ਭਾਰਤ ਬਨਾਮ ਸ਼੍ਰੀਲੰਕਾ : ਕੀ ਸ਼੍ਰੀਲੰਕਾ ਨੇ ਕੀਤੀ ਬੇਈਮਾਨੀ, ਕਿਸ ਨੇ ਕੀਤਾ ਡੀ.ਆਰ.ਐੱਸ. ਦਾ ਇਸ਼ਾਰਾ?

11/19/2017 1:10:31 PM

ਕੋਲਕਾਤਾ, (ਬਿਊਰੋ)— ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਅੱਜ ਇੱਥੇ ਜਾਰੀ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਇਕ ਅਜਿਹੀ ਘਟਨਾ ਹੋਈ ਜਿਸ ਨੂੰ ਦੇਖ ਕੇ ਲਗਦਾ ਹੈ ਕਿ ਬੱਲੇਬਾਜ਼ ਦਿਲਰੂਵਾਨ ਪਰੇਰਾ ਨੇ ਬੇਈਮਾਨੀ ਕੀਤੀ। ਦਰਅਸਲ ਸ਼ਮੀ ਦੀ ਗੇਂਦ 'ਤੇ ਪਰੇਰਾ ਦੇ ਖਿਲਾਫ ਐੱਲ.ਬੀ.ਡਬਲਯੂ. ਦੀ ਅਪੀਲ ਹੋਈ ਅਤੇ ਅੰਪਾਇਰ ਨੇ ਉਨ੍ਹਾਂ ਨੂੰ ਆਊਟ ਵੀ ਦੇ ਦਿੱਤਾ। ਪਰੇਰਾ ਵਾਪਸ ਮੁੜ ਕੇ ਜਾਣ ਲੱਗੇ ਪਰ ਅਚਾਨਕ ਮੁੜ ਕੇ ਉਨ੍ਹਾਂ ਨੇ ਡੀ.ਆਰ.ਐੱਸ. ਮੰਗ ਲਿਆ। ਪਰੇਰਾ ਨੇ ਜਿਸ ਤਰ੍ਹਾਂ ਨਾਲ ਇਸ ਮਾਮਲੇ 'ਚ ਰਿਵਿਊ ਲਿਆ ਉਹ ਹੈਰਾਨ ਕਰਨ ਵਾਲਾ ਸੀ। ਡੀ.ਆਰ.ਐੱਸ. ਨੇ ਉਨ੍ਹਾਂ ਨੂੰ ਨਾਟਆਊਟ ਕਰਾਰ ਦਿੱਤਾ ਕਿਉਂਕਿ ਗੇਂਦ ਆਫ ਸਟੰਪ ਦੇ ਬਾਹਰ ਪਿੱਚ ਦੀ ਸੀ।

ਪਰ ਵੇਖਣ ਵਾਲੀ ਗੱਲ ਇਹ ਸੀ ਕਿ ਪਰੇਰਾ ਪਹਿਲਾਂ ਮੁੜੇ ਅਤੇ ਫਿਰ ਜਾਣ ਲੱਗੇ ਫਿਰ ਅਚਾਨਕ ਬਾਊਂਡਰੀ ਦੇ ਕੋਲ ਬੈਠੇ ਟੀਮ ਸਟਾਫ ਵੱਲ ਵੇਖ ਕੇ ਮੁੜੇ ਅਤੇ ਡੀ.ਆਰ.ਐੱਸ. ਲੈ ਲਿਆ। ਦੱਸ ਦਈਏ ਕਿ ਭਾਰਤ ਨੇ ਅੱਜ ਸਵੇਰੇ ਤਿੰਨ ਵਿਕਟ ਲੈ ਕੇ ਮੈਚ 'ਚ ਵਾਪਸੀ ਕਰ ਲਈ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ 'ਚ ਵੀ ਡੀ.ਆਰ.ਐੱਸ. ਨੂੰ ਲੈ ਕੇ ਵਿਵਾਦ ਹੋਇਆ ਸੀ। ਆਸਟਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਆਊਟ ਹੋਣ ਦੇ ਬਾਅਦ ਡਰੈਸਿੰਗ ਰੂਮ ਵੱਲ ਵੇਖਿਆ ਸੀ ਅਤੇ ਫਿਰ ਡੀ.ਆਰ.ਐੱਸ. ਮੰਗਿਆ ਸੀ। ਕਪਤਾਨ ਕੋਹਲੀ ਨੇ ਇਸ ਦਾ ਵਿਰੋਧ ਕੀਤਾ ਸੀ। ਬਾਅਦ 'ਚ ਇਸ ਨੂੰ ਲੈ ਕੇ ਆਲੋਚਨਾ ਹੋਈ ਸੀ।