T20 WC, IND v AFG : ਭਾਰਤ ਨੇ ਅਫਗਾਨਿਸਤਾਨ ਨੂੰ ਦਿੱਤਾ 211 ਦੌੜਾਂ ਦਾ ਟੀਚਾ

11/03/2021 9:24:11 PM

ਆਬੂ ਧਾਬੀ- ਰੋਹਿਤ ਸ਼ਰਮਾ ਤੇ ਲੋਕੇਸ਼ ਰਾਹੁਲ ਦੇ ਅਰਧ ਸੈਂਕੜੇ ਤੇ ਦੋਵਾਂ ਵਿਚ ਪਹਿਲੀ ਵਿਕਟ ਦੀ ਸੈਂਕੜੇ ਵਾਲੀ ਸਾਂਝੇਦਾਰੀ ਨਾਲ ਭਾਰਤ ਨੇ ਅਫਗਾਨਿਸਤਾਨ ਵਿਰੁੱਧ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਸੁਪਰ-12 ਪੜਾਅ ਦੇ ਗਰੁੱਪ-2 ਮੈਚ ਵਿਚ 2 ਵਿਕਟਾਂ 'ਤੇ 210 ਦੌੜਾਂ ਬਣਾਈਆਂ ਜੋ ਮੌਜੂਦਾ ਟੂਰਨਾਮੈਂਟ ਦਾ ਸਭ ਤੋਂ ਵਧ ਸਕੋਰ ਹੈ। ਰੋਹਿਤ (74) ਅਤੇ ਰਾਹੁਲ (69) ਨੇ ਅਰਧ ਸੈਂਕੜਾ ਲਗਾਉਣ ਤੋਂ ਇਲਾਵਾ ਪਹਿਲੀ ਵਿਕਟ ਲਈ 140 ਦੌੜਾਂ ਦੀ ਸਾਂਝੇਦਾਰੀ ਕੀਤੀ। ਰੋਹਿਤ ਨੇ 47 ਗੇਂਦਾਂ ਦੀ ਆਪਣੀ ਪਾਰੀ 'ਚ 8 ਚੌਕੇ ਤੇ 3 ਛੱਕੇ ਮਾਰੇ ਜਦੋਂਕਿ ਰਾਹੁਲ ਨੇ 48 ਗੇਂਦਾਂ ਦਾ ਸਾਹਮਣਾ ਕਰਦੇ ਹੋਏ 6 ਚੌਕੇ ਅਤੇ 2 ਛੱਕੇ ਜੜੇ। ਹਾਰਦਿਕ ਪੰਡਯ ਤੇ ਰਿਸ਼ਭ ਪੰਤ ਨੇ ਤੀਜੀ ਵਿਕਟ ਲਈ 3.3 ਓਵਰਾਂ ਵਿਚ 63 ਦੌੜਾਂ ਦੀ ਤੇਜ਼ਤਰਾਰ ਸਾਂਝੇਦਾਰੀ ਕੀਤੀ, ਜਿਸ ਨਾਲ ਭਾਰਤ ਨੇ ਅੰਤਿਮ 9 ਓਵਰਾਂ ਵਿਚ 119 ਦੌੜਾਂ ਬਣਾਈਆਂ। ‘ਕਰੋ ਜਾਂ ਮਰੋ’ ਦੇ ਇਸ ਮੁਕਾਬਲੇ ਵਿਚ ਅਫਗਾਨਿਸਤਾਨ ਦਾ ਕੋਈ ਵੀ ਗੇਂਦਬਾਜ਼ ਭਾਰਤ ਦੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਨਹੀਂ ਕਰ ਸਕਿਆ।


ਅਫਗਾਨਿਸਤਾਨ ਦੇ ਕਪਤਾਨ ਮੁਹੰਮਦ ਨਬੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਲੋਕੇਸ਼ ਰਾਹੁਲ ਤੇ ਰੋਹਿਤ ਸ਼ਰਮਾ ਨੇ ਭਾਰਤ ਨੂੰ ਤੇਜ਼ ਸ਼ੁਰੂਆਤ ਦਿਵਾਈ। ਰੋਹਿਤ ਨੇ ਨਬੀ ਦੇ ਪਹਿਲੇ ਓਵਰ ਵਿਚ ਚੌਕਾ ਮਾਰਨ ਤੋਂ ਬਾਅਦ ਖੱਬੇ ਹੱਥ ਦੇ ਸਪਿਨਰ ਸ਼ਰਾਫੁਦੀਨ ਅਸ਼ਰਫ 'ਤੇ ਵੀ ਚੌਕਾ ਮਾਰਿਆ। ਰਾਹੁਲ ਨੇ ਵੀ ਸ਼ਰਾਫੁਦੀਨ ਦੀਆਂ ਲਗਾਤਾਰ ਗੇਂਦਾਂ ਉੱਤੇ ਛੱਕਾ ਤੇ ਚੌਕਾ ਜੜਿਆ। ਰੋਹਿਤ ਨੇ 5ਵੇਂ ਓਵਰ ਵਿਚ ਤੇਜ਼ ਗੇਂਦਬਾਜ਼ ਨਵੀਨ ਉਲ-ਹੱਕ ਉੱਤੇ 2 ਚੌਕਿਆਂ ਤੇ ਇਕ ਛੱਕੇ ਨਾਲ 17 ਦੌੜਾਂ ਬਣਾਈਆਂ ਤੇ ਟੀਮ ਦਾ ਸਕੋਰ 50 ਦੌੜਾਂ ਦੇ ਪਾਰ ਪਹੁੰਚਾਇਆ। ਭਾਰਤ ਨੇ ਪਾਵਰ ਪਲੇਅ 'ਚ ਬਿਨਾਂ ਵਿਕਟ ਗਵਾਏ 53 ਦੌੜਾਂ ਬਣਾਈਆਂ, ਜੋ ਟੂਰਨਾਮੈਂਟ ਵਿਚ ਉਸ ਦਾ ਹੁਣ ਤੱਕ ਸੱਭ ਤੋਂ ਬਿਹਤਰ ਪ੍ਰਦਰਸ਼ਨ ਹੈ। ਰੋਹਿਤ ਅਤੇ ਰਾਹੁਲ ਨੂੰ ਮੱਧ ਦੇ ਓਵਰਾਂ ਵਿਚ ਵੀ ਸਟਰਾਇਕ ਰੋਟੇਟ ਕਰਨ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਈ ਤੇ ਦੋਵਾਂ ਨੇ ਖਰਾਬ ਗੇਂਦ ਨੂੰ ਸਬਕ ਸਿਖਾਉਣ ਵਿਚ ਵੀ ਕੋਈ ਕਸਰ ਨਹੀਂ ਵਰਤੀ।


ਰੋਹਿਤ ਨੇ 12ਵੇਂ ਓਵਰ ਵਿਚ ਨਵੀਨ 'ਤੇ ਚੌਕੇ ਦੇ ਨਾਲ 37 ਗੇਂਦਾਂ ਵਿਚ ਅਰਧ ਸੈਂਕੜਾ ਪੂਰਾ ਕੀਤਾ। ਰਾਹੁਲ ਨੇ ਇਸ ਓਵਰ ਵਿਚ ਛੱਕੇ ਦੇ ਨਾਲ ਟੀਮ ਦਾ ਸਕੋਰ 100 ਦੌੜਾਂ ਦੇ ਪਾਰ ਪਹੁੰਚਾਇਆ। ਰਾਹੁਲ ਨੇ ਅਗਲੇ ਓਵਰ ਵਿਚ ਗੁਲਬਦੀਨ ਉੱਤੇ ਚੌਕੇ ਨਾਲ 35 ਗੇਂਦਾਂ ਵਿਚ ਅਰਧ ਸੈਂਕੜਾ ਪੂਰਾ ਕੀਤਾ। ਰੋਹਿਤ ਨੇ 14ਵੇਂ ਓਵਰ ਵਿਚ ਸਟਾਰ ਲੈਗ ਸਪਿਨਰ ਰਾਸ਼ਿਦ 'ਤੇ ਲਗਾਤਾਰ 2 ਛੱਕੇ ਜੜੇ। ਨਬੀ ਨੇ ਇਸ ਸਾਂਝੇਦਾਰੀ ਨੂੰ ਤੋੜਨ ਲਈ 15ਵੇਂ ਓਵਰ ਵਿਚ ਗੇਂਦ ਕਰੀਮ ਜੰਨਤ ਨੂੰ ਦਿੱਤੀ। ਰਾਹੁਲ ਨੇ ਇਸ ਤੇਜ਼ ਗੇਂਦਬਾਜ਼ ਦਾ ਸਵਾਗਤ ਚੌਕੇ ਦੇ ਨਾਲ ਕੀਤਾ ਪਰ ਰੋਹਿਤ ਨੇ ਐਕਸਟਰਾ ਕਵਰ ਉੱਤੇ ਨਬੀ ਨੂੰ ਕੈਚ ਦੇ ਦਿੱਤਾ। ਗੁਲਬਦੀਨ ਨੇ ਇਸ ਤੋਂ ਬਾਅਦ ਰਾਹੁਲ ਨੂੰ ਬੋਲਡ ਕਰ ਕੇ ਭਾਰਤ ਨੂੰ ਦੂਜਾ ਝਟਕਾ ਦਿੱਤਾ। ਪੰਤ ਨੇ ਇਸ ਓਵਰ ਵਿਚ ਲਗਾਤਾਰ 2 ਛੱਕਿਆਂ ਨਾਲ ਤੇਵਰ ਦਿਖਾਏ, ਜਦੋਂਕਿ ਹਾਰਦਿਕ ਪੰਡਯਾ ਨੇ ਹਾਮਿਦ 'ਤੇ 3 ਚੌਕੇ ਲਗਾਏ। ਨਵੀਨ ਦੇ ਅਗਲੇ ਓਵਰ 'ਚ ਨਜੀਬੁੱਲਾਹ ਜਾਦਰਾਨ ਨੇ ਪੰਡਯਾ ਦਾ ਕੈਚ ਫੜਿਆ। ਪੰਡਯਾ ਨੇ ਜੀਵਨਦਾਨ ਦਾ ਫਾਇਦਾ ਚੁੱਕਦੇ ਹੋਏ ਨਵੀਨ 'ਤੇ 2 ਛੱਕਿਆਂ ਨਾਲ 19 ਦੌੜਾਂ ਬਣਾਈਆਂ। ਇਸ ਤੇਜ਼ ਗੇਂਦਬਾਜ਼ ਨੇ 4 ਓਵਰ ਵਿਚ 59 ਦੌੜਾਂ ਲੁਟਾਈਆਂ। ਪੰਤ ਨੇ ਅੰਤਿਮ ਓਵਰ ਵਿਚ ਹਾਮਿਦ ਦੀਆਂ ਲਗਾਤਾਰ ਗੇਂਦਾਂ 'ਤੇ ਚੌਕੇ ਤੇ ਛੱਕਿਆਂ ਨਾਲ ਟੀਮ ਦਾ ਸਕੋਰ 200 ਦੌੜਾਂ ਦੇ ਪਾਰ ਪਹੁੰਚਾਇਆ।

 

ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੀ ਮਾਸੂਮ ਧੀ ਬਾਰੇ ਗਲਤ ਟਿੱਪਣੀਆਂ ਕਰਨ ਵਾਲੇ ਬੀਮਾਰ ਮਾਨਸਿਕਤਾ ਵਾਲੇ : ਮਨੀਸ਼ਾ ਗੁਲਾਟੀ


 


ਇਹ ਖ਼ਬਰ ਪੜ੍ਹੋ- T20 WC, IND v AFG : 10 ਓਵਰਾਂ ਦੀ ਖੇਡ ਖਤਮ, ਭਾਰਤ ਦਾ ਸਕੋਰ 85/0

ਪਲੇਇੰਗ ਇਲੈਵਨ- 

ਅਫਗਾਨਿਸਤਾਨ : ਹਜ਼ਰਤੁੱਲਾ ਜ਼ਜ਼ਈ, ਮੁਹੰਮਦ ਸ਼ਹਿਜ਼ਾਦ (ਵਿਕਟਕੀਪਰ), ਰਹਿਮਾਨਉੱਲ੍ਹਾ ਗੁਰਬਾਜ਼, ਨਜੀਬੁੱਲਾ ਜ਼ਾਦਰਾਨ, ਮੁਹੰਮਦ ਨਬੀ (ਕਪਤਾਨ), ਗੁਲਬਦੀਨ ਨਾਇਬ, ਸ਼ਰਫੂਦੀਨ ਅਸ਼ਰਫ, ਰਾਸ਼ਿਦ ਖਾਨ, ਕਰੀਮ ਜਨਤ, ਨਵੀਨ-ਉਲ-ਹੱਕ, ਹਾਮਿਦ ਹਸਨ

ਭਾਰਤ : ਕੇ. ਐੱਲ. ਰਾਹੁਲ, ਰੋਹਿਤ ਸ਼ਰਮਾ, ਵਿਰਾਟ ਕੋਹਲੀ (ਕਪਤਾਨ), ਸੂਰਯਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 
 

Gurdeep Singh

This news is Content Editor Gurdeep Singh