀ ਜ਼ਰੂਰਤ

01/17/2018 1:29:19 AM

ਸੈਂਚੁਰੀਅਨ—ਡੈਬਿਊ ਕਰ ਰਹੇ ਲੂੰਗੀ ਨਿਗਿਡੀ ਤੇ ਕੈਗਿਸੋ ਰਬਾਡਾ ਦੀ ਧਮਾਕੇਦਾਰ ਗੇਂਦਬਾਜ਼ੀ ਨਾਲ ਦੱਖਣੀ ਅਫਰੀਕਾ ਨੇ 287 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੇ ਭਾਰਤ 'ਤੇ ਚੌਥੇ ਦਿਨ ਦੂਜੀ ਪਾਰੀ 'ਚ 35 ਦੌੜਾਂ 'ਤੇ 3 ਵਿਕਟਾਂ ਲੈ ਕੇ ਦੂਜੇ ਟੈਸਟ 'ਤੇ ਸ਼ਿਕੰਜਾ ਕੱਸ ਲਿਆ।
ਦਿਨ ਦੀ ਖੇਡ ਖਤਮ ਹੋਣ 'ਤੇ ਚੇਤੇਸ਼ਵਰ ਪੁਜਾਰਾ 11, ਜਦਕਿ ਪਾਰਥਿਵ ਪਟੇਲ 5 ਦੌੜਾਂ ਬਣਾ ਕੇ ਖੇਡ ਰਹੇ ਸਨ। ਲੂੰਗੀ ਨੇ 14 ਦੌੜਾਂ ਦੇ ਕੇ 2, ਜਦਕਿ ਰਬਾਡਾ ਨੇ 9 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ।
ਕੇਪਟਾਊਨ ਦਾ ਪਹਿਲਾ ਟੈਸਟ 72 ਦੌੜਾਂ ਨਾਲ ਜਿੱਤਣ ਵਾਲੇ ਦੱਖਣੀ ਅਫਰੀਕਾ ਨੂੰ ਤਿੰਨ ਟੈਸਟਾਂ ਦੀ ਲੜੀ ਵਿਚ 2-0 ਦੀ ਜੇਤੂ ਬੜ੍ਹਤ ਹਾਸਲ ਕਰਨ ਲਈ 7 ਵਿਕਟਾਂ ਦੀ ਲੋੜ ਹੈ, ਜਦਕਿ ਭਾਰਤ 252 ਦੌੜਾਂ ਹੋਰ ਬਣਾ ਕੇ ਲੜੀ 1-1 ਨਾਲ ਬਰਾਬਰ ਕਰ ਸਕਦਾ ਹੈ, ਜਿਸ ਦੀ ਸੰਭਾਵਨਾ ਫਿਲਹਾਲ ਕਾਫੀ ਘੱਟ ਲੱਗ ਰਹੀ ਹੈ। ਸੁਪਰ ਸਪੋਰਟਸ ਪਾਰਕ ਦੀ ਪਿੱਚ ਦੇ ਇਤਿਹਾਸ ਨੂੰ ਦੇਖਦੇ ਹੋਏ ਵੀ ਭਾਰਤ ਦਾ ਰਸਤਾ ਆਸਾਨ ਨਹੀਂ ਹੈ। ਇਥੇ ਟੀਚੇ ਦਾ ਪਿੱਛਾ ਕਰਦੇ ਹੋਏ ਸਭ ਤੋਂ ਵੱਡੀ ਜਿੱਤ ਇੰਗਲੈਂਡ ਨੇ ਸਾਲ 2009 'ਚ 249 ਦੌੜਾਂ ਦਾ ਟੀਚਾ ਹਾਸਲ ਕਰ ਕੇ ਦਰਜ ਕੀਤੀ ਸੀ। ਇਸ ਮੈਦਾਨ 'ਤੇ ਛੇ ਵਾਰ ਹੀ ਟੀਚਾ ਹਾਸਲ ਕੀਤਾ ਜਾ ਸਕਿਆ ਹੈ, ਜਿਸ ਨੂੰ ਪੰਜ ਵਾਰ ਮੇਜ਼ਬਾਨ ਟੀਮ ਨੇ ਹਾਸਲ ਕੀਤਾ ਹੈ। 
ਇਸ ਤੋਂ ਪਹਿਲਾਂ ਡੀਨ ਐਲਗਰ (61), ਏ. ਬੀ. ਡਿਵਿਲੀਅਰਸ (80) ਤੇ ਕਪਤਾਨ ਫਾਫ ਡੂ ਪਲੇਸਿਸ (48) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਦੱਖਣੀ ਅਫਰੀਕਾ ਨੇ ਆਪਣੀ ਦੂਜੀ ਪਾਰੀ 'ਚ 258 ਦੌੜਾਂ ਬਣਾ ਲਈਆਂ ਤੇ ਭਾਰਤ ਨੂੰ ਦੂਜੀ ਪਾਰੀ 'ਚ ਜਿੱਤ ਲਈ 287 ਦੌੜਾਂ ਦਾ ਟੀਚਾ ਦੇ ਦਿੱਤਾ।
ਦੱਖਣੀ ਅਫਰੀਕਾ ਨੇ ਚਾਹ ਦੀ ਬ੍ਰੇਕ ਤੋਂ ਬਾਅਦ 7 ਵਿਕਟਾਂ 'ਤੇ 230 ਦੌੜਾਂ ਤੋਂ ਅੱਗੇ ਖੇਡਦੇ ਹੋਏ 258 ਦੌੜਾਂ ਬਣਾਈਆਂ ਤੇ ਦੂਜੀ ਪਾਰੀ ਵਿਚ ਆਪਣੀ ਕੁਲ ਬੜ੍ਹਤ 286 ਦੌੜਾਂ ਦੀ ਕਰ ਲਈ। ਇਸ ਤੋਂ ਬਾਅਦ ਹੁਣ ਭਾਰਤ ਨੂੰ ਸੀਰੀਜ਼ 'ਚ 1-1 ਦੀ ਬਰਾਬਰੀ ਕਰਨ ਲਈ 287 ਦੌੜਾਂ ਦੀ ਲੋੜ ਹੈ। 
ਚਾਹ ਦੀ ਬ੍ਰੇਕ ਤੋਂ ਬਾਅਦ ਫਾਫ ਡੂ ਪਲੇਸਿਸ ਨੇ 37 ਤੇ ਗੈਗਿਸੋ ਰਬਾਡਾ ਨੇ ਬਿਨਾਂ ਕਿਸੇ ਦੌੜ ਦੇ ਅੱਗੇ ਖੇਡਣਾ ਸ਼ੁਰੂ ਕੀਤਾ। ਚਾਹ ਦੀ ਬ੍ਰੇਕ ਤੋਂ ਬਾਅਦ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਕੈਗਿਸੋ ਰਬਾਡਾ (4) ਨੂੰ ਕਪਤਾਨ ਵਿਰਾਟ ਕੋਹਲੀ ਹੱਥੋਂ ਕੈਚ ਕਰਵਾ ਕੇ ਮੇਜ਼ਬਾਨ ਟੀਮ ਨੂੰ 8ਵਾਂ ਝਟਕਾ ਦਿੱਤਾ। ਦੱਖਣੀ ਅਫਰੀਕਾ ਦੀ 8ਵੀਂ ਵਿਕਟ 245 ਦੌੜਾਂ ਦੇ ਸਕੋਰ 'ਤੇ ਡਿਗੀ।
ਇਸ ਤੋਂ ਬਾਅਦ ਜਸਪ੍ਰੀਤ ਬੁਮਰਾਹ ਨੇ ਕਪਤਾਨ ਫਾਫ ਡੂ ਪਲੇਸਿਸ (48) ਨੂੰ ਆਪਣੀ ਹੀ ਗੇਂਦ 'ਤੇ ਕੈਚ ਕਰ ਕੇ ਮੇਜ਼ਬਾਨ ਟੀਮ ਦੀ 9ਵੀਂ ਵਿਕਟ ਸੁੱਟ ਦਿੱਤੀ। ਡੂ ਪਲੇਸਿਸ ਦੀ ਵਿਕਟ ਵੀ 245 ਦੇ ਸਕੋਰ 'ਤੇ ਡਿਗੀ। ਸਟਾਰ ਆਫ ਸਪਿਨਰ ਅਸ਼ਵਿਨ ਨੇ ਲੂੰਗੀ ਨਿਗਿਡੀ (1) ਨੂੰ ਮੁਰਲੀ ਵਿਜੇ ਹੱਥੋਂ ਕੈਚ ਕਰਵਾ ਕੇ ਦੱਖਣੀ ਅਫਰੀਕਾ ਨੂੰ 258 ਦੌੜਾਂ 'ਤੇ ਸਮੇਟ ਦਿੱਤਾ। ਮੋਰਨੇ ਮੋਰਕਲ ਨੇ ਅਜੇਤੂ 10 ਦੌੜਾਂ ਬਣਾਈਆਂ। 
ਕਪਤਾਨ ਫਾਫ ਡੂ ਪਲੇਸਿਸ ਨੇ 141 ਗੇਂਦਾਂ 'ਤੇ 4 ਚੌਕਿਆਂ ਦੀ ਮਦਦ ਨਾਲ 48, ਵਰਨੇਨ ਫਿਲੈਂਡਰ ਨੇ 85 ਗੇਂਦਾਂ 'ਤੇ 2 ਚੌਕਿਆਂ ਦੀ ਬਦੌਲਤ 26 ਤੇ ਮੋਰਕਲ ਨੇ 11 ਗੇਂਦਾਂ 'ਤੇ 2 ਚੌਕਿਆਂ ਦੇ ਸਹਾਰੇ ਅਜੇਤੂ 10 ਦੌੜਾਂ ਬਣਾਈਆਂ।  ਇਸ ਤੋਂ ਪਹਿਲਾਂ ਸਵੇਰੇ ਮੇਜ਼ਬਾਨ ਟੀਮ ਨੇ ਆਪਣੀ ਪਾਰੀ ਦੀ ਸ਼ੁਰੂਆਤ ਕੱਲ ਦੀਆਂ 90 ਦੌੜਾਂ 'ਤੇ ਦੋ ਵਿਕਟਾਂ ਤੋਂ ਅੱਗੇ ਕੀਤੀ ਸੀ। ਉਸ ਸਮੇਂ ਐਲਗਰ 36 ਤੇ ਡਿਵਿਲੀਅਰਸ 50 ਦੌੜਾਂ 'ਤੇ ਅਜੇਤੂ ਸਨ।