IND v ENG : ਪੰਤ ਦਾ ਭਾਰਤੀ ਧਰਤੀ ’ਤੇ ਪਹਿਲਾ ਸੈਂਕੜਾ, ਭਾਰਤ ਨੂੰ ਮਿਲੀ 89 ਦੌੜਾਂ ਦੀ ਬੜ੍ਹਤ

03/05/2021 7:50:01 PM

ਅਹਿਮਦਾਬਾਦ– ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (101) ਨੇ ਭਾਰਤੀ ਧਰਤੀ ’ਤੇ ਆਪਣਾ ਪਹਿਲਾ ਅਤੇ ਓਵਰਆਲ ਆਪਣਾ ਤੀਜਾ ਸੈਂਕੜਾ ਲਾਉਂਦੇ ਹੋਏ ਭਾਰਤ ਨੂੰ ਇੰਗਲੈਂਡ ਵਿਰੁੱਧ ਚੌਥੇ ਤੇ ਆਖਰੀ ਟੈਸਟ ਮੈਚ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਨਾਜ਼ੁਕ ਸਥਿਤੀ ਤੋਂ ਉਭਾਰ ਕੇ 89 ਦੌੜਾਂ ਦੀ ਮਹੱਤਵਪੂਰਣ ਬੜ੍ਹਤ ਦਿਵਾ ਕੇ ਮਜ਼ਬੂਤ ਸਥਿਤੀ ਵਿਚ ਪਹੁੰਚਾ ਦਿੱਤਾ। ਪੰਤ ਨੇ ਆਲਰਾਊਂਡਰ ਵਾਸ਼ਿੰਗਟਨ ਸੁੰਦਰ (ਅਜੇਤੂ 60) ਨਾਲ ਛੇਵੀਂ ਵਿਕਟ ਲਈ 113 ਦੌੜਾਂ ਦੀ ਬੇਸ਼ਕੀਮਤੀ ਸਾਂਝੇਦਾਰੀ ਕਰਕੇ ਭਾਰਤ ਨੂੰ ਇਸ ਮੁਕਾਬਲੇ ਵਿਚ ਡਰਾਈਵਰ ਸੀਟ ’ਤੇ ਪਹੁੰਚਾ ਦਿੱਤਾ। ਪੰਤ ਨੇ 118 ਗੇਂਦਾਂ ’ਤੇ 101 ਦੌੜਾਂ ਵਿਚ 13 ਚੌਕੇ ਤੇ 2 ਛੱਕੇ ਲਾਏ।

ਇਹ ਖ਼ਬਰ ਪੜ੍ਹੋ- ਪੋਲਾਰਡ ਦੇ 6 ਛੱਕਿਆਂ 'ਤੇ ਯੁਵਰਾਜ ਨੇ ਦਿੱਤੀ ਪ੍ਰਤੀਕਿਰਿਆ, ਸੋਸ਼ਲ ਮੀਡੀਆ 'ਤੇ ਕਹੀ ਇਹ ਗੱਲ


ਪੰਤ ਨੇ ਇੰਗਲੈਂਡ ਦੇ ਕਪਤਾਨ ਜੋ ਰੂਟ ਦੀ ਗੇਂਦ ’ਤੇ ਛੱਕਾ ਮਾਰ ਕੇ ਆਪਣਾ ਸੈਂਕੜਾ ਪੂਰਾ ਕੀਤਾ, ਹਾਲਾਂਕਿ ਸੈਂਕੜਾ ਪੂਰ ਕਰਨ ਤੋਂ ਬਾਅਦ ਉਹ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦੀ ਗੇਂਦ ’ਤੇ ਰੂਟ ਨੂੰ ਕੈਚ ਦੇ ਬੈਠਾ। ਨੌਜਵਾਨ ਵਿਕਟਕੀਪਰ ਬੱਲੇਬਾਜ਼ ਪੰਤ ਹੁਣ ਭਾਰਤੀ ਵਿਕਟਕੀਪਰਾਂ ਵਿਚ ਸਭ ਤੋਂ ਵੱਧ ਸੈਂਕੜੇ ਲਾਉਣ ਦੇ ਮਾਮਲੇ ਵਿਚ ਰਿਧੀਮਾਨ ਸਾਹਾ ਦੀ ਬਰਾਬਰੀ ’ਤੇ ਆ ਗਿਆ ਹੈ। ਸਾਹਾ ਦੇ ਵੀ ਤਿੰਨ ਸੈਂਕੜੇ ਹਨ। ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਨਾਂ 6 ਸੈਂਕੜਿਆਂ ਦਾ ਰਿਕਾਰਡ ਹੈ।

ਇਹ ਖ਼ਬਰ ਪੜ੍ਹੋ- ਬਿਹਾਰ 'ਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ : 9 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ, 4 ਔਰਤਾਂ ਨੂੰ ਉਮਰਕੈਦ


ਪੰਤ ਪਿਛਲੇ ਕੁਝ ਮੈਚਾਂ ਵਿਚ ਨਾਈਨਟੀਜ਼ ਵਿਚ ਪਹੁੰਚਣ ਦੇ ਬਾਵਜੂਦ ਸੈਂਕੜਾ ਪੂਰਾ ਨਹੀਂ ਕਰ ਪਾ ਰਿਹਾ ਸੀ ਪਰ ਇਸ ਵਾਰ ਉਸ ਨੇ ਨਾਈਨਟੀਜ਼ ਵਿਚ ਕੁਝ ਨਰਵਸਨੈੱਸ ਦਿਖਾਉਣ ਦੇ ਬਾਵਜੂਦ ਆਖਿਰ ਰੂਟ ਦੀ ਗੇਂਦ ’ਤੇ ਸ਼ਾਨਦਾਰ ਛੱਕਾ ਲਾਉਂਦੇ ਹੋਏ ਸੈਂਕੜਾ ਪੂਰਾ ਕਰ ਲਿਆ। ਪੰਤ ਨੇ ਆਸਟਰੇਲੀਆ ਦੌਰੇ ਵਿਚ 97, ਅਜੇਤੂ 89 ਤੇ 91 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ। ਪੰਤ ਨੇ ਜਿਵੇਂ ਹੀ ਆਪਣਾ ਸੈਂਕੜਾ ਪੂਰਾ ਕੀਤਾ, ਉਸ ਨੇ ਆਪਣਾ ਹੈਲਮੇਟ ਕੱਢ ਕੇ ਅਸਮਾਨ ਵੱਲ ਦੇਖ ਦੇ ਹੋਏ ਪ੍ਰਮਾਤਮਾ ਨੂੰ ਧੰਨਵਾਦ ਦਿੱਤਾ ਤੇ ਨਾਲ ਹੀ ਦਰਸ਼ਕਾਂ ਦਾ ਅਭਿਵਾਦਨ ਕੀਤਾ। ਪੈਵੇਲੀਅਨ ਵਿਚ ਟੀਮ ਸਾਥੀਆਂ ਨੇ ਤਾਲੀਆਂ ਵਜਾਉਂਦੇ ਹੋਏ ਇਸ ਨੌਜਵਾਨ ਬੱਲੇਬਾਜ਼ ਦੀ ਸ਼ਾਨਦਾਰ ਪਾਰੀ ਦੀ ਸ਼ਲਾਘਾ ਕੀਤੀ।
ਉਸਦੇ ਇਸ ਸੈਂਕੜੇ ਨੇ ਭਾਰਤ ਨੂੰ 5 ਵਿਕਟਾਂ ’ਤੇ 146 ਦੌੜਾਂ ਦੀ ਨਾਜ਼ੁਕ ਸਥਿਤੀ ਤੋਂ ਉਭਾਰ ਦਿੱਤਾ। ਪੰਤ ਨੂੰ ਸੁੰਦਰ ਤੋਂ ਚੰਗਾ ਸਹਿਯੋਗ ਮਿਲਿਆ, ਜਿਸ ਨੇ 117 ਗੇਂਦਾਂ ’ਤੇ 8 ਚੌਕਿਆਂ ਦੀ ਮਦਦ ਨਾਲ ਅਜੇਤੂ 60 ਦੌੜਾਂ ਬਣਾ ਲਈਆਂ ਹਨ। ਸੁੰਦਰ ਨੇ ਅਕਸ਼ਰ ਪਟੇਲ ਨਾਲ 8ਵੀਂ ਵਿਕਟ ਦੀ ਅਜੇਤੂ ਸਾਂਝੇਦਾਰੀ ਵਿਚ 35 ਦੌੜਾਂ ਜੋੜ ਦਿੱਤੀਆਂ ਹਨ। ਪਟੇਲ ਸਟੰਪਸ ’ਤੇ 11 ਦੌੜਾਂ ਬਣਾ ਕੇ ਕ੍ਰੀਜ਼ ’ਤੇ ਹੈ।


ਗੇਂਦ ਨਾਲ ਕਮਾਲ ਦਿਖਾਉਣ ਤੋਂ ਬਾਅਦ ਅਕਸ਼ਰ ਪਟੇਲ ਨੇ ਬੱਲੇ ਨਾਲ ਵੀ ਜੌਹਰ ਦਿਖਾਇਆ ਤੇ ਦਿਨ ਦੇ ਆਖਰੀ ਓਵਰਾਂ ਵਿਚ ਸਾਹਸ ਦੇ ਨਾਲ ਇੰਗਲੈਂਡ ਦੇ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ। ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੇ ਆਪਣੀ ਚੋਣ ਨੂੰ ਸਹੀ ਸਾਬਤ ਕਰਦੇ ਹੋਏ ਬੇਸ਼ਕੀਮਤੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਉਸ ਨੇ ਪੰਤ ਦਾ ਅਜਿਹੇ ਸਮੇਂ ਸਾਥ ਦਿੱਤਾ ਜਦੋਂ ਭਾਰਤੀ ਪਾਰੀ 5 ਵਿਕਟਾਂ ਗੁਆ ਕੇ ਲੜਖੜਾ ਰਹੀ ਸੀ ਤੇ ਅਜਿਹਾ ਲੱਗ ਰਿਹਾ ਸੀ ਕਿ ਉਹ ਇੰਗਲੈਂਡ ਦੇ 205 ਦੌੜਾਂ ਦੇ ਸਕੋਰ ਤਕ ਵੀ ਨਹੀਂ ਪਹੁੰਚ ਸਕੇਗੀ ਪਰ ਦੋਵਾਂ ਬੱਲੇਬਾਜ਼ਾਂ ਨੇ ਸਬਰ ਤੇ ਦ੍ਰਿੜ੍ਹਤਾ ਦਿਖਾਉਂਦੇ ਹੋਏ ਨਾ ਸਿਰਫ ਇੰਗਲੈਂਡ ਦੇ ਗੇਂਦਬਾਜ਼ਾਂ ਨੂੰ ਨਿਰਾਸ਼ ਕੀਤਾ ਸਗੋਂ ਭਾਰਤ ਨੂੰ ਬੜ੍ਹਤ ਵੀ ਦਿਵਾ ਦਿੱਤੀ।


21 ਸਾਲਾ ਆਲਰਾਊਂਡਰ ਨੇ ਆਪਣੇ ਚੌਥੇ ਟੈਸਟ ਵਿਚ ਤੀਜਾ ਅਰਧ ਸੈਂਕੜਾ ਬਣਾਇਆ ਤੇ ਉਹ ਅਜੇ ਕ੍ਰੀਜ਼ ’ਤੇ ਹੈ। ਸੁੰਦਰ ਨੇ ਇੰਗਲੈਂਡ ਦੀ ਪਹਿਲੀ ਪਾਰੀ ਵਿਚ ਇਕ ਵਿਕਟ ਵੀ ਲਈ ਸੀ। ਇਸ ਤੋਂ ਪਹਿਲਾਂ ਭਾਰਤ ਨੇ ਅੱਜ ਇਕ ਵਿਕਟ ’ਤੇ 24 ਦੌੜਾਂ ਤੋਂ ਆਪਣੀ ਪਾਰੀ ਦੀ ਸ਼ੁਰੂਆਤ ਕੀਤੀ ਸੀ। 24 ਦੌੜਾਂ ਤੋਂ ਅੱਗੇ ਖੇਡਦੇ ਹੋਏ ਰੋਹਿਤ ਸ਼ਰਮਾ ਤੇ ਚੇਤੇਸ਼ਵਰ ਪੁਜਾਰਾ ਸਿਰਫ 16 ਦੌੜਾਂ ਹੋਰ ਜੋੜ ਸਕੇ। 40 ਦੌੜਾਂ ਦੇ ਸਕੋਰ ’ਤੇ ਪੁਜਾਰਾ ਦੇ ਰੂਪ ਵਿਚ ਭਾਰਤ ਦੀ ਦੂਜੀ ਵਿਕਟ ਡਿੱਗੀ। ਲੈਫਟ ਆਰਮ ਸਪਿਨਰ ਜੈਕ ਲੀਚ ਨੇ ਪੁਜਾਰਾ ਨੂੰ 17 ਦੌੜਾਂ ’ਤੇ ਐੱਲ. ਬੀ. ਡਬਲਯੂ. ਕਰਕੇ ਆਊਟ ਕੀਤਾ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਇਆ ਕਪਤਾਨ ਵਿਰਾਟ ਕੋਹਲੀ ਖਾਤਾ ਖੋਲ੍ਹੇ ਬਿਨਾਂ ਤੁਰੰਤ ਹੀ ਪੈਵੇਲੀਅਨ ਪਰਤ ਗਿਆ। ਵਿਰਾਟ ਦੇ ਆਊਟ ਹੋਣ ਨਾਲ ਸਟੇਡੀਅਮ ਵਿਚ ਸੁੰਨ ਪੈ ਗਈ ਸੀ। ਤਜਰਬੇਕਾਰ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਵੀ ਦੂਜੇ ਦਿਨ ਆਪਣਾ ਖਾਤਾ ਖੋਲ੍ਹਿਆ ਤੇ ਉਪ ਕਪਤਾਨ ਅਜਿੰਕਯ ਰਹਾਨੇ ਨੂੰ 27 ਦੌੜਾਂ ’ਤੇ ਆਊਟ ਕਰ ਦਿੱਤਾ। 80 ਦੇ ਸਕੋਰ ’ਤੇ ਭਾਰਤ ਦੀ ਇਹ ਚੌਥੀ ਵਿਕਟ ਡਿੱਗੀ ਸੀ। ਦਿਨ ਦੀ ਖੇਡ ਵਿਚ ਜੇਕਰ ਕੋਈ ਹੋਰ ਭਾਰਤੀ ਬੱਲੇਬਾਜ਼ ਵਿਸ਼ਵਾਸ ਨਾਲ ਦਿਖਾਈ ਦੇ ਰਿਹਾ ਸੀ ਤਾਂ ਉਹ ਓਪਨਰ ਰੋਹਿਤ ਸ਼ਰਮਾ ਸੀ। ਉਸ ਨੇ ਹੀ ਸਵੇਰ ਤੋਂ ਭਾਰਤੀ ਪਾਰੀ ਨੂੰ ਚਲਾਈ ਰੱਖਿਆ ਸੀ। ਚੰਗੀ ਫਾਰਮ ਵਿਚ ਖੇਡ ਰਹੇ ਰੋਹਿਤ ਨੂੰ ਸਟੋਕਸ ਨੇ ਐੱਲ. ਬੀ. ਡਬਲਯੂ. ਕਰਕੇ ਅਰਧ ਸੈਂਕੜੇ ਤੋਂ ਵਾਂਝੇ ਕਰ ਦਿੱਤਾ। ਰੋਹਿਤ ਨੇ 144 ਗੇਂਦਾਂ ਵਿਚ 49 ਦੌੜਾਂ ਵਿਚ 7 ਚੌਕੇ ਲਾਏ। ਰੋਹਿਤ ਦੀ ਵਿਕਟ 121 ਦੇ ਸਕੋਰ ’ਤੇ ਡਿੱਗੀ। ਆਰ. ਅਸ਼ਵਿਨ 13 ਦੌੜਾਂ ਬਣਾ ਕੇ ਚਲਦਾ ਬਣਿਆ। ਇਸ ਤੋਂ ਬਾਅਦ ਪੰਤ ਤੇ ਸੁੰਦਰ ਨੇ ਕਮਾਲ ਦੀ ਬੱਲੇਬਾਜ਼ੀ ਕੀਤੀ ਤੇ ਭਾਰਤੀ ਪਾਰੀ ਨੂੰ ਸੰਭਾਲਿਆ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh