ਏਸ਼ੀਅਨ ਖੇਡਾਂ 'ਚ 524 ਮੈਂਬਰੀ ਦਲ ਨਾਲ ਉਤਰੇਗਾ ਭਾਰਤ

07/03/2018 6:50:20 PM

ਨਵੀਂ ਦਿੱਲੀ : ਭਾਰਤੀ ਓਲੰਪਿਕ ਸੰਘ ਨੇ ਇੰਡੋਨੇਸ਼ੀਆ ਦੇ ਜਕਾਰਤਾ 'ਚ ਹੋਣ ਵਾਲੇ 18ਵੇਂ ਏਸ਼ੀਅਨ ਖੇਡਾਂ ਲਈ ਮੰਗਲਵਾਰ ਨੂੰ 524 ਮੈਂਬਰੀ ਭਾਰਤੀ ਦਲ ਉਤਾਰਨ ਦਾ ਐਲਾਨ ਕੀਤਾ ਜਿਸ 'ਚ 36 ਅਲੱਗ ਖੇਡਾਂ 'ਚ ਐਥਲੀਟ ਤਮਗਿਆਂ ਲਈ ਆਪਣਾ ਦਾਅਵਾ ਪੇਸ਼ ਕਰਨਗੇ। ਇੰਡੋਨੇਸ਼ੀਆ ਦੇ ਜਕਾਰਤਾ ਅਤੇ ਪਾਲੇਮਬਾਂਗ 'ਚ 18 ਅਗਸਤ ਤੋਂ 2 ਸਤੰਬਰ ਤੱਕ ਚਲਣ ਵਾਲੀਆਂ ਏਸ਼ੀਅਨ ਖੇਡਾਂ 'ਚ ਭਾਰਤ ਦਾ ਕੁਲ 524 ਮੈਂਬਰੀ ਦੱਲ ਹਿੱਸਾ ਲਵੇਗਾ ਜਿਸ 'ਚ 277 ਪੁਰਸ਼ ਅਤੇ 247 ਮਹਿਲਾ ਐਥਲੀਟ ਸ਼ਾਮਲ ਹਨ। ਆਈ.ਓ.ਏ. ਨੇ ਦੱਸਿਆ ਕਿ ਸਾਰੇ ਐਥਲੀਟ ਤੀਰਅੰਦਾਜ਼ੀ, ਐਥਲੈਟਿਕਸ, ਵਾਸਕੇਬਾਲ, ਹਾਕੀ, ਕਬੱਡੀ, ਵੁਸ਼ੂ, ਕੁਸ਼ਤੀ ਸਮੇਤ ਕੁਲ 36 ਖੇਡਾਂ 'ਚ ਹਿੱਸਾ ਲੈਣਗੇ। ਅਲੱਗ-ਅਲੱਗ ਖੇਡਾਂ 'ਚ ਭਾਰਤ ਦਾ ਐਥਲੈਟਿਕਸ ਦਲ ਸਭ ਤੋਂ ਵੱਡਾ ਹੈ ਜਿਸ 'ਚ ਕੁਲ 52 ਐਥਲੀਟ ਸ਼ਾਮਲ ਹਨ। ਇਸ ਤੋਂ ਪਹਿਲਾਂ ਜੂਨ 'ਚ ਆਈ.ਓ.ਏ. ਨੇ ਖੇਡ ਮੰਤਰਾਲੇ ਨੂੰ ਕੁਲ 2370 ਐਥਲੀਟ ਅਤੇ ਖਿਡਾਰੀਆਂ ਦੀ ਅਸਥਾਈ ਸੂਚੀ ਭੇਜੀ ਸੀ ਜਿਸ 'ਚੋਂ ਆਖਰੀ ਸੂਚੀ 'ਚ 524 ਮੈਂਬਰੀ ਦਲ ਨੂੰ ਚੁਣਿਆ ਗਿਆ ਹੈ। ਇਨ੍ਹਾਂ ਚੁਣੇ ਹੋਏ ਖਿਡਾਰੀਆਂ 'ਚ ਸਾਰਿਆਂ ਨੇ ਆਪਣੀਆਂ-ਆਪਣੀਆਂ ਖੇਡਾਂ 'ਚ ਕੁਆਲੀਫਿਕੇਸ਼ਨ ਦੇ ਮਾਪ ਦੰਡਾਂ ਨੂੰ ਪੂਰਾ ਕੀਤਾ ਹੈ। ਸਾਲ 2014 ਦੇ ਇੰਚਯੋਨ ਏਸ਼ੀਅਨ ਖੇਡਾਂ 'ਚ ਭਾਰਤ ਨੇ 28 ਖੇਡਾਂ 'ਚ 541 ਮੈਂਬਰੀ ਦਲ ਭੇਜਿਆ ਸੀ। ਪਰ ਇਸ ਵਾਰ 8 ਨਵੀਆਂ ਖੇਡਾਂ ਦੇ ਐਥਲੀਟਾਂ ਨੂੰ ਵੀ ਦਲ 'ਚ ਸ਼ਾਮਲ ਕੀਤਾ ਗਿਆ ਹੈ। ਜਿਸ 'ਚ ਕਰਾਟੇ, ਕੁਰਾਸ਼, ਪੈਨਕਾਕ ਸਿਲਾਟ, ਰੋਲਰ ਸਕੇਟਿੰਗ, ਸਾਂਬੋ, ਸੇਪਾਕਟਾਕਰਾ, ਟ੍ਰਾਇਥਲਨ ਅਤੇ ਸਾਫਟ ਟੈਨਿਸ ਸ਼ਾਮਲ ਹਨ।