IND v AUS 2nd ODI: ਭਾਰਤ ਨੇ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾਇਆ

01/17/2020 9:32:23 PM

ਰਾਜਕੋਟ- ਓਪਨਰ ਸ਼ਿਖਰ ਧਵਨ (96), ਕਪਤਾਨ ਵਿਰਾਟ ਕੋਹਲੀ (78) ਅਤੇ ਲੋਕੇਸ਼ ਰਾਹੁਲ (80) ਦੇ ਸ਼ਾਨਦਾਰ ਅਰਧ ਸੈਂਕੜਿਆਂ ਅਤੇ ਮੁਹੰਮਦ ਸ਼ੰਮੀ ਦੀਆਂ 3 ਵਿਕਟਾਂ ਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀਆਂ ਇਕ ਓਵਰ ਵਿਚ ਲਈਆਂ 2 ਵਿਕਟਾਂ ਨਾਲ ਭਾਰਤ ਨੇ ਆਸਟਰੇਲੀਆ ਨੂੰ ਦੂਜੇ ਵਨ ਡੇ ਵਿਚ ਸ਼ੁੱਕਰਵਾਰ ਨੂੰ 36 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿਚ 1-1 ਦੀ ਬਰਾਬਰੀ ਕਰ ਲਈ ਹੈ।


ਭਾਰਤ ਨੇ 6 ਵਿਕਟਾਂ 'ਤੇ 340 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ, ਜਿਸ ਦੇ ਜਵਾਬ ਵਿਚ ਆਸਟਰੇਲੀਆਈ ਟੀਮ ਸਟੀਵ ਸਮਿਥ ਦੀਆਂ 98 ਦੌੜਾਂ ਦੇ ਬਾਵਜੂਦ 49.1 ਓਵਰਾਂ ਵਿਚ 304 ਦੌੜਾਂ ਬਣਾ ਸਕੀ। ਮੁੰਬਈ ਵਿਚ ਪਹਿਲਾ ਵਨ ਡੇ 10 ਵਿਕਟਾਂ ਨਾਲ ਹਾਰ ਜਾਣ ਵਾਲੀ ਭਾਰਤੀ ਟੀਮ ਨੇ ਰਾਜਕੋਟ ਵਿਚ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿਚ ਸ਼ਾਨਦਾਰ ਵਾਪਸੀ ਕਰਕੇ ਸੀਰੀਜ਼ ਵਿਚ ਬਰਾਬਰੀ ਕਰ ਲਈ। ਸੀਰੀਜ਼ ਦਾ ਫੈਸਲਾ ਹੁਣ ਬੈਂਗਲੁਰੂ ਵਿਚ ਐਤਵਾਰ ਨੂੰ ਹੋਣ ਵਾਲੇ ਤੀਜੇ ਤੇ ਆਖਰੀ ਮੈਚ ਨਾਲ ਹੋਵੇਗਾ।
ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਸ਼ਾਨਦਾਰ ਵਾਪਸੀ ਕਰਦਿਆਂ ਵੱਡਾ ਸਕੋਰ ਬਣਾਇਆ। ਸ਼ਿਖਰ ਸਿਰਫ 4 ਦੌੜਾਂ ਨਾਲ ਆਪਣਾ 18ਵਾਂ ਵਨ ਡੇ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਪਰ ਉਸ ਨੇ ਲਗਾਤਾਰ ਦੂਜਾ ਅਰਧ ਸੈਂਕੜਾ ਬਣਾਇਆ ਅਤੇ 90 ਗੇਂਦਾਂ 'ਤੇ 96 ਦੌੜਾਂ ਦੀ ਪਾਰੀ ਵਿਚ 13 ਚੌਕੇ ਅਤੇ 1 ਛੱਕਾ ਲਾਇਆ।  ਕਪਤਾਨ ਵਿਰਾਟ ਕੋਹਲੀ ਨੇ ਆਪਣੇ ਤੀਜੇ ਨੰਬਰ 'ਤੇ ਪਰਤਦੇ ਹੋਏ 76 ਗੇਂਦਾਂ ਵਿਚ 6 ਚੌਕਿਆਂ ਦੀ ਮਦਦ ਨਾਲ 78 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਓਪਨਿੰਗ ਤੋਂ ਇਸ ਮੈਚ ਵਿਚ 5ਵੇਂ ਨੰਬਰ 'ਤੇ ਉਤਰਿਆ ਰਾਹੁਲ 52 ਗੇਂਦਾਂ 'ਤੇ 6 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 80 ਦੌੜਾਂ ਬਣਾ ਕੇ ਆਖਰੀ ਓਵਰ ਵਿਚ ਰਨ ਆਊਟ ਹੋਇਆ। ਓਪਨਰ ਰੋਹਿਤ ਨੇ 44 ਗੇਂਦਾਂ 'ਤੇ 42 ਦੌੜਾਂ ਵਿਚ 6 ਚੌਕੇ ਲਾਏ। ਰਵਿੰਦਰ ਜਡੇਜਾ 16 ਗੇਂਦਾਂ ਵਿਚ 20 ਦੌੜਾਂ ਬਣਾ ਕੇ ਅਜੇਤੂ ਰਿਹਾ। ਸ਼੍ਰੇਅਸ ਅਈਅਰ 7 ਦੌੜਾਂ ਬਣਾ ਕੇ ਆਊਟ ਹੋਇਆ।  ਆਸਟਰੇਲੀਆ ਵਲੋਂ ਲੈੱਗ ਸਪਿਨਰ ਐਡਮ ਜ਼ਾਂਪਾ ਨੇ 50 ਦੌੜਾਂ 'ਤੇ 3 ਵਿਕਟਾਂ ਤੇ ਤੇਜ਼ ਗੇਂਦਬਾਜ਼ ਕੇਨ ਰਿਚਰਡਸਨ ਨੇ 73 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।