IND vs ENG : ਭਾਰਤ ਨੇ ਇੰਗਲੈਂਡ ਨੂੰ 66 ਦੌੜਾਂ ਨਾਲ ਹਰਾਇਆ

03/23/2021 9:32:42 PM

ਪੁਣੇ- ਅੰਤਰਰਾਸ਼ਟਰੀ ਵਨ ਡੇ ’ਚ ਡੈਬਿਊ ਕਰਨ ਵਾਲੇ ਕਰੁਣਾਲ ਪੰਡਯਾ ਤੇ ਪ੍ਰਸਿੱਧ ਕ੍ਰਿਸ਼ਣਾ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਪਹਿਲੇ ਮੈਚ ’ਚ ਇੰਗਲੈਂਡ ਨੂੰ 66 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ’ਚ 1-0 ਦੀ ਬੜ੍ਹਤ ਬਣਾ ਲਈ ਹੈ। ਖਰਾਬ ਫਾਰਮ ਕਾਰਣ ਦਬਾਅ ’ਚ ਚੱਲ ਰਹੇ ਸ਼ਿਖਰ ਧਵਨ ਦੀਆਂ 98 ਦੌੜਾਂ ਅਤੇ ਕਰੁਣਾਲ ਦੇ ਹਮਲਾਵਰ ਅਰਧ ਸੈਂਕੜੇ ਦੀ ਮਦਦ ਨਾਲ ਭਾਰਤ ਨੇ 5 ਵਿਕਟਾਂ ’ਤੇ 317 ਦੌੜਾਂ ਬਣਾਈਆਂ। ਕਰੁਣਾਲ ਨੇ 31 ਗੇਂਦਾਂ ’ਚ ਅਜੇਤੂ 58 ਦੌੜਾਂ ਬਣਾਈਆਂ, ਜੋ ਅੰਤਰਰਾਸ਼ਟਰੀ ਕ੍ਰਿਕਟ ’ਚ ਡੈਬਿਊ ’ਤੇ ਕਿਸੇ ਭਾਰਤੀ ਬੱਲੇਬਾਜ਼ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਜਵਾਬ ’ਚ ਇੰਗਲੈਂਡ ਦੀ ਸ਼ੁਰੂਆਤ ਬੇਹੱਦ ਚੰਗੀ ਰਹੀ ਪਰ ਪਹਿਲਾ ਵਿਕਟ ਡਿੱਗਣ ਤੋਂ ਬਾਅਦ ਟੀਮ ਸੰਭਲ ਹੀ ਨਹੀਂ ਸਕੀ ਅਤੇ 42.1 ਓਵਰਾਂ ’ਚ 251 ਦੌੜਾਂ ’ਤੇ ਆਊਟ ਹੋ ਗਈ। ਕ੍ਰਿਸ਼ਣਾ ਨੇ 54 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ, ਜੋ ਅੰਤਰਰਾਸ਼ਟਰੀ ਕ੍ਰਿਕਟ ’ਚ ਡੈਬਿਊ ’ਤੇ ਕਿਸੇ ਭਾਰਤੀ ਗੇਂਦਬਾਜ਼ ਦਾ ਸਭ ਤੋਂ ਬਿਹਤਰ ਪ੍ਰਦਰਸ਼ਨ ਹੈ।


ਇੰਗਲੈਂਡ ਦਾ ਸਕੋਰ 15ਵੇਂ ਓਵਰ ’ਚ ਬਿਨਾਂ ਕਿਸੇ ਨੁਕਸਾਨ ਦੇ 135 ਦੌੜਾਂ ਸੀ ਪਰ ਕ੍ਰਿਸ਼ਣਾ ਅਤੇ ਸ਼ਾਰਦੁਲ ਠਾਕੁਰ ਨੇ ਮੈਚ ਦੀ ਤਸਵੀਰ ਹੀ ਬਦਲ ਦਿੱਤੀ। ਸ਼ਾਰਦੁਲ ਠਾਕੁਰ ਨੇ 37 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਇੰਗਲੈਂਡ ਲਈ ਜਾਨੀ ਬੇਅਰਸਟੋ ਨੇ 66 ਗੇਂਦਾਂ ’ਚ 94 ਦੌੜਾਂ ਬਣਾਈਆਂ ਅਤੇ ਜੇਸਨ ਰਾਏ ਨੇ 35 ਗੇਂਦਾਂ ’ਚ 46 ਦੌੜਾਂ ਜੋੜ ਕੇ ਵਧੀਆ ਸ਼ੁਰੂਆਤ ਕੀਤੀ। ਕ੍ਰਿਸ਼ਣਾ ਨੇ ਪਹਿਲੇ 3 ਓਵਰਾਂ ’ਚ 37 ਦੌੜਾਂ ਦਿੱਤੀਆਂ ਪਰ ਬਾਅਦ ’ਚ ਚੰਗੀ ਵਾਪਸੀ ਕਰਦੇ ਹੋਏ ਇੰਗਲੈਂਡ ਦੀ ਪਾਰੀ ਦੀ ਕਮਰ ਤੋੜ ਦਿੱਤੀ। ਇਸ ਤੋਂ ਪਹਿਲਾਂ ਭਾਰਤ ਲਈ ਧਵਨ ਅਤੇ ਵਿਰਾਟ ਕੋਹਲੀ ਨੇ ਦੂਜੇ ਵਿਕਟ ਲਈ 105 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਕਰੁਣਾਲ ਅਤੇ ਲੋਕੇਸ਼ ਰਾਹੁਲ ਨੇ ਅਜੇਤੂ ਸਾਂਝੇਦਾਰੀ ਕਰ ਕੇ 57 ਗੇਂਦਾਂ ’ਚ 112 ਦੌੜਾਂ ਜੋੜੀਆਂ।


ਪਹਿਲਾਂ ਬੱਲੇਬਾਜ਼ੀ ਲਈ ਭੇਜੇ ਜਾਣ ’ਤੇ ਰੋਹੀਤ ਸ਼ਰਮਾ ਅਤੇ ਧਵਨ ਨੇ ਪਹਿਲੀ ਵਿਕਟ ਲਈ 64 ਦੌੜਾਂ ਜੋੜੀਆਂ। ਧਵਨ ਨੇ 7ਵੇਂ ਅਤੇ ਰੋਹਿਤ ਨੇ 9ਵੇਂ ਓਵਰ ਵਿੱਚ ਲਗਾਤਾਰ 2 ਚੌਕੇ ਲਗਾਏ । ਟੀ-20 ਟੀਮ 'ਚ ਆਪਣੀ ਜਗ੍ਹਾ ਗੁਆ ਚੁਕੇ ਧਵਨ ਦੇ ਕੈਰੀਅਰ ਨੂੰ ਮੰਨੋ ਇਸ ਪਾਰੀ ਵਲੋਂ ਸੰਜੀਵਨੀ ਮਿਲ ਗਈ । ਇਸ ਦੇ ਬਾਅਦ ਕੋਹਲੀ ਕਰੀਜ਼ ਉੱਤੇ ਆਏ ਅਤੇ 17ਵੀਆਂ ਗੇਂਦ ਉੱਤੇ ਪਹਿਲਾ ਚੌਕਾ ਲਗਾਇਆ ।


ਉਧਰ ਧਵਨ ਨੇ 68 ਗੇਂਦ ਵਿੱਚ ਅਰਧ ਸੈਂਕੜਾ ਪੂਰਾ ਕੀਤਾ । ਉਨ੍ਹਾਂ ਨੂੰ ਇਕ ਜੀਵਨਦਾਨ ਵੀ ਮਿਲਿਆ ਜਦੋਂ ਆਦਿਲ ਰਸ਼ੀਦ ਦੀ ਗੇਂਦ ਉੱਤੇ ਡੀਪ ਮਿਡ ਵਿਕਟ 'ਚ ਮੋਇਨ ਅਲੀ ਨੇ ਉਨ੍ਹਾਂ ਦਾ ਆਸਾਨ ਕੈਚ ਛੱਡਿਆ । ਕੋਹਲੀ ਨੇ ਆਪਣਾ 61ਵਾਂ ਵਨ ਡੇ ਅਰਧ ਸੈਂਕੜਾ 50 ਗੇਂਦਾਂ ਵਿਚ ਪੂਰਾ ਕੀਤਾ । ਹਾਰਦਿਕ ਪੰਡਯਾ ਵੀ ਸਟੋਕਸ ਦਾ ਸ਼ਿਕਾਰ ਬਣੇ । ਆਖਰੀ ਓਵਰਾਂ ਵਿੱਚ ਕਰੁਣਾਲ ਅਤੇ ਰਾਹੁਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਕੇ ਭਾਰਤ ਨੂੰ 300 ਦੇ ਪਾਰ ਪਹੁੰਚਾਇਆ ।

ਭਾਰਤੀ ਟੀਮ : ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ (ਕਪਤਾਨ), ਕੇ. ਐੱਲ. ਰਾਹੁਲ (ਵਿਕਟਕੀਪਰ), ਸ਼੍ਰੇਅਸ ਅਈਅਰ, ਹਾਰਦਿਕ ਪੰਡਯਾ, ਕਰੂਨਾਲ ਪੰਡਯਾ, ਸ਼ਾਰਦੁਲ ਠਾਕੁਰ, ਭੁਵਨੇਸ਼ਵਰ ਕੁਮਾਰ ਤੇ ਪ੍ਰਸਿੱਧ ਕ੍ਰਿਸ਼ਣਾ।

ਇੰਗਲੈਂਡ ਦੀ ਟੀਮ : ਜੇਸਨ ਰਾਏ, ਜੋਨੀ ਬੇਅਰਸਟ੍ਰਾਅ, ਈਓਨ ਮਾਰਗਨ (ਕਪਤਾਨ), ਜੋਸ ਬਟਲਰ (ਵਿਕਟਕੀਪਰ), ਸੈਮ ਬਿਲਿੰਗਸ, ਮੋਈਨ ਅਲੀ, ਸੈਮ ਕੁਰਨਾ, ਟਾਮ ਕੁਰਨ, ਆਦਿਲ ਰਾਸ਼ਿਦ, ਮਾਰਕ ਵੁੱਡ।

Tarsem Singh

This news is Content Editor Tarsem Singh